ਰਿਕਸ਼ਾ ਚਲਾਉਣ ਵਾਲੇ ਚੰਨੀ ਨੇ ਪੰਜ ਮਿੰਟਾਂ ਦੀ ਉਡਾਣ ਲਈ ਵੀ ਵਰਤਿਆਂ ਜਹਾਜ਼
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਾਰਚ: ਕੈਪਟਨ ਅਮਰਿੰਦਰ ਸਿੰਘ ਦੀ ਥਾਂ ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਬਣਾਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੇ ਕਾਰਜ਼ਕਾਲ ’ਚ ‘ਉੱਡਣ ਖਟੋਲੇ’ ਉਪਰ 1.83 ਕਰੋੜ ਰੁਪਏ ਖ਼ਰਚ ਦਿੱਤੇ। ਇੰਨ੍ਹਾਂ ਵਿਚ 33 ਲੱਖ ਦੇ ਕਰੀਬ ਰਾਸ਼ੀ ਸਰਕਾਰੀ ਹੈਲੀਕਾਪਟਰ ਦੀ ਹੈ ਜਦੋਂਕਿ ਡੇਢ ਕਰੋੜ ਤੋਂ ਵੱਧ ਰਾਸ਼ੀ ਪੰਜਾਬ ਸਰਕਾਰ ਵਲੋਂ ਵੱਖ ਵੱਖ ਸਮੇਂ ਵਰਤੇ ਗਏ ਪ੍ਰਾਈਵੇਟ ਜਹਾਜਾਂ ਦੇ ਕਿਰਾਏ ਤੇ ਹੋਰਨਾਂ ਖ਼ਰਚਿਆਂ ਵਜੋਂ ਅਦਾ ਕੀਤੀ ਰਾਸ਼ੀ ਦੇ ਹਨ। ਦਸਣਾ ਬਣਦਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਤੁਰੰਤ ਬਾਅਦ ਚਾਰਟਡ ਪਲੇਨ ਲੈ ਕੇ ਦਿੱਲੀ ਜਾਣ ਤੋਂ ਇਲਾਵਾ ਸ: ਚੰਨੀ ਵਲੋਂ ਮੁੱਖ ਮੰਤਰੀ ਹੁੰਦਿਆਂ ਬੱਚਿਆਂ ਨੂੰ ਅਪਣੇ ਸਰਕਾਰੀ ਹੈਲੀਕਾਪਟਰ ਵਿਚ ਝੂਟੇ ਦਿਵਾਉਣ ਦਾ ਵੀਡੀਓ ਵੀ ਕਾਫ਼ੀ ਚਰਚਿਤ ਹੋਇਆ ਸੀ। ਹਾਲਾਂਕਿ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਨਹੀਂ ਤਾਂ ਮੁੱਖ ਮੰਤਰੀ ਨੇ ਭਦੋੜ ’ਚ ਤਾਸ਼ ਖੇਡ ਰਹੇ ਬਜੁਰਗਾਂ ਨੂੰ ਵੀ ਜਹਾਜ਼ ਵਿਚ ਝੂਟੇ ਦਿਵਾਉਣ ਦਾ ਵਾਅਦਾ ਕੀਤਾ ਸੀ। ਬਠਿੰਡਾ ਦੇ ਆਰ.ਟੀ.