ਕੇਸ ਰੱਦ ਕਰਨ ਦੀ ਲਈ ਅਰਜੀ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਮਾਰਚ : ਪਿਛਲੀ ਕਾਂਗਰਸ ਸਰਕਾਰ ਦੌਰਾਨ ਨਸ਼ਾ ਤਸਕਰੀ ਦੇ ਮਾਮਲੇ ਵਿਚ ਫ਼ਸੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਪੁੱਜ ਗਏ ਹਨ, ਜਿੱਥੇ ਉਨ੍ਹਾਂ ਅਪਣੇ ਵਿਰੁੂਧ ਪੰਜਾਬ ਪੁਲਿਸ ਵਲੋਂ 20 ਦਸੰਬਰ ਨੂੰ ਦਰਜ਼ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਮੌਜੂਦਾ ਸਮੇਂ 24 ਫ਼ਰਵਰੀ ਤੋਂ ਸ: ਮਜੀਠੀਆ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਪਿਛਲੇ ਦਿਨੀਂ ਹੀ ਜੇਲ੍ਹ ਅੰਦਰ ਵੀਆਈਪੀ ਸਹੂਲਤ ਮਿਲਣ ਦੇ ਦੋਸ਼ਾਂ ਹੇਠ ਆਪ ਸਰਕਾਰ ਨੇ ਜੇਲ ਸੁਪਰਡੈਂਟ ਸਿਵਰਾਜ ਸਿੰਘ ਨੂੰ ਬਦਲ ਦੇ ਕੇ ਉਨ੍ਹਾਂ ਦੀ ਜਗ੍ਹਾਂ ਸੁੱਚਾ ਸਿੰਘ ਨੂੰ ਜੇਲ੍ਹ ਦਾ ਨਵਾਂ ਸੁਪਰਡੈਂਟ ਲਗਾਇਆ ਸੀ। ਗੌਰਤਲਬ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਮਜੀਠੀਆ ਵਿਰੁਧ ਨਸ਼ਾ ਤਸਕਰੀ ਦਾ ਮਾਮਲਾ ਚੁੱਕਿਆ ਜਾਂਦਾ ਰਿਹਾ ਸੀ। ਤਤਕਾਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇਸ ਮਾਮਲੇ ਵਿਚ ਚੰਨੀ ਸਰਕਾਰ ਉਪਰ ਕਈ ਵਾਰ ਸਵਾਲ ਖੜੇ ਕੀਤੇ ਸਨ। ਇਸ ਦੌਰਾਨ 20 ਦਸੰਬਰ ਨੂੰ ਮੁਹਾਲੀ ਦੇ ਵਿਸੇਸ ਪੁਲਿਸ ਥਾਣੇ ਵਿਚ ਬਿਕਰਮ ਮਜੀਠਿਆ ਵਿਰੁਧ ਇਹ ਪਰਚਾ ਦਰਜ਼ ਕਰ ਲਿਆ ਗਿਆ ਸੀ, ਜਿਸਦੇ ਚੱਲਦੇ ਮਜੀਠਿਆ ਨੂੰ ਕਈ ਦਿਨ ਰੂਪੋਸ਼ ਵੀ ਰਹਿਣਾ ਪਿਆ ਸੀ ਪ੍ਰੰਤੂ ਬਾਅਦ ਵਿਚ ਸੁਪਰੀਮ ਕੋਰਟ ਦੁਆਰਾ 23 ਫ਼ਰਵਰੀ ਤੱਕ ਰਾਹਤ ਮਿਲਣ ਤੋਂ ਬਾਅਦ ਉਨ੍ਹਾਂ ਅੰਮਿ੍ਰਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਦੇ ਵਿਰੁਧ ਹੀ ਚੋਣ ਲੜੀ ਸੀ। ਹਾਲਾਂਕਿ ਦੋਨੋਂ ਹਾਰ ਗਏ ਸਨ। ਚੋਣਾਂ ਤੋਂ ਬਾਅਦ ਮਜੀਠਿਆ ਨੇੇ 24 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਜਿੱਥੋਂ ਅਦਾਲਤ ਨੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਬਾਅਦ ਵਿਚ ਦੋ ਵਾਰ ਨਿਆਂਇਕ ਹਿਰਾਸਤ ਵਿਚ ਵਾਧਾ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਜਮਾਨਤ ਵੀ ਨਹੀਂ ਮਿਲ ਸਕੀ ਹੈ।
Share the post "ਸਵਾ ਮਹੀਨੇ ਤੋਂ ਜੇਲ੍ਹ ‘ਚ ਬੰਦ ਮਜੀਠੀਆ ਕੇਸ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਦੀ ਸਰਨ ‘ਚ ਪੁੱਜੇ"