2017 ਦੀਆਂ ਵਿਧਾਨ ਸਭਾ ਚੋਣਾਂ ’ਚ ਹੋਈ ਸੀ 82 ਫ਼ੀਸਦੀ ਤੇ 2022 ’ਚ ਹੋਈ 78 ਫ਼ੀਸਦੀ ਪੋਲਿੰਗ
2019 ਦੀਆਂ ਲੋਕ ਸਭਾ ਚੋਣਾਂ ’ਚ ਰਹੀ ਸੀ 74 ਫ਼ੀਸਦੀ ਪੋਲਿੰਗ
ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ: ਇਸ ਵਾਰ ਸੂਬੇ ’ਚ ਬਹੁਕੌਣੇ ਮੁਕਾਬਲੇ ਹੌਣ ਦੇ ਬਾਵਜੂਦ ਵੋਟ ਪ੍ਰਤੀਸ਼ਤਾ ਕਾਫ਼ੀ ਘਟ ਗਈ ਹੈ। ਹਾਲਾਂਕਿ ਚੋਣ ਮੈਦਾਨ ’ਚ ਨਿੱਤਰੇ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਖਿੱਚਣ ਲਈ ਕਾਫ਼ੀ ਜੋਰ ਲਗਾਇਆ ਗਿਆ ਸੀ। ਉਪਲਬਧ ਅੰਕੜਿਆਂ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਚਾਰ ਫ਼ੀਸਦੀ ਵੋਟ ਘੱਟ ਪੋਲ ਹੋਈ ਹੈ। 2017 ਦੀਆਂ ਚੋਣਾਂ ‘ਚ ਜ਼ਿਲ੍ਹੇ ਵਿਚ ਕੁੱਲ ਵੋਟ ਪ੍ਰਤੀਸ਼ਤਾ 82.26 ਫ਼ੀਸਦੀ ਰਹੀ ਸੀ, ਜਿਹੜੀ 2022 ਵਿਚ ਘਟ ਕੇ 78.19 ਫ਼ੀਸਦੀ ਰਹਿ ਗਈ ਹੈ। ਉਜ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਤੋਂ ਇਹ ਚਾਰ ਫ਼ੀਸਦੀ ਵਧ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲੇ ’ਚ ਸਭ ਤੋਂ ਵੱਧ ਰਾਮਪੁਰਾ ਫ਼ੂਲ ਹਲਕੇ ’ਚ 85.9 ਫ਼ੀਸਦੀ ਪੋਲਿੰਗ ਸੀ ਪ੍ਰੰਤੂ ਇਸ ਵਾਰ ਤਲਵੰਡੀ ਸਾਬੋ ਨੇ ਬਾਜ਼ੀ ਮਾਰੀ ਹੈ, ਜਿੱਥੇ 83.69 ਫ਼ੀਸਦੀ ਪੋਲਿੰਗ ਰਹੀ ਹੈ। ਹਾਲਾਂਕਿ ਇਹ ਵੋਟ ਪ੍ਰਤੀਸ਼ਤਾ ਪਿਛਲੀਆਂ ਚੋਣਾਂ ਦੇ ਮੁਕਾਬਲੇ 2 ਫ਼ੀਸਦੀ ਘਟ ਹੈ। ਇਸ ਹਲਕੇ ਵਿਚ ਪੰਜ ਕੌਣਾ ਮੁਕਾਬਲਾ ਸੀ, ਜਿੱਥੇ ਕਾਂਗਰਸ ਦੇ ਖ਼ੁਸਬਾਜ ਜਟਾਣਾ, ਆਪ ਦੀ ਬਲਜਿੰਦਰ ਕੌਰ ਤੇ ਅਕਾਲੀ ਦਲ ਦੇ ਜੀਤਮਹਿੰਦਰ ਸਿੱਧੂ ਤੋਂ ਇਲਾਵਾ ਹਰਮਿੰਦਰ ਸਿੰਘ ਜੱਸੀ ਨੇ ਅਜਾਦ ਅਤੇ ਤਲਵੰਡੀ ਸਾਬੋ ਹਲਕੇ ਦੇ ਵਾਸੀ ਰਵੀਪੀ੍ਰਤ ਸਿੱਧੂ ਨੇ ਭਾਜਪਾ ਵਲੋਂ ਪੂਰੀ ਤਰ੍ਹਾਂ ਚੋਣ ਮੈਦਾਨ ਭਖਾਇਆ ਹੋਇਆ ਸੀ। ਹਾਲਾਂਕਿ ਸਿਆਸੀ ਮਾਹਰ ਬੰਪਰ ਵੋਟਿੰਗ ਨੂੰ ਸੱਤਾ ਵਿਰੋਧੀ ਗੁੱਸਾ ਦੱਸਦੇ ਹਨ ਪ੍ਰੰਤੂ ਇਸ ਵਾਰ ਘੱਟ ਵੋਟ ਪ੍ਰਤੀਸ਼ਤਾ ਦੇ ਬਾਵਜੂਦ ਅਣਕਿਆਸੇ ਨਤੀਜ਼ੇ ਆਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਵੋਟ ਪ੍ਰਤੀਸ਼ਤਤਾ ਦੇ ਵਿਚ ਤਲਵੰਡੀ ਸਾਬੋ ਤੋਂ ਬਾਅਦ ਮੋੜ ਹਲਕਾ ਦੂਜੇ ਨੰਬਰ ’ਤੇ ਰਿਹਾ ਹੈ, ਇੱਥੇ ਵੀ ਪੰਜ ਕੌਣਾ ਮੁਕਾਬਲਾ ਸੀ। ਆਪ ਦੇ ਸੁਖਵੀਰ ਸਿੰਘ, ਕਾਂਗਰਸ ਦੀ ਮੰਜੂ ਬਾਂਸਲ, ਅਕਾਲੀ ਦਲ ਦੇ ਜਗਮੀਤ ਬਰਾੜ ਤੋਂ ਇਲਾਵਾ ਅਜਾਦ ਉਮੀਦਵਾਰ ਲੱਖਾ ਸਿਧਾਣਾ ਤੇ ਭਾਜਪਾ ਦੇ ਦਿਆਲ ਸੋੋਢੀ ਵਲੋਂ ਵੀ ਇੱਕ-ਇੱਕ ਵੋਟ ਲਈ ਪੂਰੀ ਵਾਹ ਲਾਈ ਹੋਈ ਸੀ। ਸੱਤਾ ਵਿਰੋਧੀ ਲਹਿਰ ਦੇ ਬਾਵਜੂਦ ਬਠਿੰਡਾ ਸਹਿਰੀ ਹਲਕੇ ਵਿਚ ਸਭ ਤੋਂ ਘੱਟ ਵੋਟ ਪੋਲ ਹੋਈ। ਇੱਥੇ ਚੋਣ ਕਮਿਸ਼ਨ ਵਲੋਂ 69.89 ਫੀਸਦੀ ਪੋਲਿੰਗ ਪ੍ਰਤੀਸਤਾ ਦਰਜ਼ ਕੀਤੀ ਗਈ। ਇਸ ਹਲਕੇ ਵਿਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਆਪ ਦੇ ਜਗਰੂਪ ਸਿੰਘ ਗਿੱਲ, ਅਕਾਲੀ ਦਲ ਦੇ ਸਰੂਪ ਸਿੰਗਲਾ ਤੇ ਭਾਜਪਾ ਦੇ ਰਾਜ ਨੰਬਰਦਾਰ ਵਲੋਂ ਪੂਰਾ ਜੋਰ ਲਗਾਇਆ ਹੋਇਆ ਸੀ। ਉਜ ਇਸ ਹਲਕੇ ਵਿਚ ਸਭ ਤੋਂ ਵੱਧ ਵੋਟ ਵਿਕਣ ਦੀਆਂ ਚਰਚਾਵਾਂ ਵੀ ਚੱਲਦੀਆਂ ਰਹੀਆਂ ਸਨ। ਉਧਰ ਰਾਮਪੁਰਾ ਫ਼ੂਲ ’ਚ ਦੋ ਸਾਬਕਾ ਮੰਤਰੀਆਂ ਗੁਰਪ੍ਰੀਤ ਸਿੰਘ ਕਾਂਗੜ੍ਹ ਤੇ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਆਪ ਉਮੀਦਵਾਰ ਬਲਕਾਰ ਸਿੱਧੂ ਵਿਚਕਾਰ ਤਿਕੌਣੀ ਟੱਕਰ ਸੀ। ਇੱਥੇ 79.55 ਫ਼ੀਸਦੀ ਪੋਲਿੰਗ ਦਰਜ਼ ਕੀਤੀ ਗਈ ਹੈ। ਜਦੋਂਕਿ ਬਠਿੰਡਾ ਦਿਹਾਤੀ ਹਲਕੇ ਵਿਚ ਵੀ ਤਿਕੌਣੀ ਟੱਕਰ ਦੇ ਬਾਵਜੂਦ 78.24 ਫ਼ੀਸਦੀ ਪੋਲਿੰਗ ਹੋਈ।
ਬਾਕਸ
ਹਲਕਾ ਸਾਲ 2017 ਵਿਚ ਵੋਟ ਪ੍ਰਤੀਸ਼ਤਾ ਸਾਲ 2022 ਵਿਚ ਵੋਟ ਪ੍ਰਤੀਸ਼ਤਾ
ਰਾਮਪੁਰਾ ਫ਼ੂਲ 85.9 ਫ਼ੀਸਦੀ 79.55 ਫ਼ੀਸਦੀ
ਭੁੱਚੋਂ ਮੰਡੀ 83.9 ਫ਼ੀਸਦੀ 80.40 ਫ਼ੀਸਦੀ
ਬਠਿੰਡਾ ਸ਼ਹਿਰੀ 73.5 ਫ਼ੀਸਦੀ 69.89 ਫ਼ੀਸਦੀ
ਬਠਿੰਡਾ ਦਿਹਾਤੀ 81.1 ਫ਼ੀਸਦੀ 78.24 ਫ਼ੀਸਦੀ
ਤਲਵੰਡੀ ਸਾਬੋ 85.6 ਫ਼ੀਸਦੀ 83.69 ਫ਼ੀਸਦੀ
ਮੋੜ 84.0 ਫ਼ੀਸਦੀ 80.54 ਫ਼ੀਸਦੀ
ਕੁੱਲ ਵੋਟ ਪ੍ਰਤੀਸ਼ਤਾ 82.26 ਫ਼ੀਸਦੀ 74.16 ਫ਼ੀਸਦੀ
ਬਾਕਸ
ਹਲਕਾ ਕੁੱਲ ਵੋਟਰ ਪੋਲ ਹੋਈਆਂ ਵੋਟਾਂ
ਰਾਮਪੁਰਾ 1,69,859 1,35,133
ਭੁੱਚੋਂ 1,84,785 1,48,570
ਬਠਿੰਡਾ ਸ਼ਹਿਰੀ 2,29,525 1,60,420
ਬਠਿੰਡਾ ਦਿਹਾਤੀ 1,58,082 1,23,685
ਤਲਵੰਡੀ ਸਾਬੋ 1,56,336 1,30,848
ਮੋੜ 1,67,547 1,35,000
ਜ਼ਿਲ੍ਹੇ ’ਚ ਕੁੱਲ ਵੋਟਾਂ 10,66,134 8,33,656
ਬਹੁਕੌਣੇ ਮੁਕਾਬਲਿਆਂ ਦੇ ਬਾਵਜੂਦ ਬਠਿੰਡਾ ’ਚ ਵੋਟ ਪ੍ਰਤੀਸ਼ਤਾ ਚਾਰ ਫ਼ੀਸਦੀ ਘਟੀ
9 Views