ਜੱਸੀ ਦੀ ਟਿਕਟ ਕੱਟੀ, ਮੰਜੂ ਬਾਂਸਲ ਨੂੰ ਦਿੱਤੀ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ : ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਕਾਂਗਰਸ ਦੀ ਜਾਰੀ ਸੂਚੀ ਵਿਚ ਅੱਜ ਬਠਿੰਡਾ ਪੱਟੀ ’ਚ ਪਾਰਟੀ ਨੇ ਪੁਰਾਣੇ ਆਗੂਆਂ ’ਤੇ ਹੀ ਵਿਸਵਾਸ਼ ਜਤਾਇਆ ਹੈ। ਹਾਲਾਂਕਿ ਪਿਛਲੀ ਵਾਰ ਮੋੜ ਹਲਕੇ ਤੋਂ ਚੋਣ ਲੜਣ ਵਾਲੇ ਹਰਮਿੰਦਰ ਸਿੰਘ ਜੱਸੀ ਦੀ ਟਿਕਟ ਇਸ ਵਾਰ ਕੱਟ ਦਿੱਤੀ ਗਈ ਹੈ। ਉਂਜ ਉਹ ਇਸ ਵਾਰ ਤਲਵੰਡੀ ਸਾਬੋ ਹਲਕੇ ਤੋਂ ਟਿਕਟ ਮੰਗ ਰਹੇ ਸਨ। ਪਾਰਟੀ ਨੇ ਮੌੜ ਤੋਂ ਮੰਜੂ ਬਾਂਸਲ ਨੂੰ ਟਿਕਟ ਦੇ ਕੇ ਨਿਵਾਜ਼ਿਆ ਹੈ। ਇਸ ਹਲਕੇ ਤੋਂ ਆਪ ਛੱਡ ਕੇ ਕਾਂਗਰਸ ਵਿਚ ਸਮੂਲੀਅਤ ਕਰਨ ਵਾਲੇ ਜਗਦੇਵ ਸਿੰਘ ਕਮਾਲੂ ਵੀ ਟਿਕਟ ਦੇ ਦਾਅਵੇਦਾਰ ਸਨ। ਪਾਰਟੀ ਵਲੋਂ ਜਾਰੀ 86 ਉਮੀਦਵਾਰਾਂ ਦੀ ਸੂਚੀ ਵਿਚ ਬਠਿੰਡਾ ਜ਼ਿਲ੍ਹੇ ਦੇ ਸਾਰੇ ਛੇ ਵਿਧਾਨ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਹਨ। ਇਸ ਸੂਚੀ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਤੋਂ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਹਾਲਾਂਕਿ ਉਨ੍ਹਾਂ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਨਹੀਂ ਸੀ, ਪ੍ਰੰਤੂ ਕਾਂਗਰਸ ਦਾ ਵਿਰੋਧ ਦੇਖਦਿਆਂ ਇਸ ਵਾਰ ਮੁਕਾਬਲਾ ਕਾਫ਼ੀ ਰੌਚਕ ਲੱਗ ਰਿਹਾ ਹੈ। ਇਸੇ ਤਰ੍ਹਾਂ ਭੁੱਚੋਂ ਮੰਡੀ ਤੋਂ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਟਿਕਟ ਦਿੱਤੀ ਗਈ ਹੈ। ਇਸ ਹਲਕੇ ਤੋਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵੀ ਟਿਕਟ ਦੀ ਮੰਗ ਕਰ ਰਹੇ ਸਨ। ਉਧਰ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਨੂੰ ਪਾਰਟੀ ਨੇ ਮੁੜ ਟਿਕਟ ਦਿੱਤੀ ਹੈ। ਉਨ੍ਹਾਂ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਸਿਆਸੀ ਤੌਰ ’ਤੇ ਛੱਤੀ ਦਾ ਅੰਕੜਾ ਚੱਲ ਰਿਹਾ ਹੈ, ਜਿਸ ਕਾਰਨ ਟਿਕਟ ਮਿਲਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਪ੍ਰੰਤੂ ਲਾਡੀ ਦੇ ਹੱਕ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਡਟ ਕੇ ਖ਼ੜ ਗਏ ਸਨ। ਉਧਰ ਪਹਿਲਾਂ ਕੈਪਟਨ ਖੇਮੇ ਦੇ ਮੰਨੇ ਜਾਣ ਕਾਰਨ ਮੰਤਰੀ ਮੰਡਲ ਵਿਚੋਂ ਹਟਾਏ ਜਾਣ ਦੇ ਬਾਵਜੂਦ ਰਾਮਪੁਰਾ ਫੂਲ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ’ਤੇ ਪਾਰਟੀ ਹਾਈਕਮਾਂਡ ਨੇ ਮੁੜ ਵਿਸਵਾਸ ਜਤਾਇਆ ਹੈ। ਉਧਰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ਼ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਕਿਸਮਤ ਅਜਮਾ ਚੁੱਕੇ ਖ਼ੁਸ਼ਬਾਜ ਸਿੰਘ ਜਟਾਣਾ ਨੂੰ ਮੁੜ ਮੌਕਾ ਦਿੱਤਾ ਗਿਆ ਹੈ। ਜਟਾਣਾ ਦੀ ਜਿੱਥੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਾਫ਼ੀ ਨੇੜਤਾ ਹੈ, ਉਥੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਚੌਧਰੀ ਨਾਲ ਵੀ ਦੋਸਤੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ।
ਬਠਿੰਡਾ ’ਚ ਕਾਂਗਰਸ ਨੇ ਜਤਾਇਆ ਪੁਰਾਣਿਆਂ ’ਤੇ ਵਿਸਵਾਸ਼
14 Views