21 Views
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ , 5 ਅਪਰੈਲ: ਬਿਨਾਂ ਮਨਜ਼ੂਰੀ ਅਪਣੇ ਪੀਐਸਓ ਲੈ ਕੇ ਘੁੰਮਣ ਵਾਲੇ ਰੀਡਰ ਨੂੰ ਬਠਿੰਡਾ ਦੀ ਐੱਸ ਐੱਸ ਪੀ ਅਮਨੀਤ ਕੌਂਡਲ ਨੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਚਰਚਾ ਵਿਚ ਰਹਿਣ ਵਾਲਾ ਉਕਤ ਰੀਡਰ ਗੁਰਮੇਲ ਸਿੰਘ ਦੇ ਮਈ ਮਹੀਨੇ ਵਿੱਚ ਸੇਵਾਮੁਕਤ ਹੋਣ ਦੀ ਸੂਚਨਾ ਹੈ। ਇਹ ਵੀ ਪਤਾ ਲੱਗਿਆ ਹੈ ਇਸ ਤੋਂ ਪਹਿਲਾਂ ਰਹੇ ਐੱਸ ਐੱਸ ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਵੀ ਕਿਸੇ ਵਿਵਾਦ ਵਿਚ ਰਹਿਣ ਕਾਰਨ ਗੁਰਮੇਲ ਸਿੰਘ ਨੂੰ ਆਪਣੇ ਰੀਡਰ ਦੇ ਅਹੁਦੇ ਤੋਂ ਬਦਲ ਦਿੱਤਾ ਸੀ। ਉਧਰ ਐੱਸ ਐੱਸ ਪੀ ਅਮਨੀਤ ਕੌਂਡਲ ਨੇ ਰੀਡਰ ਗੁਰਮੇਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਨੇ ਨਾ ਸਿਰਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਬਲਕਿ ਉਸ ਨੂੰ ਗੁੰਮਰਾਹ ਕੀਤਾ। ਮਿਲੀ ਜਾਣਕਾਰੀ ਮੁਤਾਬਕ ਉਕਤ ਪੁਲਸ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਬਿਨਾਂ ਐੱਸਐੱਸਪੀ ਦੀ ਜਾਣਕਾਰੀ ਦੇ ਉਨ੍ਹਾਂ ਦੇ ਕੁਝ ਸੁਰੱਖਿਆਮੁਲਾਜ਼ਮਾਂ ਦੀ ਵਰਤੋਂ ਕਰ ਰਿਹਾ ਸੀ। ਜਦੋਂਕਿ ਐੱਸਐੱਸਪੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।ਐਸਐਸਪੀ ਦਫਤਰ ਦੇ ਰਿਕਾਰਡ ਮੁਤਾਬਕ ਉਕਤ ਸੁਰੱਖਿਆ ਮੁਲਾਜ਼ਮ ਐੱਸਐੱਸਪੀ ਦੀ ਕੋਠੀ ਵਿੱਚ ਗਾਰਦ ਚ ਲੱਗੇ ਹੋਏ ਸਨ ਪ੍ਰੰਤੂ ਅਸਲ ਵਿੱਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਹ ਰੀਡਰ ਗੁਰਮੇਲ ਸਿੰਘ ਨੇ ਆਪਣੇ ਨਾਲ ਘਰ ਰੱਖੇ ਹੋਏ ਸਨ। ਇਸ ਦੌਰਾਨ ਇਕ ਦਿਨ ਐੱਸਐੱਸਪੀ ਨੇ ਅਚਾਨਕ ਚੈਕਿੰਗ ਕੀਤੀ ਤਾਂ ਉਕਤ ਪੀਐਸਓ ਗੈਰਹਾਜ਼ਰ ਪਾਏ ਗਏ ਜਿਨ੍ਹਾਂ ਦੀ ਸਰਕਾਰੀ ਕਾਗਜ਼ਾਂ ਵਿੱਚ ਡਿਊਟੀ ਐੱਸਐੱਸਪੀ ਦੀ ਕੋਠੀ ਦੀ ਗਾਰਦ ਵਿੱਚ ਲੱਗੀ ਹੋਈ ਸੀ। ਸੂਤਰਾਂ ਮੁਤਾਬਕ ਜਦੋਂ ਗੈਰਹਾਜ਼ਰ ਪਾਏ ਗਏ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਖੁਲਾਸਾ ਕੀਤਾ ਕਿ ਰੀਡਰ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ, ਪਰ ਜਦ ਰੀਡਰ ਨੂੰ ਪੁੱਛਿਆ ਗਿਆ ਤਾਂ ਉਸ ਸਮੇਂ ਉਸਨੇ ਐੱਸਐੱਸਪੀ ਕੋਲ ਝੂਠ ਬੋਲਦਿਆਂ ਇਨਕਾਰ ਕਰ ਦਿੱਤਾ। ਜਿਸਦੇ ਚੱਲਦੇ ਚੈਕਿੰਗ ਦੌਰਾਨ ਕੋਠੀ ਦੀ ਗਾਰਦ ਵਿਚੋਂ ਗੈਰ ਹਾਜਰ ਪਾਏ ਗਏ ਦੋਨਾਂ ਸੁਰੱਖਿਆ ਮੁਲਾਜਮਾਂ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਤਬਦੀਲ ਕਰ ਦਿੱਤਾ ਗਿਆ। ਇਸ ਦੌਰਾਨ ਬਾਅਦ ਵਿੱਚ ਉਕਤ ਰੀਡਰ ਦੀਆਂ ਚਲਾਕੀਆਂ ਦੀ ਕੰਨਸੋਅ ਮਿਲਣ ਕਾਰਨ ਐੱਸਐੱਸਪੀ ਨੇ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਜਾਰੀ ਰੱਖੀ। ਇਸ ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਰੀਡਰ ਨੇ ਆਪਣੀ ਖੱਲ ਬਚਾਉਣ ਲਈ ਝੂਠ ਬੋਲਿਆ ਸੀ, ਜਿਸਦੀ ਸਜ਼ਾ ਗਰੀਬ ਕਾਂਸਟੇਬਲਾਂ ਨੂੰ ਮਿਲੀ। ਐੱਸ ਐੱਸ ਪੀ ਅਮਨੀਤ ਕੌਂਡਲ ਨੇ ਇਸ ਮਾਮਲੇ ਨੂੰ ਅਤਿ ਗੰਭੀਰਤਾ ਨਾਲ ਲੈਂਦਿਆਂ ਨਾ ਸਿਰਫ ਰੀਡਰ ਗੁਰਮੇਲ ਸਿੰਘ ਨੂੰ ਸਖਤ ਸਜ਼ਾ ਦਿੰਦਿਆਂ ਮੁਅੱਤਲ ਕਰ ਦਿੱਤਾ ਬਲਕਿ ਉਸਦੇ ਝੂਠ ਬੋਲਣ ਕਾਰਨ ਪਹਿਲਾਂ ਮੁਅੱਤਲ ਕੀਤੇ ਦੋਨੋਂ ਕਾਂਸਟੇਬਲਾਂ ਨੂੰ ਮੁੜ ਬਹਾਲ ਕਰ ਦਿੱਤਾ। ਐੱਸ ਐੱਸ ਪੀ ਅਮਨੀਤ ਕੌਂਡਲ ਨੇ ਕਿਹਾ ਕਿ ਇਸ ਤਰ੍ਹਾਂ ਕਿਸੇ ਨੂੰ ਵੀ ਗੁੰਮਰਾਹ ਕਰਕੇ ਆਪਣੇ ਅਹੁਦੇ ਦੀ ਦੁਰਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ।