19 ਫ਼ਰਵਰੀ ਨੂੰ ਸਬੰਧਤ ਆਰਓਜ਼ ਦੀ ਪ੍ਰਧਾਨਗੀ ਹੇਠ ਹੋਵੇਗੀ ਦੂਜੀ ਸਿਖਲਾਈ
ਤਕਰੀਬਨ 900 ਮਾਈਕਰੋ ਆਬਜ਼ਰਵਰਾਂ ਨੇ ਲਈ ਟ੍ਰੇਨਿੰਗ
ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਈਆਂ ਜਾਣਗੀਆਂ ਚੋਣਾਂ
ਸੁਖਜਿੰਦਰ ਮਾਨ
ਬਠਿੰਡਾ, 12 ਫ਼ਰਵਰੀ : ਭਾਰਤੀ ਚੋਣ ਕਮਿਸ਼ਨ ਦੀਆਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਆਡੀਟੋਰੀਅਮ ਹਾਲ ਵਿਖੇ ਮਾਸਟਰ ਟ੍ਰੇਨਰਾਂ ਨੇ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ 6 ਵਿਧਾਨ ਸਭਾ ਹਲਕਿਆਂ (90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ.), 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ (ਅ.ਜ.), 94-ਤਲਵੰਡੀ ਸਾਬੋ ਅਤੇ 95-ਮੋੜ) ਲਈ ਤਾਇਨਾਤ ਕੀਤੇ ਮਾਈਕਰੋ ਆਬਜ਼ਰਵਰਾਂ ਨੂੰ ਪਹਿਲੀ ਸਿਖਲਾਈ ਦਿੱਤੀ। ਇਸ ਮੌਕੇ ਭਾਰਤ ਚੋਣ ਕਮਿਸ਼ਨ ਵਲੋਂ ਤਾਇਨਾਤ ਕੀਤੇ ਜਨਰਲ ਆਬਜ਼ਰਵਰ ਡਾ. ਸੈਲਜ਼ਾ ਸ਼ਰਮਾ (ਆਈਏਐਸ), ਡਾ. ਪਵਨ ਕੁਮਾਰ (ਆਈਏਐਸ) ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਹਾਜ਼ਰ ਰਹੇ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਈਕਰੋ ਆਬਜ਼ਰਵਰਾਂ ਨੂੰ ਇਹ ਸਿਖਲਾਈ 3 ਸ਼ਿਫਟਾਂ ਵਿੱਚ ਦਿੱਤੀ ਗਈ। ਸਿਖਲਾਈ ਦੌਰਾਨ ਮਾਸਟਰ ਟਰੇਨਰਾਂ ਵੱਲੋਂ ਮਾਈਕਰੋ ਆਬਜ਼ਰਬਰਾਂ ਨੂੰ ਬਹੁਤ ਬਰੀਕੀ ਨਾਲ ਵੋਟਿੰਗ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ 6 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਆਰ.ਓ-ਕਮ-ਉਪ ਮੰਡਲ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਮਾਈਕਰੋ ਆਬਜ਼ਰਵਰਾਂ ਦੀ ਦੂਜੀ ਟ੍ਰੇਨਿੰਗ 19 ਫ਼ਰਵਰੀ ਨੂੰ ਹੋਵੇਗੀ।
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸਿਖਲਾਈ ਦੌਰਾਨ ਮਾਈਕਰੋ ਆਬਜ਼ਰਵਰਾਂ ਨੂੰ ਪੀ.ਪੀ.ਟੀ ਤੇ ਵੀਡੀਓ ਵੀ ਦਿਖਾਈ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਚੋਣਾਂ-2022 ਦਾ ਸਮੁੱਚਾ ਅਮਲ ਸ਼ਾਂਤੀਪੂਰਵਕ, ਸੁਰੱਖਿਅਤ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਮਾਈਕਰੋ ਆਬਜ਼ਰਵਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੋਣਾਂ ਪ੍ਰਤੀ ਆਪੋ-ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਆਰ.ਓ-ਕਮ-ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ਼੍ਰੀ ਆਕਾਸ਼ ਬਾਂਸਲ, ਆਰ.ਓ-ਕਮ-ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼ਹਿਰੀ ਸ਼੍ਰੀ ਕੰਵਰਜੀਤ ਸਿੰਘ, ਆਰ.ਓ ਬਠਿੰਡਾ ਦਿਹਾਤੀ ਸ਼੍ਰੀ ਰੁਪਿੰਦਰ ਪਾਲ ਸਿੰਘ, ਟ੍ਰੇਨਿੰਗ ਕੁਆਰਡੀਨੇਟਰ ਸ੍ਰੀ ਗੁਰਦੀਪ ਸਿੰਘ ਮਾਨ, ਤਹਿਸੀਲਦਾਰ ਚੋਣਾਂ ਸ੍ਰੀ ਗੁਰਚਰਨ ਸਿੰਘ, ਸ਼੍ਰੀ ਪਰਮਜੀਤ ਸਿੰਘ, ਸ਼੍ਰੀ ਤਰੁਣ ਤੋ ਇਲਾਵਾ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਕੀਤੇ ਮਾਈਕਰੋ ਆਬਜ਼ਰਬਰ ਹਾਜ਼ਰ ਸਨ।
Share the post "ਮਾਸਟਰ ਟ੍ਰੇਨਰਾਂ ਨੇ ਦਿੱਤੀ ਮਾਈਕਰੋ ਆਬਜ਼ਰਵਰਾਂ ਨੂੰ ਪਹਿਲੀ ਸਿਖਲਾਈ : ਜ਼ਿਲ੍ਹਾ ਚੋਣ ਅਫ਼ਸਰ"