ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਬੀਤੇ ਕੱਲ ਆਏ ਚੋਣ ਨਤੀਜਿਆਂ ਵਿਚ ਬਠਿੰਡਾ ਪੱਟੀ ਦੇ ਦਰਜ਼ਨਾਂ ਵੱਡੇ ਆਗੂ ਅਪਣੀਆਂ ਜਮਾਨਤਾਂ ਬਚਾਉਣ ’ਚ ਵੀ ਅਸਫ਼ਲ ਰਹੇ ਹਨ। ਆਮ ਆਦਮੀ ਪਾਰਟੀ ਦੇ ਹੱਕ ’ਚ ਚੱਲੀ ਸਿਆਸੀ ਹਨੇਰੀ ਕਾਰਨ ਕਈ ਵੱਡੇ ਸਿਆਸੀ ਥੰਮ ਵੀ ਰੁੜਦੇ ਵਿਖਾਈ ਦਿੱਤੇ। ਨਿਯਮਾਂ ਮੁਤਾਬਕ ਜੇਕਰ ਕੋਈ ਉਮੀਦਵਾਰ ਆਪਣੇ ਹਲਕੇ ਵਿੱਚ ਪਈਆਂ ਕੁੱਲ ਵੋਟਾਂ ਦਾ ਛੇਵਾਂ ਹਿੱਸਾ ਲੈਣ ਵਿਚ ਸਫ਼ਲ ਨਹੀਂ ਹੁੰਦਾ ਤਾਂ ਉਸ ਵਲੋਂ ਨਾਮਜਦਗੀ ਦਰਜ਼ ਕਰਨ ਸਮੇਂ ਭਰੀ ਦਸ ਹਜ਼ਾਰ ਦੀ ਰਾਸ਼ੀ ਜਬਤ ਕਰ ਲਈ ਜਾਂਦੀ ਹੈ। ਗੌਰਤਲਬ ਹੈ ਕਿ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ ਪੈਂਦੇ ਕੁੱਲ 6 ਵਿਧਾਨ ਸਭਾ ਹਲਕਿਆਂ ਵਿਚੋਂ 69 ਉਮੀਦਵਾਰ ਚੋਣ ਲੜ ਰਹੇ ਸਨ ਪ੍ਰੰਤੂ ਉਨ੍ਹਾਂ ਵਿਚ ਜੇਤੂ 6 ਉਮੀਦਵਾਰਾਂ ਸਹਿਤ ਕੁੱਲ 13 ਉਮੀਦਵਾਰ ਹੀ ਅਪਣੀ ਜਮਾਨਤ ਰਾਸ਼ੀ ਬਚਾਉਣ ਵਿਚ ਸਫ਼ਲ ਰਹੇ ਹਨ। ਬਠਿੰਡਾ ਸ਼ਹਿਰੀ ਹਲਕੇ ਵਿਚ ਕੁੱਲ 13 ਉਮੀਦਵਾਰਾਂ ਵਿਚ ਸਨ ਪ੍ਰੰਤੂ ਜਗਰੂਪ ਸਿੰਘ ਗਿੱਲ ਦੇ ਹੱਕ ਵਿਚ ਚੱਲੀ ਹਨੇਰੀ ਦੌਰਾਨ ਕਰੀਬ ਦੋ ਹਜ਼ਾਰ ਵੱਧ ਵੋਟਾਂ ਲਿਜਾਣ ਕਾਰਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹੀ ਜਮਾਨਤ ਰਾਸ਼ੀ ਬਚ ਸਕੀ ਹੈ। ਇੱਥੇ ਸਾਬਕਾ ਅਕਾਲੀ ਵਿਧਾਇਕ ਤੇ ਭਾਜਪਾ ਉਮੀਦਵਾਰ ਸਹਿਤ ਬਾਕੀ 11 ਉਮੀਦਵਾਰਾਂ ਦੀਆਂ ਜਮਾਨਤ ਜਬਤ ਹੋ ਗਈ ਹੈ। ਇਸੇ ਤਰ੍ਹਾਂ ਮੋੜ ਹਲਕੇ ਵਿਚ ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਤੇ ਦੂਜੀ ਵਾਰ ਚੋਣ ਮੈਦਾਨ ਵਿਚੋਂ ਹਾਰਨ ਵਾਲੀ ਡਾ ਮਨੋਜ ਬਾਲਾ ਬਾਂਸਲ ਵੀ ਅਪਣੀ ਜਮਾਨਤ ਬਚਾ ਨਹੀਂ ਸਕੇ। ਇਸ ਹਲਕੇ ਵਿਚੋਂ ਚੋਣ ਮੈਦਾਨ ਵਿਚ ਨਿੱਤਰੇ 13 ਉਮੀਦਵਾਰਾਂ ਵਿਚੋਂ ਜੇਤੂ ਰਹੇ ਆਪ ਦੇ ਸੁਖਵੀਰ ਸਿੰਘ ਮਾਈਸਰਖ਼ਾਨਾ ਤੋਂ ਇਲਾਵਾ ਅਜਾਦ ਉਮੀਦਵਾਰ ਲੱਖਾ ਸਿਧਾਣਾ ਅਤੇ ਅਕਾਲੀ ਉਮੀਦਵਾਰ ਜਗਮੀਤ ਸਿੰਘ ਬਰਾੜ ਹੀ ਅਪਣੀ ਜਮਾਨਤ ਰਾਸ਼ੀ ਬਚਾਉਣ ਵਿਚ ਸਫ਼ਲ ਰਹੇ ਹਨ। ਉਧਰ ਵਿਧਾਨ ਸਭਾ ਹਲਕਾ ਭੁੱਚੁ ਮੰਡੀ ਤੋਂ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੀ ਇਸ ਮਾਮਲੇ ਵਿਚ ਪਿੱਛੇ ਰਹਿ ਗਏ ਹਨ। ਇਸ ਹਲਕੇ ਵਿਚ ਕੁੱਲ 8 ਉਮੀਦਵਾਰਾਂ ਵਿਚੋਂ ਜੇਤੂ ਆਪ ਉਮੀਦਵਾਰ ਤੇ ਦੂਜੇ ਨੰਬਰ ’ਤੇ ਰਹੇ ਅਕਾਲੀ ਉਮੀਦਵਾਰ ਨੂੰ ਛੱਡ ਬਾਕੀ ਜਮਾਨਤ ਜਬਤ ਕਰਾ ਬੈਠੇ ਹਨ। ਹਲਕਾ ਤਲਵੰਡੀ ਸਾਬੋ ’ਚ ਅਜਾਦ ਉਮੀਦਵਾਰ ਵਜੋਂ ਅਪਣੀ ਕਿਸਮਤ ਅਜਮਾ ਰਹੇ ਸੌਦਾ ਸਾਧ ਦੇ ਕੁੜਮ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੀ ਵੀ ਜਮਾਨਤ ਜਬਤ ਹੋ ਗਈ ਹੈ। ਇਸ ਹਲਕੇ ਦੇ ਕੁੱਲ 15 ਉਮੀਦਵਾਰਾਂ ਵਿਚੋਂ ਜੇਤੂ ਆਪ ਵਿਧਾਇਕ ਬਲਜਿੰਦਰ ਕੌਰ ਸਹਿਤ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਤੇ ਕਾਂਗਰਸੀ ਉਮੀਦਵਾਰ ਖੁਸਬਾਜ ਸਿੰਘ ਜਟਾਣਾ ਹੀ ਇਸ ਮਾਮਲੇ ਵਿਚ ਬਚੇ ਹਨ। ਜਦੋਂਕਿ ਬਾਕੀ 12 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ। ਬਠਿੰਡਾ ਦਿਹਾਤੀ ਹਲਕੇ ਵਿਚ ਕੁੱਲ ਅੱਠ ਉਮੀਦਵਾਰ ਚੋਣ ਮੈਦਾਨ ਵਿਚ ਸਨ ਪੰ੍ਰੰਤੂ ਜੇਤੂ ਆਪ ਉਮੀਦਵਾਰ ਅਮਿਤ ਰਤਨ ਸਹਿਤ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਭੱਟੀ ਤੇ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਦੀ ਜਮਾਨਤ ਬਚੀ ਹੈ। ਰਾਮਪੁਰਾ ਫੂਲ ਹਲਕੇ ਤੋਂ ਚੋਣ ਲੜਨ ਵਾਲੇ 15 ਉਮੀਦਵਾਰਾਂ ਵਿੱਚੋਂ 12 ਦੀ ਜਮਾਨਤ ਜਬਤ ਹੋਈ ਹੈ। ਇੱਥੇ ਜੇਤੂ ਆਪ ਉਮੀਦਵਾਰ ਬਲਕਾਰ ਸਿੱਧੂ ਸਹਿਤ ਕਾਂਗਰਸ ਤੇ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੰਤਰੀਆਂ ਦੀ ਹੀ ਜਮਾਨਤ ਬਚੀ ਹੈ।
ਬਾਕਸ
ਜਿਆਦਾ ਖਾਂਦੀ-ਖ਼ਾਂਦੀ ਥੋੜੇ ਤੋਂ ਵੀ ਗਈ ਰੂਬੀ!
