ਜਾਖ਼ੜ ਦਾ ਮੁੜ ਝਲਕਿਆ ਦਰਦ: 79 ਵਿਚੋਂ 42 ਵਿਧਾਇਕਾਂ ਸਨ ਮੇਰੇ ਹੱਕ ‘ਚ
ਸੁਖਜਿੰਦਰ ਮਾਨ
ਚੰਡੀਗੜ੍ਹ, 2 ਫ਼ਰਵਰੀ: ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਕਾਂਗਰਸ ਪਾਰਟੀ ‘ਚ ਚੱਲ ਰਿਹਾ ਕਾਟੋ-ਕਲੈਸ਼ ਵਧਦਾ ਜਾ ਰਿਹਾ ਹੈ | ਹਾਲਾਂਕਿ ਹਾਲੇ ਤੱਕ ਪਾਰਟੀ ਹਾਈਕਮਾਂਡ ਨੇ ਕਿਸੇ ਆਗੂ ਨੂੰ ਮੁੱਖ ਮੰਤਰੀ ਦੇ ਰੂਪ ‘ਚ ਪੇਸ਼ ਨਹੀਂ ਕੀਤਾ ਪੰ੍ਰਤੂ ਚੰਨੀ ਦੇ ਹੱਕ ‘ਚ ਹਾਈਕਮਾਂਡ ਤੇ ਸੂਬਾਈ ਆਗੂਆਂ ਵਲੋਂ ਇਸ਼ਾਰੇ ਕਰਨ ਦੇ ਬਾਅਦ ਅੱਜ ਸੂਬਾਈ ਪ੍ਰਧਾਨ ਤੇ ਅੰਮਿ੍ਤਸਰ ਪੂਰਬੀ ਹਲਕੇ ਤੋਂ ਚੋਣ ਲੜ ਰਹੇ ਨਵਜੋਤ ਸਿੰਘ ਸਿੱਧੂ ਅੱਜ ਅਚਾਨਕ ਅਪਣਾ ਚੋਣ ਪ੍ਰਚਾਰ ਅੱਧ ਵਿਚਾਲੇ ਛੱਡ ਕੇ ਮਾਤਾ ਵੈਸਨੋ ਦੇਵੀ ਦੇ ਦਰਸਨਾਂ ਲਈ ਪੁੱਜ ਗਏ | ਉਨ੍ਹਾਂ ਅਪਣੇ ਸੋਸਲ ਮੀਡੀਆ ‘ਤੇ ਮਾਤਾ ਦੇ ਦਰਬਾਰ ਦੀਆਂ ਫ਼ੋਟੋਆਂ ਵੀ ਸੇਅਰ ਕੀਤੀਆਂ ਹਨ | ਅਚਾਨਕ ਵੱਡੇ ਫੈਸਲੇ ਲੈਣ ਵਾਲੇ ਸ: ਸਿੱਧੂ ਦੇ ਇਸ ਕਦਮ ਤੋਂ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਦਾ ਬਜ਼ਾਰ ਗਰਮ ਹੈ | ਸਿਆਸੀ ਮਾਹਰ ਇਸਨੂੰ ਸਿੱਧੂ ਵਲੋਂ ਹਾਈਕਮਾਂਡ ਨੂੰ ਦਰਸ਼ਨੀ ਘੋੜਾ ਨਾ ਬਣਾਉਣ ਦੀਆਂ ਕੀਤੀਆਂ ਅਪੀਲਾਂ ਦੇ ਬੇਅਸਰ ਹੋਣ ਦੀਆਂ ਸੰਭਾਵਨਾ ਨਾਲ ਜੋੜ ਕੇ ਵੇਖ ਰਹੇ ਹਨ | ਉਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਦਾ ਵੀ ਮੁੱਖ ਮੰਤਰੀ ਨਾ ਬਣਨ ਦਾ ਦਰਦ ਅੱਜ ਮੁੜ ਦੇਖਣ ਨੂੰ ਮਿਲਿਆ ਹੈ | ਉਨ੍ਹਾਂ ਇਕ ਸਮਾਗਮ ਦੌਰਾਨ ਅਪਣੇ ਹੱਕ ‘ਚ 79 ਕਾਂਗਰਸੀ ਵਿਧਾਇਕਾਂ ਵਿਚੋਂ 42 ਦੇ ਹੋਣ ਦੇ ਬਾਵਜੂਦ ਹਾਈਕਮਾਂਡ ਵਲੋਂ ਮੁੱਖ ਮੰਤਰੀ ਨਾ ਬਣਾਉਣ ਦੀ ਮਜਬੂਰੀ ‘ਤੇ ਤਨਜ਼ ਕਸਿਆ ਹੈ | ਉਨ੍ਹਾਂ ਦਾਅਵਾ ਕੀਤਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ 16 ਵਿਧਾਇਕਾਂ ਨੇ ਤੇ ਨਵਜੋਤ ਸਿੰਘ ਸਿੱਧੂ ਨੂੰ ਸਿਰਫ 6 ਵਿਧਾਇਕਾਂ ਨੇ ਆਪਣਾ ਸਮਰਥਨ ਦਿੱਤਾ ਸੀ | ਜਦੋਂਕਿ ਚੰਨੀ ਦੇ ਹੱਕ ਵਿਚ ਸਿਰਫ਼ ਦੋ ਵਿਧਾਇਕ ਹੀ ਭੁਗਤੇ ਸਨ | ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਫ਼ੇਰੀ ‘ਤੇ ਆਏ ਰਾਹੁਲ ਗਾਂਧੀ ਅੱਗੇ ਨਵਜੋਤ ਸਿੱਧੂ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਵੀ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਐਲਾਨਣ ਦੀ ਮੰਗ ਕੀਤੀ ਸੀ | ਜਿਸਤੋਂ ਬਾਅਦ ਕਾਂਗਰਸ ਹਾਈਕਮਾਂਡ ਵਲੋਂ ਪਾਰਟੀ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਤੋਂ ਫ਼ੀਡ ਬੈਕ ਲੈਣ ਲਈ ਫ਼ੋਨ ਕੀਤੇ ਜਾ ਰਹੇ ਹਨ |
Share the post "ਕਾਂਗਰਸ ‘ਚ ਕਾਟੋ-ਕਲੈਸ਼ ਵਧਿਆ: ਨਵਜੋਤ ਸਿੱਧੂ ਚੋਣ ਪ੍ਰਚਾਰ ਛੱਡ ਕੇ ਵੈਸਨੋ ਦੇਵੀ ਪੁੱਜੇ"