ਪੁਲਿਸ ਮੁਲਾਜਮਾਂ ਵਲੋਂ ਲੱਡੂ ਵੰਡਣ ਦੀ ਵੀਡੀਓ ਵੀ ਹੋਈ ਵਾਇਰਲ
ਥਰਮਲ ਕਾਮਿਆਂ ਨੇ ਚਲਾਏ ਪਟਾਕੇ, ਭੰਨਿਆ ਖ਼ਾਲੀ ਪੀਪਾ
ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ: ਚੋਣ ਨਤੀਜਿਆਂ ਤੋਂ ਬਾਅਦ ਆਮ ਤੌਰ ’ਤੇ ਜੇਤੂ ਉਮੀਦਵਾਰਾਂ ਦੇ ਹੱਕ ’ਚ ਜਸ਼ਨ ਮਨਾਏ ਜਾਣ ਦੀਆਂ ਖ਼ਬਰਾਂ ਤਾਂ ਆਮ ਸੁਣੀਆਂ ਜਾਂਦੀਆਂ ਹਨ ਪ੍ਰੰਤੂ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਆਪ ਉਮੀਦਵਾਰ ਦੇ ਹੱਥੋਂ ਬੁਰੀ ਤਰਾਂ ਹਾਰਨ ਵਾਲੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਰ ’ਤੇ ਵੀ ਅੱਜ ਸ਼ਹਿਰ ਵਿਚ ਜਸ਼ਨ ਮਨਾਏ ਜਾਣ ਦੀਆਂ ਸੂਚਨਾਵਾਂ ਹਨ। ਇਸ ਦੌਰਾਨ ਕੁੱਝ ਥਾਵਾਂ ’ਤੇ ਲੱਡੂ ਵੰਡਣ ਅਤੇ ਕਈ ਥਾਵਾਂ ’ਤੇ ਪਟਾਕੇ ਪਾਏ ਗਏ ਹਨ। ਇਸਤੋਂ ਇਲਾਵਾ ਕੁੱਝ ਪੁਲਿਸ ਮੁਲਾਜਮਾਂ ਵਲੋਂ ਵੀ ਲੱਡੂ ਵੰਡਣ ਦੀ ਵੀਡੀਓ ਵੀ ਕਾਫ਼ੀ ਵਾਈਰਲ ਹੋਈ। ਇਸੇ ਤਰ੍ਹਾਂ ਇਕ ਥਾਂ ’ਤੇ ਕੁੱਝ ਵਿਅਕਤੀਆਂ ਵਲੋਂ ਖਾਲੀ ਪੀਪਾ ਭੰਨ ਕੇ ਇਸਨੂੰ ਵਿਤ ਮੰਤਰੀ ਨਾਲ ਜੋੜਿਆ ਗਿਆ। ਸੂਚਨਾ ਮੁਤਾਬਕ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਦਫ਼ਤਰ ਸਾਹਮਣੇ ਸੰਸਥਾ ਦੇ ਵਰਕਰਾਂ ਅਤੇ ਹੋਰਨਾਂ ਵਲੋਂ ਲੋਕਾਂ ਨੂੰ ਮਠਿਆਈਆਂ ਵੰਡੀਆਂ ਗਈਆਂ। ਇੱਥੇ ਹੀ ਕੁਝ ਨੌਜਵਾਨਾਂ ਵੱਲੋਂ ਇੱਕ ਖ਼ਾਲੀ ਪੀਪੇ ਨੂੰ ਭੰਨਿਆ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਸਿਹਤ ਵਿਭਾਗ ਦੇ ਠੇਕਾ ਕਾਮਿਆਂ ਨੇ ਵੀ ਲੱਡੂ ਵੰਡ ਕੇ ਖ਼ੁਸੀ ਜਤਾਈ। ਉਧਰ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ’ਚ ਵਿਤ ਮੰਤਰੀ ਦਾ ਲਗਾਤਾਰ ਵਿਰੋਧ ਕਰ ਰਹੇ ਥਰਮਲ ਕਾਮਿਆਂ ਤੇ ਪੈਨਸ਼ਨਰਾਂ ਨੇ ਪਟਾਕੇ ਪਾਏ। ਇਸ ਮੌਕੇ ਆਗੂ ਗੁਰਸੇਵਕ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ‘‘ ਵਿਤ ਮੰਤਰੀ ਵਲੋਂ ਪੰਜ ਸਾਲਾਂ ਵਿਚ ਲਗਾਤਾਰ ਲੋਕ ਤੇ ਮੁਲਾਜਮ ਵਿਰੋਧੀ ਫੈਸਲੇ ਲਏ ਗਏ, ਜਿਸ ਕਾਰਨ ਮੁਲਾਜਮਾਂ ਵਿਚ ਗੁੱਸੇ ਦੀ ਲਹਿਰ ਸੀ। ’’ ਉਨ੍ਹਾਂ ਕਿਹਾ ਕਿ ਅਕਾਲੀਆਂ ਵਲੋਂ ਬੰਦ ਕੀਤੇ ਬਠਿੰਡਾ ਦੇ ਇਤਿਹਾਸਕ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਵੋਟਾਂ ਵੇਲੇ ਚਾਲੂ ਕਰਨ ਦਾ ਭਰੋਸਾ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਿਆਂ ਇਸਦੀਆਂ ਚਿਮਨੀਆਂ ਵੀ ਢਾਹ ਦਿੱਤੀਆਂ ਗਈਆਂ।
ਬਾਕਸ
ਮਨਪ੍ਰੀਤ ਬਾਦਲ 2017 ’ਚ ਜਿੰਨੀ ਵੋਟ ਹਾਸਲ ਕੀਤੀ, 2022 ’ਚ ਉਨੀਆਂ ਵੋਟਾਂ ਨਾਲ ਹਾਰੇ
ਬਠਿੰਡਾ: ਇੱਕ ਕੋਂਸਲਰ ਦੇ ਹੱਥੋਂ ਹਰਨ ਵਾਲੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪਿਛਲੀਆਂ ਤੇ ਹੁਣ ਵਿਧਾਨ ਸਭਾ ਚੋਣਾਂ ਵਿਚ ਹਾਸਲ ਕੀਤੀਆਂ ਵੋਟਾਂ ਦਾ ਵਿਸ਼ਲੇਸਣ ਕਰਨ ‘ਤੇ ਇੱਕ ਗੱਲ ਹੋਰ ਸਾਹਮਣੇ ਆਈ ਹੈ। ਜਿਸ ਮੁਤਾਬਕ ਸ: ਬਾਦਲ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੰਨੀ ਕੁੱਲ ਵੋਟ ਹਾਸਲ ਕੀਤੀ ਸੀ, ਸਾਲ 2022 ਦੀਆਂ ਚੋਣਾਂ ਵਿਚ ਉਹ ਉਨ੍ਹਾਂ ਹੀ ਵੋਟਾਂ ਨਾਲ ਹਾਰੇ ਹਨ। ਅੰਕੜਿਆਂ ਮੁਤਾਬਕ ਉਨ੍ਹਾਂ ਨੂੰ ਸਾਲ 2017 ਵਿਚ ਉਨ੍ਹਾਂ ਨੂੰ 63,942 ਵੋਟਾਂ ਮਿਲੀਆਂ ਸਨ ਪ੍ਰੰਤੂ ਇਸ ਵਾਰ ਉਹ 62,581 ਵੋਟਾਂ ਨਾਲ ਹਾਰ ਗਏ ਹਨ, ਜਿਸਦਾ ਅੰਤਰ ਨਾਮਾਤਰ ਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਆਪ ਉਮੀਦਵਾਰ ਦੀਪਕ ਬਾਂਸਲ ਨੂੰ 18,480 ਵੋਟਾਂ ਨਾਲ ਮਾਤ ਦਿੱਤੀ ਸੀ ਪ੍ਰੰਤੂ ਇਸ ਵਾਰ ਸ: ਬਾਦਲ ਖੁਦ 29,476 ਕੁੱਲ ਵੋਟਾਂ ਲੈਣ ਵਿਚ ਸਫ਼ਲ ਹੋਏ ਹਨ। ਚਰਚਾ ਮੁਤਾਬਕ ਉਨ੍ਹਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਮੁਲਾਜਮ ਵਰਗ ਵਿਚ ਭਾਰੀ ਨਰਾਜ਼ਗੀ ਸੀ, ਜਿਸਦਾ ਵੱਡਾ ਫ਼ਾਈਦਾ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਹੋਇਆ। ਇਸੇ ਤਰ੍ਹਾਂ ਕੁੱਲ 3401 ਪੋਸਟ ਬੈਲਟ ਵੋਟਾਂ ਵਿਚੋਂ ਪੋਲ ਹੋਈਆਂ 2278 ਵੋਟਾਂ ਵਿਚੋਂ ਸਿਰਫ਼ 286 ਵੋਟਾਂ ਮਿਲੀਆਂ ਜਦੋਂਕਿ ਸ: ਗਿੱਲ ਨੂੰ 1548 ਵੋਟਾਂ ਮਿਲੀਆਂ।
ਬਾਕਸ
ਸੰਭਾਵੀ ਹਾਰ ਨੂੰ ਦੇਖਦਿਆਂ ਗਿਣਤੀ ਕੇਂਦਰ ‘ਚ ਵੀ ਨਹੀਂ ਪੁੱਜੇ ਮਨਪ੍ਰਰੀਤ ਬਾਦਲ
ਬਠਿੰਡਾ: ਉਧਰ ਸ਼ਹਿਰੀ ਹਲਕੇ ਦੇ ਵੋਟਰਾਂ ਦੇ ਸਿਆਸੀ ਰੁੱਖ ਭਾਂਪਦਿਆਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਗਿਣਤੀ ਕੇਂਦਰ ਵਿਚ ਹੀ ਨਹੀਂ ਪੁੱਜੇ ਹੋਏ ਸਨ। ਉਨ੍ਹਾਂ ਦੀ ਜਗ੍ਹਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਬੈਠੇ ਹੋਏ ਸਨ। ਜਦੋਂਕਿ ਆਪ ਉਮੀਦਵਾਰ ਜਗਰੂਪ ਗਿੱਲ, ਅਕਾਲੀ ਬਸਪਾ ਉਮੀਦਵਾਰ ਸਰੂਪ ਚੰਦ ਸਿੰਗਲਾ ਤੇ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਗਿਣਤੀ ਕੇਂਦਰ ਵਿਚ ਮੌਜੂਦ ਰਹੇ।
ਬਾਕਸ
ਬਠਿੰਡਾ ਵਾਲਿਆਂ ਨੇ ਲਗਾਤਾਰ ਦੂਜੀ ਵਾਰ ਜਿੱਤ ਨਾ ਸਕਣ ਦਾ ਰਿਕਾਰਡ ਰੱਖਿਆ ਕਾਇਮ
ਬਠਿੰਡਾ: ਇੰਨ੍ਹਾਂ ਚੋਣਾਂ ਵਿਚ ਇੱਕ ਵੀ ਗੱਲ ਦੇਖਣ ਨੂੰ ਮਿਲੀ ਕਿ 1966 ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿਸੇ ਵਿਧਾਇਕ ਦੇ ਬਠਿੰਡਾ ਹਲਕੇ ਤੋਂ ਦੂਜੀ ਵਾਰ ਜਿੱਤ ਨਾ ਸਕਣ ਦਾ ਰਿਕਾਰਡ ਇਸ ਵਾਰ ਵੀ ਨਹੀਂ ਟੁੱਟ ਸਕਿਆ। ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਤੇ ਉਸਦੇ ਸਮਰਥਕ ਇਸ ਰਿਕਾਰਡ ਨੂੰ ਤੋੜਣ ਲਈ ਪੂਰੀ ਵਾਹ ਲਗਾ ਰਹੇ ਸਨ ਪ੍ਰੰਤੂ ਬਠਿੰਡਾ ਵਾਲਿਆਂ ਨੇ ਇਹ ਰਿਕਾਰਡ ਰੱਖਿਆ ਕਾਇਮ ਰੱੱਖਿਆ ਹੈ।