ਬਠਿੰਡਾ: ਉਧਰ ਪਿਛਲੀ ਵਾਰ ਜ਼ਿਲ੍ਹੇ ਦੇ ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕਰਨ ਵਾਲੀ ਸਾਬਕਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੂੰ ਇਸ ਵਾਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣਾ ਫਿੱਟ ਨਹੀਂ ਬੈਠਿਆ। ਚਰਚਾ ਮੁਤਾਬਕ ਉਹ ਬਠਿੰਡਾ ਦਿਹਾਤੀ ਹਲਕੇ ਦੀ ਬਜਾਏ ਪਾਰਟੀ ਤੋਂ ਕੋਈ ਹੋਰ ਹਲਕਾ ਮੰਗ ਰਹੀ ਸੀ ਪ੍ਰੰਤੂ ਆਪ ਦੀ ਹਾਈਕਮਾਂਡ ਵਲੋਂ ਲਏ ਫੈਸਲੇ ਮੁਤਾਬਕ ਵਿਧਾਇਕਾਂ ਨੂੰ ਮੌਜੂਦਾ ਹਲਕਿਆਂ ਤੋਂ ਹੀ ਚੋਣ ਲੜਣ ਲਈ ਕਿਹਾ ਗਿਆ ਸੀ। ਚਰਚਾਵਾਂ ਮੁਤਾਬਕ ਬਠਿੰਡਾ ਦਿਹਾਤੀ ਹਲਕੇ ’ਚ ਜਿਆਦਾ ਨਾ ਵਿਚਰਨ ਦੇ ਚੱਲਦਿਆਂ ਹਾਰ ਦੇ ਡਰੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾਂ ਐਲਾਨਣ ਦੀ ਨਰਾਜ਼ਗੀ ਦਾ ਦਾਅਵਾ ਕਰਕੇ ਕਾਂਗਰਸ ਪਾਰਟੀ ਵਿਚ ਗਈ ਬੀਬੀ ਰੂਬੀ ਮਲੋਟ ਹਲਕੇ ਵਿਚੋਂ ਵੀ ਖ਼ਾਲੀ ਹੱਥ ਵਾਪਸ ਮੁੜਣਾ ਪਿਆਹੈ, ਜਿੱਥੇ ਕਿਸੇ ਵਿਸੇਸ ਚਮਤਕਾਰ ਦੀ ਆਸ ਵਿਚ ਕਾਂਗਰਸ ਹਾਈਕਮਾਂਡ ਨੇ ਵੀ ਮੌਜੂਦਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਟਿਕਟ ਕੱਟ ਕੇ ਰੂਬੀ ਨੂੰ ਇੱਥੋਂ ਚੋਣ ਲੜਾਈ ਸੀ। ਇਸ ਹਲਕੇ ਦੇ ਆਏ ਨਤੀਜਿਆਂ ਮੁਤਾਬਕ ਬੀਬੀ ਰੂਬੀ ਨੂੰ ਸਿਰਫ਼ 17,652 ਵੋਟਾਂ ਹੀ ਪਈਆਂ ਹਨ। ਹਾਲਾਂਕਿ ਚੋਣ ਨਤੀਜਿਆਂ ਤੋਂ ਬਾਅਦ ਚੱਲ ਰਹੀ ਚਰਚਾ ਮੁਤਾਬਕ ਜੇਕਰ ਰੁਪਿੰਦਰ ਕੌਰ ਰੂਬੀ ਬਠਿੰਡਾ ਦਿਹਾਤੀ ਹਲਕੇ ਤੋਂ ਆਪ ਦੀ ਟਿਕਟ ’ਤੇ ਹੀ ਚੋਣ ਲੜਦੀ ਤਾਂ ਉਹ ਜਿੱਤ ਸਕਦੀ ਸੀ।
ਬਠਿੰਡਾ ਪੱਟੀ ’ਚ ਕਈ ਸਿਆਸੀ ਧੁਨੰਤਰਾਂ ਦੀਆਂ ਹੋਈਆਂ ਜਮਾਨਤਾਂ ਜਬਤ
8 Views