ਡੀਸੀ ਦੇ ਭਰਾ ਸਹਿਤ ਮੁੜ ਇੱਕ ਦਿਨ ’ਚ 203 ਕੇਸ ਮਿਲੇ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ :ਪਿਛਲੇ ਕੁੱਝ ਦਿਨਾਂ ਤੋਂ ਰਫ਼ਤਾਰ ਫ਼ੜਦੀ ਜਾ ਰਹੀ ਕਰੋਨਾ ਮਹਾਂਮਾਰੀ ਕਾਰਨ ਮੁੜ ਕੇਸਾਂ ਦੀ ਗਿਣਤੀ ਇਕਦਮ ਵਧ ਗਈ ਹੈ। ਬੀਤੇ ਕੱਲ ਜ਼ਿਲ੍ਹੇ ’ਚ 164 ਮਰੀਜ਼ ਮਿਲਣ ਤੋਂ ਬਾਅਦ ਅੱਜ ਇੰਨ੍ਹਾਂ ਦੀ ਗਿਣਤੀ ਵਧਕੇ 203 ਹੋ ਗਈ ਹੈ। ਅੱਜ ਨਵੇਂ ਮਿਲੇ ਮਰੀਜਾਂ ਵਿਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਭਰਾ ਵੀ ਦਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਫ਼ੌਜੀ ਛਾਉਣੀ, ਆਈ.ਜੀ. ਤੇ ਵੱਖ ਵੱਖ ਥਾਣਿਆਂ ਦੇ ਮੁਲਾਜਮਾਂ ਤੋਂ ਇਲਾਵਾ ਰਾਮਾ ਮੰਡੀ ਸਥਿਤ ਰਿਫ਼ਾਈਨਰੀ ਅਤੇ ਆਮ ਸ਼ਹਿਰੀ ਇਸਦੀ ਚਪੇਟ ਵਿਚ ਆ ਰਹੇ ਹਨ। ਉਧਰ ਸਿਹਤ ਵਿਭਾਗ ਨੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਕਰੋਨਾ ਟੈਸਟਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਕਰੋਨਾ ਮਰੀਜ਼ਾਂ ਦੀ ਗਿਣਤੀ ਅਚਾਨਕ ਵਧਣ ਕਾਰਨ ਆਮ ਲੋਕ ਸ਼ੱਕ ਪੈਣ ’ਤੇ ਨਾ ਸਿਰਫ਼ ਟੈਸਟ ਕਰਵਾਉਣ ਲਈ ਆ ਰਹੇ ਹਨ, ਬਲਕਿ ਜਿੰਨ੍ਹਾਂ ਦੇ ਕਰੋਨਾ ਟੀਕਾ ਨਹੀਂ ਲੱਗਿਆ, ਉਹ ਟੀਕਾਕਰਨ ਕੇਂਦਰਾਂ ਵਿਚ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਸੂਚਨਾ ਮੁਤਾਬਕ ਕਰੋਨਾ ਦੇ ਵਧਦੇ ਕੇਸਾਂ ਕਾਰਨ ਹੁਣ ਕਰੋਨਾ ਸੈਂਪਲਾਂ ਦੀਆਂ ਰੀਪੋਰਟਾਂ ਵੀ ਲੇਟ ਹੋਣ ਲੱਗੀਆਂ ਹਨ। ਲੈਬਾਂ ’ਤੇ ਵਧਦੇ ਦਬਾਅ ਕਾਰਨ ਸਿਹਤ ਵਿਭਾਗ ਵਲੋਂ ਹੋਰ ਇੰਤਜਾਮ ਕੀਤੇ ਜਾ ਰਹੇ ਹਨ।ਇੱਥੇ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼ੁਰੂ ਹੋਈ ਕਰੋਨਾ ਮਹਾਂਮਾਰੀ ਦੀ ਤੇਜ਼ੀ ਲਹਿਰ ਪਿਛਲੀਆਂ ਦੋ ਲਹਿਰਾਂ ਦੇ ਮੁਕਾਬਲੇ ਕਾਫ਼ੀ ਤੇਜੀ ਨਾਲ ਫ਼ੈਲ ਰਹੀ ਹੈ। ਮਾਹਰਾਂ ਨੇ ਦਸਿਆ ਕਿ ਪਹਿਲਾਂ ਦੋਨਾਂ ਲਹਿਰਾਂ ਵਿਚ ਕਰੋਨਾਂ ਦੇ ਇੰਨ੍ਹੇਂ ਕੇਸਾਂ ਦੇ ਵਧਣ ਵਿਚ ਕਾਫ਼ੀ ਸਮਾਂ ਲੱਗਿਆ ਸੀ ਪ੍ਰੰਤੂ ਹੁਣ ਇੱਕ ਤਿਹਾਈ ਕੇਸ ਪਾਜ਼ੀਟਿਵ ਆਉਣ ਲੱਗੇ ਹਨ। ਉਧਰ ਹੁਣ ਜ਼ਿਲ੍ਹੈ ਵਿਚ 800 ਦੇ ਕਰੀਬ ਕਰੋਨਾ ਪਾਜ਼ੀਟਿਵ ਦੇ ਗਤੀਸ਼ੀਲ ਕੇਸ ਹੋ ਗਏ ਹਨ। ਹਾਲਾਂਕਿ ਅੱਜ ਕਰੋਨਾ ਕਾਰਨ ਮੌਤ ਹੋਣ ਤੋਂ ਬਚਾਅ ਰਿਹਾ ਪ੍ਰੰਤੂ ਬੀਤੇ ਕੱਲ ਇਸਦੇ ਕਾਰਨ ਦੋ ਮੌਤਾਂ ਹੋ ਗਈਆਂ ਸਨ। ਉਜ ਰਾਹਤ ਦੀ ਗੱਲ ਇਹ ਵੀ ਹੈ ਕਿ ਜਿਆਦਾਤਰ ਕਰੋਨਾ ਮਰੀਜ਼ ਹਾਲੇ ਤਕ ਘਰਾਂ ਵਿਚ ਹੀ ਏਕਾਂਤਵਸ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਜਰੂਰਤ ਨਹੀਂ ਪੈ ਰਹੀ ਹੈ।
6 ਮਹੀਨਿਆਂ ਬਾਅਦ ਮੁੜ ਬਠਿੰਡਾ ’ਚ ਵਧਿਆ ਕਰੋਨਾ ਦਾ ਕਹਿਰ
11 Views