ਸੁਖਜਿੰਦਰ ਮਾਨ
ਬਠਿੰਡਾ 22 ਮਾਰਚ: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਪ੍ਰਤੀਯੋਗੀ ਪ੍ਰੀਖਿਆ ਸੈੱਲ ਅਤੇ ਐਨਐਸਐਸ ਸੈੱਲ ਵੱਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ “ਸਿਵਲ ਸੇਵਾ ਦੇ ਉਮੀਦਵਾਰਾਂ ਤੋਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀਆਂ ਉਮੀਦਾਂ” ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਸ਼੍ਰੀਮਤੀ ਪ੍ਰਿਅੰਕਾ ਦਾਸ,ਆਈਏਐੱਸ (2009 ਬੈਚ), ਮੈਨੇਜਿੰਗ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਮੱਧ ਪ੍ਰਦੇਸ਼, ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਲਗਭਗ 250 ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਭਾਗ ਲਿਆ।ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਪ੍ਰਿਅੰਕਾ ਦਾਸ, ਆਈਏਐਸ (2009 ਬੈਚ) ਨੇ ਕਿਹਾ ਕਿ ਯੂਪੀਐਸਸੀ ਸਿਵਲ ਸਰਵਿਸਿਜ਼ ਪ੍ਰੀਖਿਆ (ਸੀਐਸਈ) ਭਾਰਤ ਦੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਆਯੋਜਿਤ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਹੈ ਜੋ ਨੌਜਵਾਨਾਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ), ਭਾਰਤੀ ਪੁਲਿਸ ਸੇਵਾ (ਆਈਪੀਐੱਸ), ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਅਤੇ ਹੋਰ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰਦੀ ਹੈ। ਉਹਨਾਂ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਯੂਪੀਐਸਸੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਨ ਲਈ ਤਿੰਨ ਵੱਖ-ਵੱਖ ਪੱਧਰਾਂ ਦੀ ਪ੍ਰੀਖਿਆ ਜਿਵੇਂ ਕਿ ਯੂਪੀਐਸਸੀ ਪ੍ਰੀਲਿਮਜ਼, ਯੂਪੀਐਸਸੀ ਮੇਨਜ਼ ਅਤੇ ਯੂਪੀਐਸਸੀ ਇੰਟਰਵਿਊ ਪਾਸ ਕਰਨੀ ਹੁੰਦੀ ਹੈ, ਜਿੱਥੇ ਉਹਨਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਮੌਜੂਦਾ ਮਾਮਲਿਆਂ (ਕਰੰਟ ਅਫੈਅਰਜ) ਦੀ ਸਮਝ, ਸਪੱਸ਼ਟ ਤਰੀਕੇ ਨਾਲ ਗਿਆਨ ਨੂੰ ਪੇਸ਼ ਕਰਨ ਦੀ ਯੋਗਤਾ ਅਤੇ ਬੌਧਿਕ ਗੁਣਾਂ ਨਾਲ ਸਬੰਧਿਤ ਆਪਣੇ ਹੁਨਰਾਂ ਦਾ ਪ੍ਰਦਰਸ਼ਨ ਕਰਨਾ ਹੁੰਦਾ ਹੈ। ਉਹਨਾਂ ਨੇ ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ ਦੇ ਚਾਹਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਯੂਪੀਐਸਸੀ ਦੇ ਤਿੰਨ ਵੱਖ-ਵੱਖ ਪੱਧਰਾਂ ਦੀ ਪ੍ਰੀਖਿਆ ਦੀ ਘੱਟੋ-ਘੱਟ 1 ਸਾਲ ਦੀ ਤਿਆਰੀ ਤੋਂ ਬਾਅਦ ਹੀ ਪ੍ਰੀਖਿਆ ਵਿੱਚ ਬੈਠਣ ਅਤੇ ਬਿਨਾਂ ਤਿਆਰੀ ਦੇ ਆਪਣੀ ਕੋਸ਼ਿਸ਼ ਨੂੰ ਵਿਅਰਥ ਨਾ ਜਾਣ ਦੇਣ। ਲੈਕਚਰ ਸੈਸ਼ਨ ਤੋਂ ਬਾਅਦ ਪ੍ਰਸ਼ਨ ਉੱਤਰ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ਼੍ਰੀਮਤੀ ਪ੍ਰਿਅੰਕਾ ਦਾਸ ਨੇ ਭਾਗੀਦਾਰਾਂ ਦੇ ਪ੍ਰਸ਼ਨਾਂ ਦੇ ਵਿਹਾਰਕ ਜਵਾਬ ਦਿੱਤੇ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਤੀਯੋਗੀ ਪ੍ਰੀਖਿਆ ਸੈੱਲ ਦੀ ਮੁੱਖੀ, ਡਾ. ਸ਼ਾਹਿਲਾ ਜ਼ਫ਼ਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਵਿਸ਼ੇਸ਼ ਮਹਿਮਾਨ ਨਾਲ ਜਾਣ-ਪਛਾਣ ਕਰਵਾਈ। ਪ੍ਰੋਗਰਾਮ ਦੇ ਅੰਤ ਵਿੱਚ ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ ਨੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
Share the post "ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ “ਸਿਵਲ ਸੇਵਾ ਦੇ” ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ"