ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਸੂਬੇ ’ਚ ਇਤਿਹਾਸਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਅਪਣੇ ਮੰਤਰੀ ਮੰਡਲ ਦਾ ਗਠਨ ਕਰਨ ਵਾਲੀ ਆਮ ਆਦਮੀ ਪਾਰਟੀ ਵਲੋਂ ਅਪਣੇ ਸੀਨੀਅਰ ਆਗੂਆਂ ਨੂੰ ਵਜ਼ਾਰਤ ਵਿਚੋਂ ਬਾਹਰ ਰੱਖਣ ਦੀ ਗੱਲ ਪੰਜਾਬੀਆਂ ਨੂੰ ਹਜਮ ਨਹੀਂ ਹੋ ਰਹੀ ਹੈ। ਹਾਲਾਂਕਿ ਮੰਤਰੀ ਮੰਡਲ ’ਚ ਸ਼ਾਮਲ ਹੋਣ ਦੇ ਪ੍ਰਮੁੱਖ ਦਾਅਵੇਦਾਰ ਰਹੇ ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾਇਆ ਜਾ ਰਿਹਾ ਹੈ ਪ੍ਰੰਤੂ ਸੁਨਾਮ ਹਲਕੇ ਤੋਂ ਪੰਜਾਬ ਵਿਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਅਮਨ ਅਰੋੜਾ ਦੇ ਨਾਲ-ਨਾਲ ਦੂਜੀ ਵਾਰ ਜਿੱਤੀਆਂ ਮਹਿਲਾ ਵਿਧਾਇਕਾਵਾਂ ਪ੍ਰੋ ਬਲਜਿੰਦਰ ਕੌਰ ਤੇ ਸਰਵਜੀਤ ਕੌਰ ਮਾਣੂਕੇ, ਬੁਲਢਾਡਾ ਤੋਂ ਪਿ੍ਰੰਸੀਪਲ ਬੁੱਧ ਰਾਮ ਸਹਿਤ ਅੰਮਿ੍ਰਤਸਰ ਜ਼ਿਲ੍ਹੇ ਵਿਚੋਂ ਸਾਬਕਾ ਆਈ.ਜੀ ਕੁੰਵਰਵਿਜੇ ਪ੍ਰਤਾਪ ਸਿੰਘ ਤੇ ਪ੍ਰੋ ਜੀਵਨਜੋਤ ਕੌਰ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆ ਨੂੰ ਭਗਵੰਤ ਮਾਨ ਵਲੋਂ ਵਜਾਰਤ ਕਰਨ ਦੀ ਆਮ ਲੋਕਾਂ ਵਿਚ ਚਰਚਾ ਚੱਲ ਰਹੀ ਸੀ। ਪ੍ਰੰਤੂ ਇਸਦੇ ਉਲਟ ਅੱਜ ਜਿੰਨ੍ਹਾਂ ਦਸ ਮੰਤਰੀਆਂ ਨੂੰ ਸਹੁੰ ਚੁਕਾਈ ਗਈ ਹੈ, ਉਨ੍ਹਾਂ ਵਿਚੋਂ ਅੱਠ ਨਵੇਂ ਵਿਧਾਇਕਾਂ ਨੂੰ ਸ਼ਾਮਲ ਕਰਕੇ ਪੁਰਾਣਿਆਂ ਨੂੰ ਅਣਗੋਲਿਆ ਕਰਨ ਦੀ ਨੀਤੀ ਆਮ ਪੰਜਾਬੀਆਂ ਦੇ ਸਮਝ ਵਿਚ ਨਹੀਂ ਆ ਰਹੀ ਹੈ। ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਵੀ ਮੰਨੀ ਜਾ ਰਹੀ ਹੈ ਕਿ ਪਾਰਟੀ ਦੇ ਨਾਲ ਹਰ ਔਖ ਸੌਖ ਵਿਚ ਖੜੇ ਰਹਿਣ ਵਾਲੇ ਪਿ੍ਰੰਸੀਪਲ ਬੁੱਧ ਰਾਮ ਦੀ ਬਜਾਏ ਪਹਿਲੀ ਵਾਰ ਜਿੱਤਣ ਵਾਲੇ ਡਾ ਵਿਜੇ ਸਿੰਗਲਾ ਨੂੰ ਮੰਤਰੀ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਰ ਵਜ਼ਾਰਤ ’ਚ ਵੱਡੀ ਸਮੂਲੀਅਤ ਰੱਖਣ ਵਾਲੇ ਬਠਿੰਡਾ ਜ਼ਿਲ੍ਹੇ ਨੂੰ ਵੀ ਅਣਗੋਲਿਆ ਕਰ ਦਿੱਤਾ ਹੈ। ਉਧਰ ਵਜ਼ਾਰਤ ’ਚ ਨਾ ਸ਼ਾਮਲ ਦੇ ਮੁੱਦੇ ’ਤੇ ਇੰਨ੍ਹਾਂ ਸੀਨੀਅਰ ਵਿਧਾਇਕਾਂ ਨੇ ਕੁੱਝ ਵੀ ਕਹਿਣ ਤੋਂ ਇੰਨਕਾਰ ਕਰਦਿਆਂ ਪਾਰਟੀ ਦੇ ਹਰ ਫੈਸਲੇ ਨੂੰ ਸਿਰ ਮੱਥੇ ਮੰਨਣ ਦਾ ਐਲਾਨ ਕੀਤਾ ਹੈ ਪ੍ਰੰਤੂ ਉਨ੍ਹਾਂ ਦੇ ਨਜਦੀਕੀਆਂ ਮੁਤਾਬਕ ਇੰਨ੍ਹਾਂ ਵਿਚੋਂ ਕੁੱਝ ਆਗੂ ਖੁਦ ਨੂੰ ਅਣਗੋਲਿਆ ਕਰਨ ਪਿੱਛੇ ਕਿਸੇ ਵੱਡੀ ਸ਼ਾਜਸ ਨੂੰ ਜਿੰਮੇਵਾਰ ਮੰਨ ਰਹੇ ਹਨ। ਵਿਰੋਧੀ ਹਵਾਵਾਂ ਤੇ ਧਨਾਢਾਂ ਨਾਲ ਟੱਕਰ ਲੈ ਕੇ ਲਗਾਤਾਰ ਦੂਜੀ ਵਾਰ ਤਲਵੰਡੀ ਸਾਬੋ ਹਲਕੇ ਤੋਂ ਜਿੱਤੀ ਪ੍ਰੋ. ਬਲਜਿੰਦਰ ਕੌਰ ਵਲੋਂ ਫੇਸਬੁੱਕ ’ਤੇ ਪਾਈ ਇਕ ਪੋਸਟ ਵਿਚ ਉਨ੍ਹਾਂ ਦਾ ਦਰਦ ਸਾਫ਼ ਝਲਕ ਰਿਹਾ ਹੈ। ਹਾਲਾਂਕਿ ਇਹ ਪੋਸਟ ਉਨ੍ਹਾਂ ਕੁੱਝ ਹੀ ਸਮੇਂ ਬਾਅਦ ਅਪਣੇ ਫ਼ੇਸਬੁੱਕ ਪੇਜ਼ ਤੋਂ ਹਟਾ ਦਿੱਤੀ ਪ੍ਰੰਤੂ ਇਸ ਪੋਸਟ ਦੀਆਂ ਲਿਖੀਆਂ ਦੋ ਲਾਈਨਾਂ ਨੂੰ ਲੋਕਾਂ ਨੇ ਸਕਰੀਨ ਸ਼ਾਟ ਦੇ ਤੌਰ ’ਤੇ ਸੰਭਾਲ ਕੇ ਰੱਖ ਲਿਆ ਹੈ। ਸਿਆਸੀ ਮਾਹਰਾਂ ਮੁਤਾਬਕ ਹਿੰਦੀ ਵਿਚ ਲਿਖੀਆਂ ਇੰਨ੍ਹਾਂ ਦੋ ਲਾਈਨਾਂ ‘‘ ਜਿੱਥੇ ਅਪਣਿਆਂ ਸਾਹਮਣੇ ਹੀ ਸਚਾਈ ਸਾਬਤ ਕਰਨੀ ਪਏ, ਉਥੇ ਉਹ ਬੁਰੇ ਹੀ ਚੰਗੇ ਹਨ’’ ਵੱਡੇ ਮਤਲਬ ਹਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਮੁੱਖ ਮੰਤਰੀ ਦੇ ਅਹੁੱਦੇ ਤੋਂ ਲੈ ਕੇ ਹੋਰਨਾਂ ਕਈ ਮੁੱਦਿਆਂ ਵਿਚ ਭਗਵੰਤ ਮਾਨ ਤੇ ਪ੍ਰੋ ਬਲਜਿੰਦਰ ਕੌਰ ਦੇ ਵਿਚਾਰਾਂ ਵਿਚ ਕਈ ਵਾਰ ਫ਼ਰਕ ਦੇਖਣ ਨੂੰ ਮਿਲਦਾ ਰਿਹਾ ਹੈ। ਇਸਦੇ ਬਾਵਜੂਦ ਪ੍ਰੋ ਬਲਜਿੰਦਰ ਕੌਰ ਹਮੇਸ਼ਾ ਦਿੱਲੀ ਹਾਈਕਮਾਂਡ ਦੇ ਹੱਕ ਵਿਚ ਖੜਦੀ ਰਹੀ ਹੈ।
ਸੀਨੀਅਰ ਆਗੂਆਂ ਨੂੰ ਵਜ਼ਾਰਤ ’ਚੋਂ ਬਾਹਰ ਰੱਖਣ ਦੀ ਨੀਤੀ ਦੀ ਪੰਜਾਬ ’ਚ ਚਰਚਾ
16 Views