ਰਾਮਪੁਰਾ ਤੇ ਤਲਵੰਡੀ ਸਾਬੋ ’ਚ 15-15 ਉਮੀਦਵਾਰ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ: ਭਲਕੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ’ਚ ਚੋਣ ਮੈਦਾਨ ਵਿਚ ਨਿੱਤਰੇ 69 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜ਼ਿਲ੍ਹੇ ਦੇ 1071164 ਵੋਟਰ ਕਰਨਗੇ। ਇੰਨ੍ਹਾਂ ਵਿਚ 561749 ਮਰਦ ਤੇ 504360 ਔਰਤਾਂ ਵੋਟਰ ਹਨ। ਜ਼ਿਲ੍ਹੇ ਵਿਚ ਸਭ ਤੋਂ ਵੱਧ 15-15 ਉਮੀਦਵਾਰ ਰਾਮਪੁਰਾ ਫ਼ੂਲ ਤੇ ਤਲਵੰਡੀ ਸਾਬੋ ਹਲਕੇ ਵਿਚ ਚੋਣ ਲੜ ਰਹੇ ਹਨ। ਜਦੋਂਕਿ ਬਠਿੰਡਾ ਦਿਹਾਤੀ ਤੇ ਭੁੱਚੋਂ ਮੰਡੀ ਰਿਜ਼ਰਵ ਹਲਕਿਆਂ ਵਿਚ ਸਭ ਤੋਂ ਘੱਟ 8-8 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਬਠਿੰਡਾ ਸ਼ਹਿਰੀ ਹਲਕੇ ਵਿਚ 13 ਅਤੇ ਮੋੜ ਹਲਕੇ ਵਿਚ 10 ਉਮੀਦਵਾਰ ਆਪੋ-ਅਪਣੀ ਕਿਸਮਤ ਅਜ਼ਮਾ ਰਹੇ ਹਨ। ਕਰੋਨਾ ਕਾਲ ’ਚ ਹੋਈਆਂ ਇੰਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਵੱਖਰਾ ਰੰਗ ਦੇਖਣ ਨੂੰ ਮਿਲਿਆ ਹੈ, ਇੱਥ ਹਫ਼ਤਾ ਪਹਿਲਾਂ ਤੱਕ ਵੱਡੀਆਂ ਰੈਲੀਆਂ ਤੇ ਹੋਰ ਸ਼ੋਰ-ਸਰਾਬੇ ਤੋਂ ਬਚੇ ਵੋਟਰਾਂ ਨੂੰੂ ਅਪਣੀ ਕਿਸਮਤ ਦਾ ਫੈਸਲਾ ਕਰਨ ਲਈ ਸ਼ਾਂਤਮਈ ਮਾਹੌਲ ਮਿਲਿਆ ਹੈ। ਹਾਲਾਂਕਿ ਕਰੀਬ ਪਿਛਲੇ ਇੱਕ ਮਹੀਨੇ ਤੋਂ ਚੋਣ ਮੈਦਾਨ ਵਿਚ ਡਟੇ ਇੰਨ੍ਹਾਂ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਆਪੋ-ਅਪਣੇ ਹੱਕ ਵਿਚ ਕਰਨ ਲਈ ਪੂਰਾ ਜੋਰ ਲਗਾਇਆ ਗਿਆ ਹੈ। ਇਸ ਦੌਰਾਨ ਵੋਟਰਾਂ ਨਾਲ ਨਿੱਜੀ ਰਾਬਤੇ ਤੋਂ ਲੈ ਕੇ ਨੁੱਕੜ ਮੀਟਿੰਗਾਂ, ਚੋਣ ਰੈਲੀਆਂ ਤੇ ਰੋਡ ਸ਼ੋਅ ਕੱਢੇ ਗਏ। ਬਠਿੰਡਾ ਸ਼ਹਿਰੀ, ਤਲਵੰਡੀ ਸਾਬੋ, ਮੋੜ ਵਿਚ ਚਹੁੰਕੌਣੇ ਤੇ ਭੁੱਚੋਂ ਮੰਡੀ, ਬਠਿੰਡਾ ਦਿਹਾਤੀ ਤੇ ਰਾਮਪੁਰਾ ’ਚ ਤਿੰਨ ਕੌਣੇ ਸਖ਼ਤ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਪਹਿਲੀ ਵਾਰ ਬਹੁ ਕੌਣੇ ਮੁਕਾਬਲੇ ਹੋਣ ਕਾਰਨ ਵੋਟਰ ਦਿਲ ਦਾ ਭੇਤ ਨਹੀਂ ਦੇ ਰਹੇ ਹਨ। ਉਜ ਬਦਲਾਅ ਦੀ ਗੱਲ ਜਰੂਰ ਕੀਤੀ ਜਾ ਰਹੀ ਹੈ। ਚੋਣ ਮੈਦਾਨ ਵਿਚ ਜ਼ਿਲ੍ਹੇ ‘ਚ ਕਈ ਵੱਡੇ ਕੱਦ ਦੇ ਸਿਆਸੀ ਨੇਤਾ ਮੈਦਾਨ ਵਿਚ ਨਿੱਤਰੇ ਹੋਏ ਹਨ, ਜਿੰਨ੍ਹਾਂ ਵਿਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ, ਸਿਕੰਦਰ ਸਿੰਘ ਮਲੂਕਾ ਤੇ ਹਰਮਿੰਦਰ ਸਿੰਘ ਜੱਸੀ ਤੋਂ ਇਲਾਵਾ ਬਲਜਿੰਦਰ ਕੌਰ, ਜੀਤਮਹਿੰਦਰ ਸਿੰਘ ਸਿੱਧੂ, ਖ਼ੁਸਬਾਜ ਸਿੰਘ ਜਟਾਣਾ, ਪ੍ਰੀਤਮ ਸਿੰਘ ਕੋਟਭਾਈ, ਦਰਸ਼ਨ ਸਿੰਘ ਕੋਟਫੱਤਾ, ਹਰਵਿੰਦਰ ਸਿੰਘ ਲਾਡੀ, ਪ੍ਰਕਾਸ਼ ਸਿੰਘ ਭੱਟੀ, ਅਮਿ੍ਰਤ ਰਤਨ ਤੇ ਗਾਇਕ ਬਲਕਾਰ ਸਿੱਧੂ ਤੋਂ ਇਲਾਵਾ ਚਰਚਿਤ ਚੇਹਰੇ ਲੱਖਾ ਸਿਧਾਣਾ ਦਾ ਨਾਮ ਜਿਕਰਯੋਗ ਹੈ, ਜਿੰਨ੍ਹਾਂ ਦੀ ਇੱਜ਼ਤ ਦਾਅ ’ਤੇ ਲੱਗੀ ਹੋਈ ਹੈ। ਜਿੱਥੇ ਕਾਂਗਰਸ ਪਾਰਟੀ ਦੂਜੀ ਵਾਰ ਜਿੱਤ ਕੇ ਸਰਕਾਰ ਬਣਾਉਣ ਲਈ ਕਾਹਲੀ ਦਿਖਾਈ ਦੇ ਰਹੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਦਾ ਵਕਾਰ ਵੀ ਦਾਅ ’ਤੇ ਲੱਗਿਆ ਹੋਇਆ ਹੈ। ਇਸੇ ਤਰ੍ਹਾਂ ਪਿਛਲੀ ਵਾਰ ਲੋਕਾਂ ਦੇ ਭਾਰੀ ਉਤਸ਼ਾਹ ਦੇ ਬਾਵਜੂਦ ਖੁੰਜੀ ਆਮ ਆਦਮੀ ਪਾਰਟੀ ਇਸ ਵਾਰ ਕੋਈ ਮੌਕਾ ਨਹੀਂ ਗਵਾਉਣਾ ਚਾਹੁੰਦੀ ਹੈ ਜਦੋਂਕਿ ਅਕਾਲੀਆਂ ਨਾਲੋਂ ਅਲੱਗ ਹੋ ਕੇ ਲੜ ਰਹੀ ਭਾਜਪਾ ਸੂਬੇ ਵਿਚ ਅਪਣੀ ਜਬਰਦਸਤ ਮੌਜੂਦਗੀ ਦਿਖਾਉਣ ਲਈ ਹਰ ਦਾਅ ਖੇਡ ਰਹੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇੰਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਵਿਲੱਖਣ ਤੇ ਹੈਰਾਨੀਜਨਕ ਨਤੀਜ਼ੇ ਸਾਹਮਣੇ ਆ ਸਕਦੇ ਹਨ।
