ਕੰਪਨੀ ਪ੍ਰਬੰਧਕਾਂ ਨੇ ਪੁਲਿਸ ਦੀ ਮੱਦਦ ਨਾਲ ਹੜਤਾਲੀ ਕਾਮਿਆਂ ਤੋਂ ਐਂਬੂਲੈਂਸ ਦੀਆਂ ਚਾਬੀਆਂ ਲਈਆਂ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਕੰਪਨੀ ਦੇ ਕਥਿਤ ਮਾੜੇ ਰਵੱਈਏ ਤੇ ਅਪਣੀਆਂ ਤਨਖ਼ਾਹਾਂ ਵਿਚ ਵਾਧੇ ਤੋਂ ਇਲਾਵਾ ਹੋਰਨਾਂ ਮੰਗਾਂ ਨੂੰ ਲੈ ਕੇ 108 ਐਂਬੂਲੈਂਸ ਕਾਮਿਆਂ ਵਲੋਂ ਸ਼ੁਰੂ ਕੀਤੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਹਾਲਾਂਕਿ ਬੀਤੀ ਦੇਰ ਸ਼ਾਮ ਕੰਪਨੀ ਪ੍ਰਬੰਧਕਾਂ ਨੇ ਪੁਲਿਸ ਮੁਲਾਜਮਾਂ ਦੀਆਂ ਮੱਦਦ ਨਾਲ ਹੜਤਾਲੀ ਕਾਮਿਆਂ ਕੋਲੋ ਦਸ ਐਂਬੂਲੈਂਸਾਂ ਦੀਆਂ ਚਾਬੀਆਂ ਹਾਸਲ ਕਰ ਲਈਆਂ ਸਨ। ਉਧਰ ਪ੍ਰਦਰਸ਼ਨ ਕਰ ਰਹੇ ਕਾਮਿਆਂ ਦੇ ਹੱਕ ਵਿਚ ਸਥਾਨਕ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਪੁੱਜ ਕੇ ਹਿਮਾਇਤ ਕਰਦਿਆਂ ਸਰਕਾਰ ਨੂੰ ਤੁਰੰਤ ਮਸਲੇ ਦੇ ਹੱਲ ਦੀ ਅਪੀਲ ਕੀਤੀ। ਦਸਣਾ ਬਣਦਾ ਹੈ ਕਿ ਇਸ ਹੜਤਾਲ ਕਾਰਨ ਬਠਿੰਡਾ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਵਿਚ ਵੀ ਸਰਕਾਰੀ ਐਂਬੂਲੈਂਸਾਂ ਰਾਹੀ ਮਰੀਜ਼ਾਂ ਨੂੰ ਇਧਰ ਉਧਰ ਲਿਜਾਣ ਦਾ ਕੰਮ ਰੁਕ ਗਿਆ ਹੈ। ਹੜਤਾਲੀ ਕਾਮਿਆਂ ਨੇ ਇਸ ਮੌਕੇ ਮੰਗ ਕਰਦੇ ਹੋਏ ਕਿਹਾ ਕਿ ਮੌਜੂਦਾ ਕੰਪਨੀ ਦੀ ਬਜਾਏ ਸਰਕਾਰ ਉਨ੍ਹਾਂ ਅਪਣੇ ਅਧੀਨ ਲਿਆਵੇ ਜਾਂ ਫਿਰ ਐਂਬੂਲੈਂਸਾਂ ਚਲਾਉਣ ਦਾ ਠੇਕਾ ਕਿਸੇ ਹੋਰ ਕੰਪਨੀ ਨੂੰ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਮੁਲਾਜਮਾਂ ਨੂੰ ਤਨਖ਼ਾਹ ਬਹੁਤ ਘੱਟ ਦਿੱਤੀ ਜਾਂਦੀ ਹੈ।
108 ਐਂਬੂਲੈਂਸ ਮੁਲਾਜਮਾਂ ਦੀ ਹੜਤਾਲ ਤੀਜ਼ੇ ਦਿਨ ਵੀ ਜਾਰੀ
8 Views