ਕਿਹਾ ਕਿ 2017 ਵਿਚ ਦੋਹਾਂ ਪਾਰਟੀਆਂ ਨੇ ਰਲ ਕੇ ਅਕਾਲੀ ਦਲ ਨੁੰ ਬਦਨਾਮ ਕੀਤਾ ਸੀ ਕਿਉਂਕਿ ਉਹ ਅਕਾਲੀ ਦਲ ਦੇ ਵਿਕਾਸ ਪੱਖੀ ਟਰੈਕ ਰਿਕਾਰਡ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਸਨ
ਸੁਖਜਿੰਦਰ ਮਾਨ
ਲੰਬੀ, 8 ਫਰਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਨੂੰ ਸੱਤਾ ਤੋਂ ਦੂਰ ਰੱਖਣ ਵਾਸਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਮੌਜੂਦਾ ਚੋਣਾਂ ਵਿਚ ਰਲ ਕੇ ਖੇਡ ਰਹੀਆਂ ਹਨ ਕਿਉਂਕਿ ਉਹ ਅਕਾਲੀ ਦਲ ਦੇ ਵਿਕਾਸ ਪੱਖੀ ਟਰੈਕ ਰਿਕਾਰਡ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
ਇਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਇਕ ਇਕੱਠ ਨੁੰ ਸੰਬੋਧਨ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਪਹਿਲਾਂ 2017 ਵਿਚ ਇਹਨਾਂ ਦੋਹਾਂ ਪਾਰਟੀਆਂ ਨੇ ਰਲ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਸੀ। ਉਹਨਾਂ ਕਿਹਾ ਕਿ ਕਾਂਰਗਸ ਪਾਰਟੀ ਸੂਬੇ ਵਿਚ ਸੱਤਾ ਹਾਸਲ ਕਰਨ ਵਿਚ ਕਾਮਯਾਬ ਹੋ ਗਈ ਸੀ ਤੇ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਬਣ ਗਈ। ਉਹਨਾਂ ਕਿਹਾ ਕਿ ਲੋਕਾਂ ਨੇ ਵੇਖਿਆ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਦੇ 20 ਵਿਚੋਂ 11 ਵਿਧਾਇਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਹੁਣ ਫਿਰ ਇਹ ਰਲ ਕੇ ਖੇਡ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਤਕਰੀਬਨ ਅੱਧੀਆਂ ਸੀਟਾਂ ’ਤੇ ਅਕਾਲੀ ਦਲ ਦਾ ਮੁਕਾਬਲਾ ਕਰਨ ਵਾਸਤੇ ਸਾਬਕਾ ਕਾਂਗਰਸੀਆਂ ਨੁੰ ਮੈਦਾਨ ਵਿਚ ਉਤਾਰਿਆ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਚੰਨੀ ਕਰੀਬ ਪੰਜ ਸਾਲ ਤੱਕ ਕੈਬਨਿਟ ਮੰਤਰੀ ਰਹੇ ਪਰ ਉਹਨਾਂ ਨੇ ਕਦੇ ਵੀ ਅਨੁਸੂਚਿਤ ਜਾਤੀ ਜਾਂ ਕਮਜ਼ੋਰ ਵਰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਨਹੀਂ ਕੀਤੀ। ਉਹਨਾਂ ਕਿਹਾ ਕਿ ਜਦੋਂ ਐਸ ਸੀ ਸਕਾਲਰਸ਼ਿਪ ਘੁਟਾਲਾ ਕਰ ਕੇ 4.5 ਲੱਖ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰ ਦਿੱਤਾ ਗਿਆ ਤੇ ਕਾਂਗਰਸ ਸਰਕਾਰ ਨੇ ਐਸ ਸੀ ਸਕਾਲਰਸ਼ਿਪ ਸਕੀਮ ਬੰਦ ਕਰ ਦਿੱਤੀ ਤਾਂ ਉਦੋਂ ਵੀ ਚੰਨੀ ਚੁੱਪ ਰਹੇ। ਜਦੋਂ ਗਰੀਬ ਵਰਗਾਂ ਦੇ ਲੱਖਾਂ ਨੀਲੇ ਕਾਰਡ ਕੱਟੇ ਗਏ ਤਾਂ ਉਦੋਂ ਵੀ ਚੰਨੀ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਉਹਨਾਂ ਨੇ ਕਾਂਗਰਸ ਸਰਕਾਰ ਦੇ ਰਾਜਕਾਲ ਵਿਚ ਹੋਏ ਘੁਟਾਲਿਆਂ ਦੇ ਮਾਮਲੇ ਵਿਚ ਵੀ ਆਪਣੀ ਚੁੱਪੀ ਨਹੀਂ ਤੋੜੀ। ਉਹਨਾਂ ਨੇ ਘੁਟਾਲਿਆਂ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ ਭਾਵੇਂ ਉਹ ਕੇਂਦਰੀ ਰਾਸ਼ਨ ਘੁਟਾਲਾ ਹੋਵੇ ਜਾਂ ਫਿਰ ਵੈਕਸੀਨ ਘੁਟਾਲਾ।