ਬਾਕਸ
ਜਿਆਦਾਤਰ ਉਮੀਦਵਾਰ ਅਪਣੇ ਹੱਕ ਵਿਚ ਨਹੀਂ ਪਾ ਸਕਣਗੇ ਅਪਣੀ ਵੋਟ
ਬਠਿੰਡਾ: ਭਲਕੇ ਹੋਣ ਵਾਲੀਆਂ ਵੋਟਾਂ ’ਚ ਪਹਿਲੀ ਵਾਰ ਵੱਡੀ ਗਿਣਤੀ ਵਿਚ ਉਮੀਦਵਾਰ ਅਪਣੀ ਵੋਟ ਅਪਣੇ ਹੱਕ ਵਿਚ ਨਹੀਂ ਪਾ ਸਕਣਗੇ। ਇਸਦਾ ਮੁੱਖ ਕਾਰਨ ਜਿਆਦਾਤਰ ਪ੍ਰਮੁੱਖ ਪਾਰਟੀਆਂ ਦੇ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦਾ ਹਲਕੇ ਤੋਂ ਬਾਹਰੀ ਹੋਣਾ ਹੈ। ਹਲਕੇ ਮੋੜ ਵਿਚ ਪੰਜ ਕੌਣਾ ਮੁਕਾਬਲਾ ਹੈ, ਪ੍ਰੰਤੂ ਚਾਰ ਉਮੀਦਵਾਰ ਅਪਣੀ ਵੋਟ ਅਪਣੇ ਹੱਕ ਵਿਚ ਨਹੀਂ ਪਾ ਸਕਣਗੇ। ਇੰਨ੍ਹਾਂ ਵਿਚ ਲੱਖਾ ਸਿਧਾਣਾ, ਮੰਜੂ ਬਾਂਸਲ ਤੇ ਦਿਆਲ ਸੋਢੀ ਦਾ ਨਾਮ ਸ਼ਾਮਲ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜ ਰਹੇ ਹਰਵਿੰਦਰ ਸਿੰਘ ਲਾਡੀ ਤੇ ਪ੍ਰਕਾਸ਼ ਸਿੰਘ ਭੱਟੀ ਦੀ ਹਲਕੇ ਵਿਚ ਵੋਟ ਨਹੀਂ ਹੈ। ਭੁੱਚੋਂ ਮੰਡੀ ਵਿਚ ਤਿੰਨ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਤੇ ਰੁਪਿੰਦਰਜੀਤ ਸਿੰਘ ਵੀ ਹਲਕੇ ਤੋਂ ਬਾਹਰਲੇ ਹਨ। ਬਠਿੰਡਾ ਸਹਿਰੀ ਹਲਕੇ ਤੋਂ ਦੂਜੀ ਵਾਰ ਚੋਣ ਲੜ ਰਹੇ ਵਿਤ ਮੰਤਰੀ ਮਨਪ੍ਰੀਤ ਸਿੰਘ ਦੀ ਅਪਣੀ ਵੋਟ ਲੰਬੀ ਹਲਕੇ ਦੇ ਪਿੰਡ ਬਾਦਲ ਵਿਚ ਬਣੀ ਹੋਈ ਹੈ। ਤਲਵੰਡੀ ਸਾਬੋ ਹਲਕੇ ਵਿਚ ਹਰਮਿੰਦਰ ਸਿੰਘ ਜੱਸੀ, ਜੀਤਮਹਿੰਦਰ ਸਿੱਧੂ ਤੇ ਖ਼ੁਸਬਾਜ ਸਿੰਘ ਜਟਾਣਾ ਵੀ ਹਲਕੇ ਤੋਂ ਬਾਹਰਲੇ ਹਨ। ਇਸਤੋਂ ਇਲਾਵਾ ਰਾਮਪੁਰਾ ਫ਼ੂਲ ਹਲਕੇ ਤੋਂ ਬਲਕਾਰ ਸਿੱਧੂ ਦੀ ਵੀ ਹਲਕੇ ਵਿਚ ਵੋਟ ਨਹੀਂ ਹੈ।
Share the post "ਬਠਿੰਡਾ ’ਚ ਪੌਣੇ 11 ਲੱਖ ਵੋਟਰ ਅੱਜ ਕਰਨਗੇ 69 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ"