ਸੁਖਜਿੰਦਰ ਮਾਨ
ਬਠਿੰਡਾ, 22 ਜਨਵਰੀ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਸ਼ਹਿਰ ਦੇ ਵਾਰਡ ਨੰਬਰ 2 ਕੋਠੇ ਸੁੱਚਾ ਸਿੰਘ ਨਗਰ, ਆਦਰਸ਼ ਨਗਰ, ਗ੍ਰੀਨ ਸਿਟੀ, ਨਿਊ ਸ਼ਕਤੀ ਨਗਰ ,ਬਸੰਤ ਵਿਹਾਰ ,ਪਾਵਰ ਹਾਊਸ ਰੋਡ, ਜੁਝਾਰ ਸਿੰਘ ਨਗਰ ਸਮੇਤ ਵਿਰਾਟ ਕਲੋਨੀ ਦਾ ਦੌਰਾ ਕੀਤਾ ਅਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵਿਕਾਸ ਦੇ ਨਾਮ ਤੇ ਵੋਟ ਦੀ ਮੰਗ ਕੀਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਦਰਸ਼ ਨਗਰ ਵਿਚ ਪਿਛਲੇ 25 ਸਾਲ ਦੀ ਪੁਰਾਣੀ ਸਮੱਸਿਆ ਘਰ ਘਰ ਸੀਵਰੇਜ ਸਿਸਟਮ ਮੁਹੱਈਆ ਕਰਵਾਉਣ ਦਾ ਮਸਲਾ ਹਲ ਹੋਣ ਨਾਲ ਇਸ ਇਲਾਕੇ ਦੀ ਤਸਵੀਰ ਬਦਲ ਗਈ ਹੈ, ਮਾਡਲ ਟਾਊਨ ਤੋਂ ਜੋਗਾ ਨੰਦ ਨਗਰ ਨੂੰ ਮਿਲਾਉਣ ਵਾਲੇ ਪੁਲ ਦੇ ਨਿਰਮਾਣ ਨਾਲ ਵੱਡੀ ਰਾਹਤ ਮਿਲੀ ਹੈ, 80 ਲੱਖ ਦੀ ਲਾਗਤ ਨਾਲ ਸਥਾਪਤ ਕੀਤੇ ਬਾਇਓ ਡਾਇਵਰਸਿਟੀ ਪਾਰਕ ਅਤੇ ਨਿਰਮਾਣ ਹੋ ਰਹੇ ਜੌਗਿੰਗ ਟਰੈਕ ਨੇ ਵੀ ਇਸ ਇਲਾਕੇ ਨੂੰ ਵਿਕਾਸ ਦੀ ਰਾਹ ਤੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਏਜੰਡਾ ਸੂਬੇ ਦੀ ਤਰੱਕੀ ਰਿਹਾ ਹੈ ਅਤੇ ਕਾਂਗਰਸ ਸਰਕਾਰ ਦਾ ਹਰ ਫੈਸਲਾ ਲੋਕ ਹਿੱਤਾ ਚ‘ ਲਿਆ ਗਿਆ ਹੈ।। ਉਨ੍ਹਾਂ ਵੱਲੋਂ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਹਰ ਇਲਾਕੇ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ । ਇਸ ਮੌਕੇ ਵੱਖ ਵੱਖ ਵਾਰਡਾਂ ਵਿੱਚ ਪ੍ਰਭਾਵਸ਼ਾਲੀ ਇਕੱਠ ਰਾਹੀਂ ਸ਼ਹਿਰ ਵਾਸੀਆਂ ਨੇ ਵਿੱਤ ਮੰਤਰੀ ਵੱਲੋਂ ਕਰਵਾਏ ਵਿਕਾਸ ਲਈ ਧੰਨਵਾਦ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਕਾਂਗਰਸ ਸਰਕਾਰ ਨੇ ਹਰ ਫੈਸਲਾ ਲੋਕਾਂ ਦੇ ਹਿੱਤਾਂ ਵਿੱਚ ਲਿਆ- ਮਨਪ੍ਰੀਤ ਬਾਦਲ
11 Views