ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੋ ਦਿਨ ਪਹਿਲਾਂ ਚੋਣ ਕਮਿਸ਼ਨ ਵਲੋਂ ਸੂਬੇ ’ਚ ਚੋਣ ਜਾਬਤਾ ਲਾਗੂ ਕਰਨ ਤੋਂ ਬਾਅਦ ਸੱਤਾਧਾਰੀ ਧਿਰ ਦੇ ਚਹੇਤੇ ਮੰਨੇ ਜਾਂਦੇ ਬਠਿੰਡਾ ’ਚ ਤੈਨਾਤ ਕਈ ਅਧਿਕਾਰੀ ਤੇ ਕਰਮਚਾਰੀ ਵਿਰੋਧੀਆਂ ਦੀ ਹਿੱਟ ਲਿਸਟ ’ਤੇ ਆ ਗਏ ਹਨ। ਪਿਛਲੇ ਸਮੇਂ ਦੌਰਾਨ ਚਰਚਾ ਵਿਚ ਰਹੇ ਇੰਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਗਤੀਵਿਧੀਆਂ ’ਤੇ ਹੁਣ ਵਿਰੋਧੀਆਂ ਨੇ ਤਿੱਖੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਵਿਰੋਧੀ ਧਿਰਾਂ ਵਲੋਂ ਅਜਿਹੇ ਅਧਿਕਾਰੀਆਂ ਦੀ ਲਿਸਟ ਤੇ ਉਨ੍ਹਾਂ ਦੀ ਕੁੱਝ ਸਿਆਸੀ ਆਗੂਆਂ ਨਾਲ ਨੇੜਤਾ ਦੇ ਸਬੂਤ ਇਕੱਤਰ ਕੀਤੇ ਜਾ ਰਹੇ ਹਨ। ਇਸਦੀ ਪੁਸ਼ਟੀ ਕਰਦਿਆਂ ਸੋ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦਾਅਵਾ ਕੀਤਾ ਕਿ ‘‘ਨਗਰ ਨਿਗਮ ਤੇ ਪੁਲਿਸ ਵਿਭਾਗ ਦੇ ਕੁੱਝ ਅਧਿਕਾਰੀ ਹਾਕਮ ਧਿਰ ਦੇ ਕੁੱਝ ਆਗੂਆਂ ਨਾਲ ਘਿਊ-ਖਿਚੜੀ ਹੋ ਕੇ ਕੰਮ ਕਰ ਰਹੇ ਹਨ ਜਦੋਂਕਿ ਉਨ੍ਹਾਂ ਨੂੰ ਸੰਵਿਧਾਨ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ’’ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਅਜਿਹੇ ਅਧਿਕਾਰੀਆਂ ਤੇ ਮੁਲਾਜਮਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਜੇਕਰ ਉਹ ਹੁਣ ਵੀ ਇੱਕ ਪਾਰਟੀ ਦੇ ਵਰਕਰ ਬਣਕੇ ਕੰਮ ਕਰਦੇ ਰਹੇ ਤਾਂ ਸਬੂਤਾਂ ਸਹਿਤ ਉਨ੍ਹਾਂ ਵਿਰੁਧ ਚੋਣ ਕਮਿਸ਼ਨ ਕੋਲ ਸਿਕਾਇਤ ਕੀਤੀ ਜਾਵੇਗੀ। ਉਧਰ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ‘‘ ਚੋਣਾਂ ਇੱਕ ਪਵਿੱਤਰ ਤਿਊਹਾਰ ਹਨ, ਜਿਸ ਵਿਚ ਹਰੇਕ ਅਧਿਕਾਰੀ ਤੇ ਕਰਮਚਾਰੀ ਵਲੋਂ ਨਿਰਪੱਖ ਹੋ ਕੇ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾ ਰਹੀ ਹੈ ਪ੍ਰੰਤੂ ਬਠਿੰਡਾ ਵਿਚ ਕੁੱਝ ਅਧਿਕਾਰੀ ਤੇ ਕਰਚਮਾਰੀ ਅਜਿਹੇ ਵੀ ਹਨ, ਜਿੰਨ੍ਹਾਂ ਦੀ ਪਿਛਲੇ ਸਮੇਂ ਦੌਰਾਨ ਪੱਖਪਾਤੀ ਭੂਮਿਕਾ ਰਹੀ ਹੈ ਤੇ ਅਜਿਹੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁਧ ਯਕੀਨੀ ਤੌਰ ’ਤੇ ਚੋਣ ਕਮਿਸ਼ਨ ਕੋਲ ਸਿਕਾਇਤ ਕੀਤੀ ਜਾਵੇਗੀ। ’’ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਇੰਨ੍ਹਾਂ ਅਧਿਕਾਰੀਆਂ ਵਿਚ ਅੱਧੀ ਦਰਜ਼ਨ ਦੇ ਕਰੀਬ ਪੁਲਿਸ ਅਧਿਕਾਰੀ ਵੀ ਸਾਮਲ ਹਨ, ਜਿਹੜੇ ਪੰਜਾਬ ਸਰਕਾਰ ਦੇ ਇੱਕ ਪ੍ਰਭਾਵਸ਼ਾਲੀ ਮੰਤਰੀ ਦੇ ਇਲਾਕੇ ’ਚ ਪਿਛਲੇ ਲੰਮੇ ਸਮੇਂ ਤੋਂ ਤੈਨਾਤ ਹਨ, ਜਿੰਨ੍ਹਾਂ ਵਿਚ ਤਿੰਨ ਗਜਟਿਡ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ ਬਠਿੰਡਾ ਨਗਰ ਨਿਗਮ ਵਿਚ ਤੈਨਾਤ ਕੁੱਝ ਅਧਿਕਾਰੀਆਂ ਦੇ ਨਾਮ ਵੀ ਲਏ ਜਾ ਰਹੇ ਹਨ, ਜਿੰਨ੍ਹਾਂ ਵਿਚ ਇੱਕ ਵਿਤ ਮੰਤਰੀ ਦੇ ਨਜਦੀਕੀ ਦਾ ‘ਅੱਖਾਂ ਦਾ ਤਾਰਾ’ ਮੰਨਿਆਂ ਜਾਂਦਾ ਰਿਹਾ ਹੈ। ਇਸਤੋਂ ਇਲਾਵਾ ਸਰਕਾਰ ਦੀ ‘ਅੱਖ ਤੇ ਕੰਨ’ ਮੰਨੇ ਜਾਣ ਵਾਲੇ ਵਿਭਾਗ ਵਿਚ ਤੈਨਾਤ ਇੱਕ ਮੁਲਾਜਮ ਦੀਆਂ ਸੱਤਾਧਾਰੀ ਧਿਰ ਦੇ ਇੱਕ ਆਗੂ ਨਾਲ ਪਿਛਲੇ ਦੋ ਸਾਲਾਂ ਦੀਆਂ ਫ਼ੋਟੋਆਂ ਦੇ ਸਕਰੀਨ ਸ਼ਾਟ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਇੱਕ ਨਜਦੀਕੀ ਵਲੋਂ ਸੰਭਾਲ ਕੇ ਰੱਖੇ ਹੋਏ ਹਨ। ਸੂਤਰਾਂ ਨੇ ਤਾਂ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਐਕਸਾਈਜ਼ ਮਹਿਕਮੇ ਦੇ ਇੱਕ ਅਧਿਕਾਰੀ ਦੀ ‘ਕੁੰਡਲੀ’ ਵੀ ਬਣਾਈ ਜਾ ਰਹੀ ਹੈ। ਇਸੇ ਤਰ੍ਹਾਂ ਪਾਵਰਕਾਮ ਤੇ ਲੋਕ ਨਿਰਮਾਣ ਵਿਭਾਗ ਦੇ ਕੁੱਝ ਅਧਿਕਾਰੀ ਤੇ ਮੁਲਾਜਮਾਂ ’ਤੇ ਵਿਰੋਧੀਆਂ ਵਲੋਂ ਉਗਲ ਚੁੱਕੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੇ ਇੰਨ੍ਹਾਂ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ‘‘ ਕਾਂਗਰਸ ਪਾਰਟੀ ਨੇ ਕਦੇ ਵੀ ਚੋਣਾਂ ਜਿੱਤਣ ਲਈ ਗਲਤ ਤਰੀਕਾ ਨਹੀਂ ਵਰਤਿਆਂ ਤੇ ਪ੍ਰਸ਼ਾਸਨਿਕ ਅਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਿਹਾ ਹੈ। ’’
ਬਾਕਸ
ਚੋਣ ਅਮਲਾ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਅਪਣੀ ਭੂਮਿਕਾ ਨਿਭਾਏ: ਡੀਸੀ
ਬਠਿੰਡਾ: ਉਧਰ ਇਸ ਮੁੱਦੇ ’ਤੇ ਗਲ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਹਰੇਕ ਅਧਿਕਾਰੀ ਤੇ ਕਰਮਚਾਰੀ ਨੂੰ ਹਿਦਾਇਤ ਹੈ ਕਿ ਉਹ ਅਪਣੀ ਭੂਮਿਕਾ ਨਿਰਪੱਖ ਤਰੀਕੇ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਿਕਾਇਤ ਹੋਵੇ ਤਾਂ ਉਹ ਕਰ ਸਕਦਾ ਹੈ।
Share the post "ਚੋਣ ਜਾਬਤਾ ਲੱਗਣ ਤੋਂ ਬਾਅਦ : ਸੱਤਾਧਿਰ ਦੇ ‘ਚਹੇਤੇ’ ਮੰਨੇ ਜਾਣ ਵਾਲੇ ਅਧਿਕਾਰੀ ਆਏ ਵਿਰੋਧੀਆਂ ਦੀ ਹਿੱਟ ਲਿਸਟ ’ਤੇ!"