ਗਰੀਬ ਮਾਰੂ- ਕਾਰਪੋਰੇਟ ਪੱਖੀ ਬਜਟ ਖਿਲਾਫ ਸੰਘਰਸ਼ ਤਿੱਖਾ ਕੀਤਾ ਜਾਵੇਗਾ- ਨੰਦਗੜ੍ਹ
ਸੁਖਜਿੰਦਰ ਮਾਨ
ਬਠਿੰਡਾ, 2 ਫਰਵਰੀ: ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸੱਦੇ ‘ਤੇ ਇਕੱਤਰ ਹੋਏ ਸੈਂਕੜੇ ਬੇਜਮੀਨ ਮਜ਼ਦੂਰਾਂ, ਜਿਨ੍ਹਾਂ ਵਿੱਚ ਭਾਰੀ ਗਿਣਤੀ ‘ਚ ਔਰਤਾਂ ਵੀ ਸ਼ਾਮਲ ਸਨ, ਨੇ ਅੱਜ ਕੇਂਦਰੀ ਸਰਕਾਰ ਦਾ ਪੁਤਲਾ ਫੂਕ ਕੇ ਮੁੱਖ ਬਾਜ਼ਾਰਾਂ ਵਿੱਚ ਜਬਰਦਸਤ ਰੋਸ ਮੁਜਾਹਰਾ ਕੀਤਾ | ਇਕੱਤਰ ਕਿਰਤੀਆਂ ਨੇ ਬੀਤੇ ਕੱਲ੍ਹ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਸਾਲ 2022-23 ਦੇ ਆਮ ਬਜਟ ਵਿੱਚ ਮਨਰੇਗਾ ਲਈ ਰਾਖਵੀਂ ਰੱਖੀ ਜਾਣ ਵਾਲੀ ਰਕਮ ਵਿੱਚ ਬੀਤੇ ਸਾਲ ਦੇ ਮੁਕਾਬਲੇ ਕੀਤੀ ਗਈ 25% ਦੀ ਵੱਡੀ ਕਟੌਤੀ ਕਰਨ ਬਦਲੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਮਤੀ ਨਿਰਮਲਾ ਸੀਤਾਰਮਨ ਦੀ ਜੋਰਦਾਰ ਨਿਖੇਧੀ ਕੀਤੀ |
ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕਿਹਾ ਮਨਰੇਗਾ ਫੰਡਾਂ ‘ਚ ਭਾਰੀ ਕਟੌਤੀ ਕਰਨ ਅਤੇ ਕਾਰਪੋਰੇਟ ਘਰਾਣਿਆਂ ਤੋਂ ਵਸੂਲਿਆ ਜਾਣ ਵਾਲਾ ਟੈਕਸ 18% ਤੋਂ ਘਟਾ ਕੇ 15% ਕਰਨ ਨਾਲ ਕੇਂਦਰੀ ਬਜਟ ਦਾ ਗਰੀਬ ਮਾਰੂ ਖਾਸਾ ਉਜਾਗਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਝੰਬੇ, ਜਾਨਲੇਵਾ ਬੇਰੁਜ਼ਗਾਰ ਅਤੇ ਵਿਤੋਂ ਬਾਹਰੀ ਮਹਿੰਗਾਈ ਦੀ ਮਾਰ ਝੱਲ ਰਹੇ ਸ਼ਹਿਰੀ ਤੇ ਪੇਂਡੂ ਗਰੀਬਾਂ ਦੀ ਬਜਟ ਵਿੱਚ ਉੱਕਾ ਹੀ ਅਣਦੇਖੀ ਕੀਤੀ ਗਈ ਹੈ ਅਤੇ ਬਜਟ ਦੀ ਦਿਸ਼ਾ ਅਡਾਨੀਆਂ-ਅੰਬਾਨੀਆਂ ਦੀਆਂ ਤਿਜੌਰੀਆਂ ਭਰਨ ਵੱਲ ਸੇਧਤ ਹੈ | ਉਨ੍ਹਾਂ ਦੋਸ਼ ਲਾਇਆ ਕਿ ਖਾਦ ਸਬਸਿਡੀ, ਫਸਲਾਂ ਦੀ ਖ੍ਰੀਦ ਅਤੇ ਭੋਜਨ ਪਦਾਰਥਾਂ ਲਈ ਰੱਖੀਆਂ ਜਾਣ ਵਾਲੀਆਂ ਰਕਮਾਂ ‘ਚ ਕਟੌਤੀ ਕੀਤੀ ਗਈ ਹੈ ਜਿਸ ਨਾਲ ਦੋ ਤਿਹਾਈ ਵਸੋਂ ਨੂੰ ਰੁਜ਼ਗਾਰ ਦੇਣ ਵਾਲੀ ਖੇਤੀ ਹੋਰ ਨਿਵਾਣਾਂ ਵੱਲ ਜਾਵੇਗੀ |ਇਕੱਤਰ ਮਜ਼ਦੂਰਾਂ ਨੇ ਫਸਲ ਖਰਾਬੇ ਤੋਂ ਖੇਤ ਮਜਦੂਰਾਂ ਨੂੰ ਵਾਂਝੇ ਰੱਖਣ ਵਾਲੀ ਚੰਨੀ ਸਰਕਾਰ ਦਾ ਵੀ ਜੋਰਦਾਰ ਪਿੱਟ ਸਿਆਪਾ ਕੀਤਾ |ਇਸ ਮੌਕੇ ਗੁਰਮੀਤ ਸਿੰਘ ਜੈ ਸਿੰਘ ਵਾਲਾ, ਚੰਦ ਸਿੰਘ ਜੱਸੀ, ਉਮਰ ਦੀਨ ਜੱਸੀ, ਲਛਮਣ ਸਿੰਘ ਘੁੱਦਾ ਨੇ ਵੀ ਵਿਚਾਰ ਰੱਖੇ |
Share the post "ਮਨਰੇਗਾ ਫੰਡਾਂ ‘ਚ ਕਟੌਤੀ ਕਰਨ ਵਾਲੀ ਮੋਦੀ ਸਰਕਾਰ ਦੇ ਨੱਕ ‘ਚ ਦਮ ਕਰਾਂਗੇ’- ਘੁੱਦਾ"