ਪਹਿਲੀ ਵਾਰ ਬਾਦਲ ਪ੍ਰਵਾਰ ਦਾ ਕੋਈ ਮੈਂਬਰ ਨਹੀਂ ਪੁੱਜਿਆ ਵਿਧਾਨ ਸਭਾ ਵਿਚ
ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਬਾਦਲ ਤਿੰਨੋਂ ਹਾਰੇ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਾਰਚ: ਲੰਘੀ 20 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੇ ਅੱਜ ਆਏ ਚੋਣ ਨਤੀਜ਼ੇ ਬਾਦਲ ਪ੍ਰਵਾਰ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹਨ। ਪੰਜਾਬੀ ਸੂਬਾ ਬਣਨ ਤੋਂ ਬਾਅਦ ਇਹ ਪਹਿਲੀ ਵਿਧਾਨ ਸਭਾ ਹੋਵੇਗੀ, ਜਿਸ ਵਿਚ ਬਾਦਲ ਪ੍ਰਵਾਰ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਹੋਵੇਗਾ। ਅੱਜ ਆਏ ਨਤੀਜਿਆਂ ਵਿਚ ਨਾ ਸਿਰਫ਼ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਹਾਰ ਗਏ, ਬਲਕਿ ਸਾਬਕਾ ਉਪ ਮੁੱਖ ਮੰਤਰੀ ਰਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਚਚੇਰੇ ਭਰਾ ਅਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸਿਆਸੀ ਮਾਹਰਾਂ ਮੁਤਾਬਕ ਇਹ ਵੱਡੀ ਸਿਆਸੀ ਸੱਟ ਬਾਦਲ ਪ੍ਰਵਾਰ ਦੀ ਪੰਜਾਬ ਵਿਚ ਬੋਲਦੀ ਸਿਆਸੀ ਤੂਤੀ ’ਤੇ ਵੀ ਸਵਾਲੀਆ ਨਿਸ਼ਾਨ ਲਗਾ ਸਕਦੀ ਹੈ। ਵੱਡੇ ਤੇ ਛੋਟੇ ਬਾਦਲ ਲਈ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਸਵਾਲ ਉਠਣਗੇ, ਉਥੇ ਸੂਬੇ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣ ਵਾਲੇ ਮਨਪ੍ਰੀਤ ਬਾਦਲ ਲਈ ਵੀ ਇਹ ਹਾਰ ਕਿਸੇ ਵੱਡੇ ਸਿਆਸੀ ਨੁਕਸਾਨ ਤੋਂ ਘੱਟ ਨਹੀਂ ਹੈ। ਇੱਥੇ ਦਸਣਾ ਬਣਦਾ ਹੈ ਕਿ ਇੰਨਾਂ ਵਿਧਾਨ ਸਭਾ ਚੋਣਾਂ ’ਚ ਅਪਣੀ ਕਿਸਮਤ ਅਜਮਾ ਰਹੇ 1304 ਉਮੀਦਵਾਰਾਂ ਵਿਚੋਂ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਵੱਡੀ ਉਮਰ (95 ਸਾਲ) ਦੇ ਸਨ। ਉਹ ਨਾ ਸਿਰਫ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਲਕਿ ਦਸ ਵਾਰ ਵਿਧਾਨ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀ ਇਹ ਆਖਰੀ ਚੋਣ ਮੰਨੀ ਜਾ ਰਹੀ ਸੀ ਤੇ ਅਜਿਹੀ ਹਾਲਾਤ ’ਚ ਉਨ੍ਹਾਂ ਦਾ ਹਾਰਨਾ ਬਾਦਲ ਪ੍ਰਵਾਰ ਦੀ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ਵਿਚ ਵੱਜਦੀ ਆ ਰਹੀ ਤੂਤੀ ਨੂੰ ਖ਼ਤਰਾ ਪੈਦਾ ਕਰ ਸਕਦਾ ਹੈ। ਇਸੇ ਤਰ੍ਹਾਂ 2012 ਵਿਚ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਾਪਸੀ ਦਿਵਾ ਕੇ ਹੀਰੋ ਬਣੇ ਸੁਖਬੀਰ ਸਿੰਘ ਬਾਦਲ ਸੂਬੇ ’ਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਡੇਰਾ ਪ੍ਰੇਮੀਆਂ ਨਾਲ ਸਾਂਝ ਨੂੰ ਲੈ ਕੇ ਨਾ ਸਿਰਫ਼ ਵਿਰੋਧੀਆਂ ਬਲਕਿ ਅਕਾਲੀ ਦਲ ਦੇ ਆਗੂਆਂ ਦਾ ਸਿਆਸੀ ਸ਼ਿਕਾਰ ਬਣੇ ਸਨ। ਜਿਸਦੇ ਚੱਲਦੇ 2017 ਵਿਚ ਅਕਾਲੀ ਦਲ ਨੂੰ ਮਿਲੀ ਵੱਡੀ ਹਾਰ ਕਾਰਨ ਦਰਜ਼ਨਾਂ ਵੱਡੇ ਅਕਾਲੀ ਆਗੂ ਉਨ੍ਹਾਂ ਦਾ ਸਾਥ ਛੱਡ ਗਏ ਸਨ ਤੇ ਹੁਣ ਉਨ੍ਹਾਂ ਦੀ ਅਪਣੀ ਹਾਰ ਹੋਰ ਵੀ ਸਵਾਲ ਖ਼ੜੇ ਕਰੇਗੀ।
ਚੋਣ ਨਤੀਜ਼ੇ: ਪਹਿਲੀ ਵਾਰ ਬਾਦਲ ਰਹਿਤ ਹੋਵੇਗੀ ਵਿਧਾਨ ਸਭਾ
7 Views