ਚਾਰ ਥਾਵਾਂ ’ਤੇ ਅਕਾਲੀ, ਇੱਕ ਥਾਂ ਕਾਂਗਰਸੀ ਤੇ ਇੱਕ ਥਾਂ ਅਜਾਦ ਰਿਹਾ ਦੂਜੇ ਸਥਾਨ ’ਤੇ
ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ: ਆਮ ਆਦਮੀ ਪਾਰਟੀ ਨੇ ਅੱਜ ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਜ਼ਿਲ੍ਹੇ ’ਚ ਵੀ ਝਾੜੂ ਫ਼ੇਰ ਦਿੱਤਾ। ਪਿਛਲੀ ਵਾਰ ਤਿੰਨ ਵਿਧਾਨ ਸਭਾ ਸੀਟਾਂ ਜਿੱਤਣ ਵਾਲੀ ਆਪ ਨੇ ਅੱਜ ਜ਼ਿਲ੍ਹੇ ਦੀਆਂ ਸਮੂਹ 6 ਸੀਟਾਂ ’ਤੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਵੱਡੀ ਗੱਲ ਇਹ ਰਾਹੀ ਕਿ ਜ਼ਿਲ੍ਹੇ ਵਿਚ ਮੌਜੂਦਾ ਸੱਤਾਧਾਰੀ ਕਾਂਗਰਸ ਨੂੰ ਪੰਜ ਹਲਕਿਆਂ ਵਿਚ ਤੀਜ਼ੇ ਸਥਾਨ ’ਤੇ ਹੀ ਸਬਰ ਕਰਨਾ ਪਿਆ। ਜਦੋਂਕਿ ਅਕਾਲੀ ਦਲ ਨੇ ਚਾਰ ਸੀਟਾਂ ’ਤੇ ਦੁੂਜੇ ਸਥਾਨ ਉਪਰ ਰਹਿ ਕੇ ਅਪਣੀ ਇੱਜਤ ਬਚਾਉਣ ਦੀ ਕੋਸ਼ਿਸ਼ ਕੀਤੀ। ਬਠਿੰਡਾ ਸਹਿਰੀ ਹਲਕੇ ਤੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ 63,581 ਹਜ਼ਾਰ ਰਿਕਾਰਡਤੋੜ ਵੋਟਾਂ ਨਾਲ ਨਮੋਸੀ ਭਰੀ ਹਾਰ ਦਾ ਮੂੰਹ ਦੇਖਣਾ ਪਿਆ। ਇਸੇ ਤਰ੍ਹਾਂ ਭੁੱਚੋਂ ਮੰਡੀ ਤੋਂ ਆਪ ਉਮੀਦਵਾਰ 50,212 ਵੋਟਾਂ ਨਾਲ ਜਿੱਤੇ। ਇਸ ਹਲਕੇ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਰਾਮਪੁਰਾ ਫ਼ੂਲ ਹਲਕੇ ਤੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ, ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਖ਼ੁਸਬਾਜ ਸਿੰਘ ਜਟਾਣਾ ਤੇ ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ ਤੀਜ਼ੇ ਸਥਾਨ ’ਤੇ ਰਹੇ ਜਦੋਂਕਿ ਮੋੜ ਹਲਕੇ ਤੋਂ ਮੰਜੂ ਬਾਂਸਲ ਚੌਥੇ ਸਥਾਨ ‘ਤੇ ਪੁੱਜ ਗਈ। ਇਸ ਹਲਕੇ ਵਿਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਲੱਖਾ ਸਿਧਾਣਾ ਨੇ ਵੀ ਆਪ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਉਹ ਵੀ 35 ਹਜ਼ਾਰ ਦੇ ਕਰੀਬ ਵੋਟਾਂ ਦੇ ਅੰਤਰ ਨਾਲ ਪਿੱਛੇ ਰਹੇ। ਜੇਕਰ ਹਲਕਾ ਵਾਰ ਗੱਲ ਕੀਤੀ ਜਾਵੇ ਤਾਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈ ਕੇ ਅਖ਼ੀਰ ਤੱਕ ਜ਼ਿਲ੍ਹੇ ਦੇ ਸਿਰਫ਼ ਇੱਕ ਹਲਕੇ ਵਿਚ ਥੋੜੀ ਬਹੁਤੀ ਟੱਕਰ ਦੇਖਣ ਨੂੰ ਮਿਲੀ, ਜਿਸ ਵਿਚ ਰਾਮਪੁਰਾ ਫ਼ੂਲ ਹਲਕੇ ਤੋਂ ਸਿਕੰਦਰ ਸਿੰਘ ਮਲੂਕਾ ਥੋੜੇ ਸਮੇਂ ਲਈ ਅੱਗੇ ਰਹੇ। ਪ੍ਰੰਤੂ ਬਾਅਦ ਵਿਚ ਉਹ ਵੀ ਹਥਿਆਰ ਸੁੱਟ ਗਏ ਤੇ ਜਲਦੀ ਹੀ ਚੋਣ ਕੇਂਦਰ ਵਿਚ ਚੱਲਦੇ ਬਣੇ। ਜੇਕਰ ਹਲਕਾ ਵਾਈਜ਼ ਗੱਲ ਕੀਤੀ ਜਾਵੇ ਤਾਂ ਬਠਿੰਡਾ ਸ਼ਹਿਰੀ ਹਲਕੇ ਤੋਂ ਜਗਰੂਪ ਸਿੰਘ ਗਿੱਲ ਨੂੰ ਕੁੱਲ ਪੋਲ ਹੋਈਆਂ 1,62,698 ਹਜ਼ਾਰ ਵੋਟਾਂ ਵਿਚੋਂ 93057, ਮਨਪ੍ਰੀਤ ਬਾਦਲ ਨੂੰ 29476, ਅਕਾਲੀ ਉਮੀਦਵਾਰ ਸਰੂਪ ਸਿੰਗਲਾ ਨੂੰ 24183 ਤੇ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੂੰ 12761 ਵੋਟਾਂ ਪਈਆਂ। ਬਠਿੰਡਾ ਦਿਹਾਤੀ ਹਲਕੇ ਵਿਚ ਆਪ ਉਮੀਦਵਾਰ ਅਮਿਤ ਰਤਨ ਨੇ ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ 30 ਹਜ਼ਾਰ ਦੇ ਕਰੀਬ ਵੋਟਾਂ ਦੇ ਅੰਤਰ ਨਾਲ ਹਰਾਇਆ। ਇਸ ਹਲਕੇ ਤੋਂ ਅਮਿਤ ਰਤਨ ਨੂੰ 66096, ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ 30,617 ਅਤੇ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੂੰ 22716 ਵੋਟਾਂ ਪਈਆਂ। ਭੁੱਚੋਂ ਮੰਡੀ ਹਲਕੇ ਵਿਚ ਪਿਛਲੀ ਵਾਰ 665 ਵੋਟਾਂ ਦੇ ਅੰਤਰ ਨਾਲ ਹਾਰਨ ਵਾਲੇ ਆਪ ਉਮੀਦਵਾਰ ਮਾਸਟਰ ਜਗਸੀਰ ਸਿੰਘ ਨੇ ਇਸ ਵਾਰ 50 ਹਜ਼ਾਰ ਦੇ ਕਰੀਬ ਵੋਟਾਂ ਨਾਲ ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੂੰ ਮਾਤ ਦਿੱਤੀ। ਇਥੋਂ ਜਗਸੀਰ ਸਿੰਘ ਨੂੰ 85778, ਅਕਾਲੀ ਉਮੀਦਵਾਰ ਕੋਟਫੱਤਾ ਨੂੰ 35566 ਅਤੇ ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੂੰ 20,681 ਵੋਟਾਂ ਹੀ ਮਿਲੀਆਂ। ਤਲਵੰਡੀ ਸਾਬੋ ਹਲਕੇ ਤੋਂ ਆਪ ਉਮੀਦਵਾਰ ਬਲਜਿੰਦਰ ਕੌਰ ਨੇ ਲਗਾਤਾਰ ਦੂਜੀ ਵਾਰ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ 48753, ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰੂ 33501, ਕਾਂਗਰਸੀ ਉਮੀਦਵਾਰ ਖ਼ੁਸਬਾਜ ਸਿੰਘ ਜਟਾਣਾ ਨੂੰ 26628 ਅਤੇ ਅਜਾਦ ਚੋਣ ਲੜਣ ਵਾਲੇ ਹਰਮਿੰਦਰ ਸਿੰਘ ਜੱਸੀ ਨੂੰ 12,623 ਵੋਟਾਂ ਮਿਲੀਆਂ। ਮੋੜ ਹਲਕੇ ਵਿਚ ਆਪ ਉਮੀਦਵਾਰ ਸੁਖਵੀਰ ਮਾਈਸਰਖ਼ਾਨਾ ਨੇ ਅਜਾਦ ਉਮੀਦਵਾਰ ਲੱਖਾ ਸਿਧਾਣਾ ਨੂੰ 35008 ਵੋਟਾਂ ਨਾਲ ਹਰਾਇਆ। ਆਪ ਉਮੀਦਵਾਰ ਨੂੰ 63099, ਲੱਖਾ ਸਿਧਾਣਾ ਨੂੰ 28091, ਅਕਾਲੀ ਉਮੀਦਵਾਰ ਜਗਮੀਤ ਸਿੰਘ ਬਰਾੜ ਨੂੰ 23355 ਅਤੇ ਕਾਂਗਰਸੀ ਉਮੀਦਵਾਰ ਮੰਜੂ ਬਾਂਸਲ ਨੂੰ ਸਿਰਫ਼ 15034 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਰਾਮਪੁਰਾ ਫ਼ੂਲ ਹਲਕੇ ਵਿਚ ਵੀ ਝਾੜੂ ਫ਼ਿਰਿਆ, ਜਿੱਥੇ ਭਗਵੰਤ ਮਾਨ ਦੇ ਨਜਦੀਕੀ ਬਲਕਾਰ ਸਿੱਧੂ ਨੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ 10329 ਵੋਟਾਂ ਨਾਲ ਹਾਰ ਦਿੱਤੀ। ਇੱਥੋਂ ਬਲਕਾਰ ਸਿੱਧੂ ਨੂੰ 55715, ਸਿਕੰਦਰ ਸਿੰਘ ਮਲੂਕਾ ਨੂੰ 45386, ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ੍ਹ ਨੂੰ 28077 ਵੋਟਾਂ ਹੀ ਹਾਸਲ ਹੋਈਆਂ।
ਬਠਿੰਡਾ ਜ਼ਿਲ੍ਹੇ ’ਚ ਫ਼ਿਰਿਆ ਝਾੜੂ, ਆਪ ਦੇ ਸਾਰੇ ਉਮੀਦਵਾਰ ਰਹੇ ਜੇਤੂ
7 Views