ਪੰਜਾਬ ਲੋਕ ਕਾਂਗਰਸ ਵਲੋਂ ਸ਼ਹਿਰੀ ਸੀਟਾਂ ’ਤੇ ਦਾਅਵਾ, ਭਾਜਪਾ ਦਾ ਇੰਨਕਾਰ
ਕਈ ਥਾਂ ਤਿੰਨੋਂ ਪਾਰਟੀਆਂ ਅਪਣੇ ਉਮੀਦਵਾਰਾਂ ਦੇ ਹੱਕ ’ਚ ਡਟੀਆਂ
ਸੁਖਜਿੰਦਰ ਮਾਨ
ਬਠਿੰਡਾ, 16 ਜਨਵਰੀ : ਕਾਂਗਰਸ ਪਾਰਟੀ ਨਾਲੋਂ ਅਲੱਗ ਹੋ ਕੇ ਅਪਣੀ ਵੱਖਰੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਪੇਚ ਫ਼ਸਣ ਦੀ ਸੂਚਨਾ ਹੈ। ਗਠਜੋੜ ਦੇ ਉਚ ਸੂਤਰਾਂ ਮੁਤਾਬਕ ਕੈਪਟਨ ਵਲਂੋ ਸੂਬੇ ਦੀਆਂ ਕਈ ਸ਼ਹਿਰੀ ਸੀਟਾਂ ’ਤੇ ਅਪਣਾ ਦਾਅਵਾ ਜਤਾਇਆ ਜਾ ਰਿਹਾ ਹੈ ਜਦੋਂਕਿ ਭਾਜਪਾ ਸ਼ਹਿਰੀ ਸੀਟਾਂ ਨੂੰ ਛੱਡਣ ਦੇ ਮੂਡ ਵਿਚ ਨਹੀਂ। ਪਤਾ ਚੱਲਿਆ ਹੈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ ਦੀ ਬਣੀ 6 ਮੈਂਬਰੀ ਕਮੇਟੀ ਵਲੋਂ ਇਸਦਾ ਹੱਲ ਨਾ ਕੱਢ ਸਕਣ ਕਾਰਨ ਹੁਣ ਇਹ ਮਾਮਲਾ ਦਿੱਲੀ ਭਾਜਪਾ ਹਾਈਕਮਾਂਡ ਕੋਲ ਚਲਾ ਗਿਆ ਹੈ। ਜਿਸਦੇ ਚੱਲਦੇ ਇਸਦਾ ਹੱਲ ਆਉਣ ਵਾਲੇ ਦੋ-ਤਿੰਨ ਵਿਚ ਨਿਕਲ ਦੀ ਸੰਭਾਵਨਾ ਹੈ। ਉਜ ਗਠਜੋੜ ਵਲੋਂ ਸੂਬੇ ’ਚ ਅਪਣੀ ਹਵਾ ਬਣਾਈ ਰੱਖਣ ਲਈ ਪਹਿਲੀ ਸੂਚੀ 21 ਜਨਵਰੀ ਤੱਕ ਜਾਰੀ ਕਰਨ ਲਈ ਭੱਜਦੋੜ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਮੋਟੇ ਤੌਰ ’ਤੇ ਤਿੰਨਾਂ ਭਾਈਵਾਲਾਂ ਵਿਚ ਸੀਟਾਂ ਦੀ ਗਿਣਤੀ ਨੂੰ ਲੈ ਕੇ ਸਹਿਮਤੀ ਬਣ ਗਈ ਹੈ, ਜਿਸਦੇ ਤਹਿਤ ਭਾਜਪਾ 70, ਪੰਜਾਬ ਲੋਕ ਕਾਂਗਰਸ 32 ਅਤੇ ਸੰਯੁਕਤ ਅਕਾਲੀ ਦਲ ਨੂੰ 15 ਸੀਟਾਂ ਦਿੱਤੀਆਂ ਜਾਣਗੀਆਂ। ਚਰਚਾ ਮੁਤਾਬਕ ਪੰਜਾਬ ਦੀਆਂ 117 ਸੀਟਾਂ ਵਿਚ ਦੋ ਦਰਜ਼ਨ ਦੇ ਕਰੀਬ ਅਜਿਹੀਆਂ ਸੀਟਾਂ ਦੱਸੀਆਂ ਜਾ ਰਹੀਆਂ, ਜਿੰਨ੍ਹਾਂ ਉਪਰ ਗਠਜੋੜ ਦੀਆਂ ਤਿੰਨੇਂ ਧਿਰਾਂ ਜਾਂ ਦੋ ਧਿਰਾਂ ਵਲੋਂ ਆਪੋ-ਅਪਣੇ ਦਾਅਵੇ ਜਤਾਏ ਜਾ ਰਹੇ ਹਨ ਤੇ ਉਨ੍ਹਾਂ ਵਿਚੋਂ ਕੋਈ ਇੱਕ ਧਿਰ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਪੰਜਾਬ ਲੋਕ ਕਾਂਗਰਸ ਦੇ ਇੱਕ ਆਗੂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਦਸ ਸਾਲ ਸੂਬੇ ਦੇ ਮੁੱਖ ਮੰਤਰੀ ਰਹਿਣ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਹਰ ਖੇਤਰ ਵਿਚ ਬਰਾਬਰ ਪ੍ਰਭਾਵ ਹੈ ਤੇ ਉਹ ਸ਼ਹਿਰੀ ਤੇ ਦਿਹਾਤੀ ਦੋਨਾਂ ਖੇਤਰਾਂ ਵਿਚ ਆਧਾਰ ਰੱਖਦੇ ਹਨ, ਜਿਸਦੇ ਚੱਲਦੇ ਪਾਰਟੀ ਕੁੱਝ ਸ਼ਹਿਰੀ ਖੇਤਰਾਂ ’ਤੇ ਵੀ ਅਪਣਾ ਹੱਕ ਜਤਾ ਰਹੀ ਹੈ। ’’ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਬਠਿੰਡਾ ਲੋਕ ਸਭਾ ਅਧੀਨ ਆਉਂਦੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚੋਂ ਬਠਿੰਡਾ ਸ਼ਹਿਰੀ ਤੇ ਮਾਨਸਾ ਸੀਟ ’ਤੇ ਕੈਪਟਨ ਤੇ ਭਾਜਪਾ ਤੋਂ ਇਲਾਵਾ ਢੀਂਡਸਾ ਵੀ ਹੱਕ ਜਤਾ ਰਹੀ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਜਿੱਥੇ ਭਾਜਪਾ ਖੁਦ ਅਪਣਾ ਉਮੀਦਵਾਰ ਉਤਾਰਨਾ ਚਾਹੁੰਦੀ ਹੈ, ਉਹ ਇੱਥੋਂ ਇੱਕ ਸਾਬਕਾ ਮੰਤਰੀ ਨੂੰ ਉਮੀਦਵਾਰ ਬਣਾਉਣਾ ਚਾਹੁੰਦੀ ਹੈ, ਉਥੇ ਕੈਪਟਨ ਅਪਣੇ ਖਾਤੇ ’ਚ ਆਏ ਰਾਜ ਨੰਬਰਦਾਰ ਲਈ ਲਾਬਿੰਗ ਕਰ ਰਹੇ ਹਨ। ਮਾਨਸਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਗਾਗੋਵਾਲ ਪ੍ਰਵਾਰ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ ਪ੍ਰੰਤੂ ਭਾਜਪਾ ਇੱਥੋਂ ਜਗਦੀਪ ਸਿੰਘ ਨਕਈ ਦੇ ਹੱਕ ਵਿਚ ਹੈ। ਇਸੇ ਤਰ੍ਹਾਂ ਢੀਂਡਸਾ ਪ੍ਰਵਾਰ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਦੇ ਹੱਕ ਵਿਚ ਡਟ ਗਏ ਹਨ। ਇਸੇ ਤਰ੍ਹਾਂ ਫ਼ਰੀਦਕੋਟ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਅਪਣੇ ਓ.ਐਸ.ਡੀ ਸੰਨੀ ਬਰਾੜ ਨੂੰ ਟਿਕਟ ਦੇਣ ਦਾ ਵਾਅਦਾ ਕਰ ਚੁੱਕੇ ਹਨ। ਜਦੋਂਕਿ ਪਟਿਆਲਾ ਸ਼ਹਿਰੀ ਹਲਕੇ ਤੋਂ ਉਹ ਖੁਦ ਚੋਣ ਲੜਣ ਦੀ ਇੱਛਾ ਰੱਖਦੇ ਹਨ। ਉਧਰ ਭਾਜਪਾ ਆਗੂਆਂ ਦਾ ਤਰਕ ਹੈ ਕਿ ਪਟਿਆਲਾ ਕੈਪਟਨ ਸਾਹਿਬ ਦੇ ਖਾਤੇ ਵਿਚ ਹੀ ਹੈ ਪ੍ਰੰਤੂ ਭਾਜਪਾ ਦਾ ਦਿਹਾਤ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿਚ ਪਹਿਲਾਂ ਹੀ ਪ੍ਰਭਾਵ ਰਿਹਾ ਹੈ ਤੇ ਹੁਣ ਵੱਡੀ ਪੱਧਰ ’ਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਵਿਚ ਸਮੂਲੀਅਤ ਕਰਨ ਤੋਂ ਬਾਅਦ ਦਿਹਾਤੀ ਖੇਤਰਾਂ ਵਿਚ ਵੀ ਮਜਬੂਤ ਤੋਂ ਮਜਬੂਤ ਉਮੀਦਵਾਰਾਂ ਦੀ ਕੋਈ ਕਮੀ ਨਹੀਂ ਹੈ। ਬਹਰਹਾਲ ਪੰਜਾਬ ਭਾਜਪਾ ਵਲੋਂ ਤਾਜ਼ਾ ਸਥਿਤੀ ਸਬੰਧੀ ਹਾਈਕਮਾਂਡ ਨੂੰ ਸੂਚਿਤ ਕਰ ਦਿੱਤਾ ਹੈ, ਜਿਸਦੇ ਚੱਲਦੇ ਭਾਜਪਾ ਵਲੋਂ 19 ਜਨਵਰੀ ਤੱਕ ਪਹਿਲੀ ਸੂਚੀ ਜਾਰੀ ਕਰਕੇ ਕਾਫ਼ੀ ਭਰਮ ਭੁਲੇਖੇ ਦੂਰ ਕਰ ਦਿੱਤੇ ਜਾਣ ਦੀ ਸੂਚਨਾ ਹੈ।
Share the post "ਕੈਪਟਨ ਦਾ ਭਾਜਪਾ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਪੇਚ ਫ਼ਸਿਆ, ਮਾਮਲਾ ਦਿੱਲੀ ਪੁੱਜਿਆ"