ਸੁਖਜਿੰਦਰ ਮਾਨ
ਬਠਿੰਡਾ, 8 ਜਨਵਰੀ: ਪਿਛਲੇ ਚਾਰ ਦਿਨਾਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ 108 ਐਂਬੂਲੈਂਸ ਕਾਮਿਆਂ ਨੇ ਅੱਜ ਪੰਜਾਬ ਭਰ ਤੋਂ ਇਕੱਠੇ ਹੋ ਕੇ ਬਠਿੰਡਾ ’ਚ ਮੋਰਚਾ ਖੋਲ ਦਿੱਤਾ ਹੈ। ਨਿੱਜੀ ਕੰਪਨੀ ਅਧੀਨ ਕੰਮ ਕਰ ਰਹੇ ਇੰਨ੍ਹਾਂ ਕਾਮਿਆਂ ਨੇ ਅਪਣੀਆਂ ਐਂਬੂਲੈਂਸਾਂ ਵੀ ਬਠਿੰਡਾ ਵਿਚ ਲਿਆ ਕੇ ਖ਼ੜੀਆਂ ਕਰ ਦਿੱਤੀਆਂ ਹਨ ਜਦੋਂਕਿ ਇਸ ਤੋਂ ਪਹਿਲਾਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਕਰਮਚਾਰੀ ਹੀ ਸੰਘਰਸ਼ ਕਰ ਰਹੇ ਸਨ। ਇਸ ਮੌਕੇ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਤੇ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਅਪਣੀ ਲੜਾਈ ਸੜਕਾਂ ‘ਤੇ ਲੈ ਕੇ ਜਾਣਗੇ। ਉਨਾਂ੍ਹ ਮੰਗ ਕੀਤੀ ਕਿ ਸਮੂਹ ਕਰਮਚਾਰੀਆਂ ਨੂੰ ਠੇਕੇਦਾਰੀ ਸਿਸਟਮ ਵਿਚੋਂ ਕੱਢ ਕੇ ਪੰਜਾਬ ਸਰਕਾਰ ਦੇ ਅਧੀਨ ਲਿਆਂਦਾ ਜਾਵੇ ਜਾਂ ਫਿਰ ਕੰਪਨੀ ਨੂੰ ਬਦਲਿਆਂ ਜਾਵੇ। ਉਧਰ ਐਂਬੂਲੈਂਸਾਂ ਮੁਲਾਜਮਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਐਂਬੂਲੈਂਸਾਂ ਦਾ ਚੱਕਾ ਜਾਮ ਹੋਣ ਕਾਰਨ ਜਰੂਰਤ ਪੈਣ ’ਤੇ ਮਰੀਜ਼ਾਂ ਨੂੰ ਇੱਕ ਹਸਪਤਾਲ ਵਿਚੋਂ ਦੂਜੇ ਵਿਚ ਲਿਜਾਣ ਲਈ ਪ੍ਰਾਈਵੇਟ ਐਂਬੂਲੈਂਸਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
108 ਐਂਬੂਲੈਂਸ ਮੁਲਾਜਮਾਂ ਨੇ ਬਠਿੰਡਾ ’ਚ ਲਗਾਇਆ ਪੰਜਾਬ ਪੱਧਰੀ ਮੋਰਚਾ
7 Views