ਬਾਦਲ ਨੇ ਕਿਹਾ ਕਿ ਚੰਨੀ ਨੇ ਮੁੱਖ ਮੰਤਰੀ ਬਣ ਕੇ ਸਿਰਫ ਆਪਣੇ ਆਪ ਨੁੰ ਅਮੀਰ ਬਣਾਉਣ ’ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਦੇ ਭਾਣਜੇ ਹਨੀ ਨੇ ਆਪ ਇਹ ਮੰਨਿਆ ਹੈ ਕਿ ਉਸਦੇ ਘਰੋਂ ਬਰਾਮਦ ਹੋਏ 11 ਕਰੋੜ ਰੁਪਏ ਤੇ ਸੋਨਾ ਉਸਨੁੰ ਰੇਤ ਮਾਫੀਆ ਤੋਂ ਅਤੇ ਤਬਾਦਲਿਆਂ ਤੇ ਤਾਇਨਾਤੀਆਂ ਦੇ ਬਦਲੇ ਵਿਚ ਮਿਲੇ ਸਨ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਅਫਸਰਾਂ ਦੀਆਂ ਬਦਲੀਆਂ ਸਿਰਫ ਮੁੱਖ ਮੰਤਰੀ ਕਰ ਸਕਦਾ ਹੈ। ਉਹਨਾਂ ਨੇ ਲੋਕਾਂ ਨੁੰ ਸੁਚੇਤ ਕੀਤਾ ਕਿ ਉਹ ਚੰਨੀ ਤੋਂ ਉਸੇ ਤਰੀਕੇ ਮੂਰਖ ਨਾ ਬਣਨ ਜਿਵੇਂ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਝੂਠੀਆਂ ਸਹੁੰਆਂ ਤੋਂ ਬਣ ਗਏ ਸਨ।
ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬੀ ਇਹ ਸਮਝ ਲੈਣ ਕਿ ਜਿਹੜੇ ਦਿੱਲੀ ਮਾਡਲ ਨੁੰ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਵੇਚਣਾ ਚਾਹੁੰਦੇ ਹਨ, ਉਹ ਸੂਬੇ ਵਿਚ ਤਬਾਹੀ ਲਿਆਵੇਗਾ। ਉਹਨਾਂ ਕਿਹਾ ਕਿ ਦਿੱਲੀ ਵਿਚ ਨਾ ਤਾਂ ਕਮਜ਼ੋਰ ਵਰਗਾਂ ਨੁੰ ਬੁਢਾਪਾ ਪੈਨਸ਼ਨ ਤੇ ਆਟਾ ਦਾਲ ਸਕੀਮ ਮਿਲ ਰਹੀ ਹੈ ਤੇ ਨਾ ਹੀ ਸ਼ਗਨ ਸਕੀਮ ਦਾ ਲਾਭ ਮਿਲ ਰਿਹਾ ਹੈ। ਉਹਨਾਂ ਨੂੰ ਔਖੇ ਹੋ ਕੇ ਆਪਣੇ ਬਿਜਲੀ ਦੇ ਬਿੱਲ ਭਰਨੇ ਪੈਂਦੇ ਹਨ। ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਸਾਰੇ ਸਮਾਜਿਕ ਲਾਭ ਖੋਹ ਲਵੇਗੀ।
ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਰਵਿੰਦ ਕੇਜਰੀਵਾਲ ਦਾ ਏਜੰਡਾ ਪੰਜਾਬ ਵਿਰੋਧੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਹਰਿਆਣਾ ਤੇ ਦਿੱਲੀ ਨੁੰ ਹਿੱਸਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਦੇ ਚਾਰੋਂ ਥਰਮਲ ਪਲਾਂਟ ਬੰਦ ਕੀਤੇ ਜਾਣ ਅਤੇ ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਖਿਲਾਫ ਫੌਜਦਾਰੀ ਕੇਸ ਦਰਜ ਕੀਤੇ ਜਾਣ। ਉਹਨਾਂ ਕਿਹਾ ਕਿ ਅਜਿਹੀ ਪਾਰਟੀ ਤੋਂ ਲੋਕਾਂ ਦੀ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ।
Share the post "ਅਕਾਲੀ ਦਲ ਨੁੰ ਸੱਤਾ ਤੋਂ ਦੂਰ ਰੱਖਣ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਖੇਡ ਰਹੀਆਂ ਹਨ : ਹਰਸਿਮਰਤ ਕੌਰ ਬਾਦਲ"