ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 03 ਮਾਰਚ: ਕੇਂਦਰ ਸਰਕਾਰ ਵਲੋਂ ਬੀਬੀਐਮਬੀ ’ਚ ਪਹਿਲਾਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਤੇ ਹੁਣ ਸੁਰੱਖਿਆ ਪ੍ਰਬੰਧ ਅਪਣੇ ਹੱਥਾਂ ਵਿਚ ਲੈਣ ਦੀ ਨਿਖ਼ੇਧੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਇੰਨ੍ਹਾਂ ਫੈਸਲਿਆਂ ਦਾ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਅੱਜ ਸਿਥਾਨਕ ਚਿਲਡਰਨ ਪਾਰਕ ’ਚ ਜਥੇਬੰਦੀ ਦੀ ਹੋਈ ਅਹਿਮ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਸੂਬਾ ਆਗੂ ਰੇਸਮ ਸਿੰਘ ਯਾਤਰੀ ਤੇ ਗੁਰਮੇਲ ਸਿੰਘ ਲਹਿਰਾ ਨੇ ਦੋਸ਼ ਲਗਾਇਆ ਕਿ ਜਦੋ ਭਾਖ਼ੜਾ ਡੈਮ ਦੀ ਉਸਾਰੀ ਲਈ ਜਮੀਨ ਪੰਜਾਬ ਦੇ ਪਿੰਡਾਂ ਦਾ ਉਜਾੜਾ ਕਰਕੇ ਹਾਸਲ ਕੀਤੀ ਸੀ ਤੇ ਇੱਥੇ ਪੰਜਾਬ ਦੇ ਲੋਕਾਂ ਨੇ ਅਪਣਾ ਖੂਨ ਪਸੀਨਾ ਵਹਾਇਆ ਪ੍ਰੰਤੂ ਹੁਣ ਕੇਂਦਰ ਪੰਜਾਬ ਦਾ ਅਧਿਕਾਰ ਖੋ ਰਹੀ ਹੈ। ਕਿਸਾਨ ਆਗੂਆਂ ਮੁਤਾਬਕ ਇਸ ਡੈਮ ਦਾ ਪਾਣੀ ਜਦੋ ੳਵਰਫਲੋਅ ਹੁੰਦਾ ਹੈ ਤਾਂ ਵੀ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਹੁੰਦਾ ਹੈ। ਇਸਤੋਂ ਇਲਾਵਾ ਰਿਪੇਰੀਅਨ ਕਨੂੰਨ ਅਨੁਸਾਰ ਵੀ ਇਸ ਉਪਰ ਪੰਜਾਬ ਦਾ ਅਧਿਕਾਰ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕੇਦਰ ਸਰਕਾਰ ਦੀ ਨੀਤੀ ਪੰਜਾਬ ਦੀ ਧਰਤੀ ’ਤੇ ਕਾਰਪੋਰੇਟ ਘਰਾਣਿਆ ਦਾ ਕਬਜਾ ਕਰਵਾਉਣ ਦੀ ਹੈ। ਆਗੂਆਂ ਨੇ ਦਸਿਆ ਕਿ ਕੇਂਦਰ ਦੇ ਇਸ ਫ਼ੈਸਲੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵਲੋਂ 4 ਮਾਰਚ ਨੂੰ 12 ਵਜੇ ਤਕ ਪਿੰਡਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਪੂਤਲੇ ਫੂਕੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਮੀਟਿੰਗ ਵਿਚ ਰਣਜੀਤ ਸਿੰਘ ਜੀਦਾ, ਭੋਲਾ ਸਿੰਘ ਕੋਟੜਾ, ਜਵਾਹਰ ਸਿੰਘ ਕਲਿਆਣ , ਅੰਗਰੇਜ ਸਿੰਘ, ਜਸਵੀਰ ਸਿੰਘ ਨੰਦਗੜ੍ਹ, ਰਾਜਵੀਰ ਸਿੰਘ ਸੇਖਪੁਰਾ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਜੋਧਪੁਰ, ਗੁਰਸੇਵਕ ਸਿੰਘ ਫੁਲ ਆਦਿ ਆਗੂ ਸਾਮਲ ਸਨ।
ਪੰਜਾਬ ਦੇ ਹੱਕਾਂ ’ਤੇ ਡਾਕੇ ਦਾ ਸਿੱਧੂਪੁਰ ਜਥੇਬੰਦੀ ਕਰੇਗੀ ਡੱਟ ਕੇ ਵਿਰੋਧ
11 Views