ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਸ਼ੀਲ ਕੁਮਾਰ ਵੱਲੋਂ ਆਫ ਸੀਜ਼ਨ ਮੈਨੇਜਮੈਟ ਆਫ ਪਿੰਕ ਬਾਲਵਾਰਮ ਤਹਿਤ ਜ਼ਿਲਾ ਬਠਿੰਡਾ ਦਾ ਦੌਰਾ ਕੀਤਾ ਗਿਆ। ਉਨਾਂ ਵੱਲੋਂ ਆਉਣ ਵਾਲੀ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨਾਲ ਖੇਤੀ ਭਵਨ ਬਠਿੰਡਾ ਵਿਖੇ ਖੇਤੀਬਾੜੀ ਵਿਭਾਗ ਬਠਿੰਡਾ ਵੱਲੋ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਇੱਕ ਮੀਟਿੰਗ ਕੀਤੀ ਗਈ। ਉਨ੍ਹਾਂ ਪਿੰਡ ਪੱਧਰ ਤੇ ਅਧਿਕਾਰੀਆਂ/ਕਰਮਚਾਰੀਆਂ ਨੂੰ ਅਲਾਟ ਕੀਤੇ ਪਿੰਡਾਂ ਅਨੁਸਾਰ 25 ਜਨਵਰੀ 2022 ਤੋਂ 5 ਫਰਵਰੀ 2022 ਤੱਕ ਪਿੰਡਾਂ ਜਾਂ ਖੇਤਾਂ ਵਿੱਚ ਪਏ ਨਰਮੇ ਦੀਆਂ ਛਿਟੀਆਂ ਦੇ ਢੇਰਾਂ ਨੂੰ ਖਤਮ ਕਰਨ/ਛਿਟੀਆਂ ਝਾੜ ਕੇ ਟੀਡੇ ਆਦਿ ਨੂੰ ਅਲੱਗ ਕਰਕੇ ਖਤਮ ਕਰਨ ਜਾਂ ਜ਼ਮੀਨ ਵਿੱਚ ਦੱਬਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲਿਆ ਗਿਆ।ਸਹਾਇਕ ਮੰਡੀਕਰਨ ਅਫਸਰ ਬਠਿੰਡਾ-ਕਮ-ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ.ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲੇ ਵਿੱਚ ਨਰਮੇ ਦੇ ਰਕਬੇ ਵਾਲੇ 286 ਪਿੰਡਾਂ ਵਿੱਚੋਂ 172 ਪਿੰਡਾਂ ਵਿੱਚ ਇਸ ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਨਰਮੇ ਦੀਆਂ ਛਿਟੀਆਂ ਦੇ 380 ਛਿਟੀਆਂ ਦੇ ਢੇਰਾਂ ਨੂੰ ਖਤਮ ਕਰਨ/ਛਿਟੀਆਂ ਝਾੜ ਕੇ ਟੀਡੇ ਆਦਿ ਨੂੰ ਅਲੱਗ ਕਰਕੇ ਖਤਮ ਕਰਨ ਜਾਂ ਜ਼ਮੀਨ ਵਿੱਚ ਦੱਬ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਫਰਵਰੀ 2022 ਦੌਰਾਨ ਪੂਰਾ ਕਰ ਲਿਆ ਜਾਵੇਗਾ।ਇਸ ਤੋਂ ਇਲਾਵਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਨਾਊਸਮੈਟਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਪੰਚਾਇਤਾਂ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਲੇ ਵਿੱਚ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ/ਨੁੱਕੜ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
Share the post "ਆਉਣ ਵਾਲੀ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਮੀਟਿੰਗ ਆਯੋਜਿਤ"