ਆਈ ਕਾਰਕੁੰਨ ਸੰਜੀਵ ਕੁਮਾਰ ਨੇ ਪੰਜਾਬ ਸਰਕਾਰ ਦੇ ਸ਼ਹਿਰੀ ਹਵਾਬਾਜੀ ਵਿਭਾਗ ਤੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ ਖ਼ੁਦ ਨੂੰ ਰਿਕਸ਼ਾ ਚਾਲ ਦੱਸਣ ਵਾਲੇ ਚਰਨਜੀਤ ਸਿੰਘ ਚੰਨੀ ਨੇ 20 ਸਤੰਬਰ 2021 ਨੂੰ ਮੁੱਖ ਮੰਤਰੀ ਬਣਨ ਤੋਂ ਲੈ ਕੇ 3 ਜਨਵਰੀ ਤੱਕ ਹੈਲੀਕਾਪਟਰ/ਹਵਾਈ ਸਫਰ ਉਪਰ ਕਰੋੜਾਂ ਰੁਪਏ ਖਰਚ ਕੀਤੇ ਹਨ, ਹਾਲਾਂਕਿ ਪੰਜਾਬ ਵਿਚ ਚੋਣ ਜਾਬਤਾ ਅੱਠ ਜਨਵਰੀ ਨੂੰ ਲੱਗਿਆ ਸੀ। ਉਜ ਉਨ੍ਹਾਂ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਖ਼ੀਰ ਤੱਕ ਖ਼ਜਾਨਾ ਖਾਲੀ ਦਾ ਰੌਣਾ ਰੋਂਦੇ ਰਹੇ। 20 ਸਤੰਬਰ 2021 ਤੋਂ 03 ਜਨਵਰੀ 2022 ਤੱਕ ਸੰਜੀਵ ਕੁਮਾਰ ਨੂੰ ਸਰਕਾਰ ਵਲੋਂ ਮੁਹੱਈਆ 294 ਪੰਨਿਆਂ ਦੀ ਸੂਚਨਾ ਮੁਤਾਬਕ ਸਰਕਾਰੀ ਹੈਲੀਕਾਪਟਰ ਦੇ ਚਾਰ ਮਹੀਨਿਆਂ ਦੇ ਖਰਚੇ (ਸਤੰਬਰ 2021 ’ਚ 7,92,193.00 ਰੁਪਏ, ਅਕਤੂਬਰ 2021 ਵਿਚ 8,11,899.00 ਬਿੱਲ ਨਵੰਬਰ 2021 ਰੁਪਏ 8,11,899.00 ਬਿਲ ਦਸੰਬਰ 2021 ਦਾ ਬਿੱਲ 8,11,899.00 ਰੁਪਏ) ਭਾਵ ਕੁੱਲ 32 ਲੱਖ 27 ਹਜ਼ਾਰ 890 ਰੁਪਏ ਖ਼ਰਚੇ ਗਏ ਹਨ। ਇਸੇ ਤਰ੍ਹਾਂ ਕਿਰਾਏ ਦੇ ਜਹਾਜਾਂ ਤੇ ਹੋਰ ਸਫ਼ਰ ਯਾਤਰਾ ਉਪਰ 1 ਕਰੋੜ 51 ਲੱਖ 34 ਹਜ਼ਾਰ 818 ਰੁਪਏ ਅਦਾ ਕੀਤੇ ਗਏ। ਮੁਹੱਈਆ ਸੂਚਨਾ ਮੁਤਾਬਕ ਕਈ ਵਾਰ ਜਹਾਜ ਨੂੰ ਸਿਰਫ਼ ਪੰਜ ਮਿੰਟਾਂ ਲਈ ਹੀ ਵਰਤਿਆਂ ਗਿਆ। ਇਸਤੋਂ ਇਲਾਵਾ ਜਹਾਜ ’ਤੇ ਸਫ਼ਰ ਕਰਨ ਦੇ ਖ਼ਰਚੇ ਵਜੋਂ ਪੰਜਾਬ ਸਰਕਾਰ ਵਲੋਂ ਪ੍ਰਤੀ ਘੰਟਾ ਦੇ ਹਿਸਾਬ ਨਾਲ ਸਾਢੇ ਤਿੰਨ-ਤਿੰਨ ਲੱਖ ਰੁਪਏ ਵੀ ਅਦਾ ਕੀਤੇ ਗਏ। ਇਹੀ ਨਹੀਂ ਇੱਕ ਦਿਨ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੇ ਹੈਲੀਕਾਪਟਰਾਂ/ਹਵਾਈ ਸਫਰ ‘ਤੇ 23 ਲੱਖ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਬਿਲ ਦੇ ਹਿਸਾਬ ਨਾਲ ਹਵਾਈ ਯਾਤਰਾ ‘ਤੇ 3.50 ਲੱਖ ਪ੍ਰਤੀ ਘੰਟਾ ਖਰਚ ਕੀਤਾ ਗਿਆ ਹੈ, ਬਾਕੀ ਖਰਚੇ ਵੱਖਰੇ ਹਨ, ਜਿੰਨ੍ਹਾਂ ਵਿਚ ਪੰਜਾਬ ਸਰਕਾਰ ਵੱਲੋਂ ਹੈਲੀਕਾਪਟਰ ਪਾਇਲਟਾਂ ਦੇ ਰੇਲ ਗੱਡੀਆਂ ਦੇ ਏਅਰ ਕੰਡੀਸਨਰ ਡੱਬਿਆਂ ਦੀ ਬੁਕਿੰਗ, ਟੈਕਸੀ ਦੇ ਕਿਰਾਏ ਅਤੇ ਪਾਇਲਟਾਂ ਦੇ ਦਿੱਲੀ ਤੋਂ ਚੰਡੀਗੜ੍ਹ ਜਾਣ ਅਤੇ ਹਵਾਈ ਜਹਾਜ ਦੀਆਂ ਟਿਕਟਾਂ ਦੀ ਬੁਕਿੰਗ ‘ਤੇ ਹਜਾਰਾਂ/ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਪਾਇਲਟਾਂ ਦੇ ਹੋਟਲਾਂ ਵਿੱਚ ਠਹਿਰਨ ਦੇ ਹਜਾਰਾਂ ਰੁਪਏ ਦੇ ਬਿੱਲਾਂ ਤੋਂ ਇਲਾਵਾ ਸੈਨੇਟਾਈਜਰ, ਚਾਹ, ਪਾਣੀ, ਡੋਸਾ, ਭੋਜਨ, ਪਾਇਲਟਾਂ ਦੀ ਸਿਖਲਾਈ ਦਾ ਖਰਚਾ, ਪਾਇਲਟਾਂ ਦੇ ਲਾਇਸੈਂਸ ਲੈਣ ਦਾ ਖਰਚ, ਕੋਰੀਅਰ ਲੈਣ ਅਤੇ ਹੋਰ ਖਰਚੇ ਸਨ, ਜਿੰਨ੍ਹਾਂ ਨੂੰ ਪੰਜਾਬ ਸਰਕਾਰ ਨੇ ਅਦਾ ਕੀਤਾ। ਇਸੇ ਤਰ੍ਹਾਂ ਹੈਲੀਕਾਪਟਰ ਦੀ ਮੁਰੰਮਤ ਅਤੇ ਇਸ ਦੇ ਨਿਰੀਖਣ ‘ਤੇ ਵੀ ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਹਵਾਈ ਸਫਰ ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਲੀ, ਸਿਮਲਾ, ਅੰਮਿ੍ਰਤਸਰ, ਲੁਧਿਆਣਾ, ਚੰਡੀਗੜ੍ਹ ਆਦਿ ਵਿੱਚ ਲੈਂਡਿੰਗ, ਹੈਂਡਲਿੰਗ, ਕੇਅਰਿੰਗ, ਟੈਕਸ ਆਦਿ ਦੇ ਰੂਪ ਵਿੱਚ ਲੱਖਾਂ ਰੁਪਏ ਖਰਚ ਕੀਤੇ ਦੱਸੇ ਗਗਏ ਹਨ ਤੇ ਲੱਖਾਂ/ਕਰੋੜਾਂ ਦਾ ਤੇਲ ਹੈਲੀਕਾਪਟਰਾਂ ਵਿੱਚ ਪਾਇਆ ਗਿਆ ਹੈ।
ਆਮ ਘਰ ਦੇ ਮੁੱਖ ਮੰਤਰੀ ਨੇ ‘ਉੱਡਣ ਖਟੋਲੇ’ ਉਪਰ ਉਡਾਏ ਦੋ ਕਰੋੜ ਦੇ ਕਰੀਬ
13 Views