ਮਾਮਲਾ ਕੁੱਝ ਪ੍ਰਾਈਵੇਟ ਸਕੂਲਾਂ ਵਲੋਂ ਚੁਣਿੰਦਾ ਦੁਕਾਨਾਂ ਤੋਂ ਸਮਾਨ ਲੈਣ ਲਈ ਮਜਬੂਰ ਕਰਨ ਦਾ
ਮਾਪਿਆਂ ਨੇ ਬੁੱਕ ਡਿੱਪੂ ਅੱਗੇ ਲਗਾਇਆ ਧਰਨਾ
ਜ਼ਬਰਦਸਤੀ ਸਟੇਸ਼ਨਰੀ ਲੈਣ ਲਈ ਮਜ਼ਬੂਰ ਕਰਨ ਵਾਲੀਆਂ ਫ਼ਰਮਾਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ : ਜ਼ਿਲ੍ਹੇ ਦੇ ਕੁੱਝ ਦੁਕਾਨਦਾਰਾਂ ਵਲੋਂ ਸਕੂਲ ਦੀਆਂ ਕਿਤਾਬਾਂ ਦੇ ਨਾਲ ਜਬਰਦਸਤੀ ਸਟੇਸਨਰੀ ਲੈਣ ਲਈ ਮਜਬੂਰ ਕਰਨ ਦੀਆਂ ਸਿਕਾਇਤਾਂ ਮਿਲਣ ’ਤੇ ਪ੍ਰਸ਼ਾਸਨ ਨੇ ਵੀ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮਾਪਿਆਂ ਨੇ ਵੀ ਖੁੱਲ ਕੇ ਅਜਿਹੇ ਸਕੂਲਾਂ ਤੇ ਬੁੱਕ ਡਿੱਪੂਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਜਿੱਥੇ ਸਥਾਨਕ 100 ਫੁੱਟੀ ਰੋਡ ਸਥਿਤ ਸਿਵਾ ਬੁੱਕ ਡਿੱਪੂ ਨਜਦੀਕ ਸਕੂਲੀ ਬੱਚਿਆਂ ਦੇ ਮਾਪਿਆਂ ਵਲੋਂ ਧਰਨਾ ਲਗਾਇਆ ਗਿਆ। ਉਥੇ ਰਾਜ ਕਰ ਵਿਭਾਗ ਵਲੋਂ ਸਟੇਸ਼ਨਰੀ ਦੁਕਾਨਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ। ਉਪ-ਕਮਿਸਨਰ ਰਾਜ ਕਰ ਫਰੀਦਕੋਟ ਮੰਡਲ ਸ੍ਰੀਮਤੀ ਰਾਜਵਿੰਦਰ ਕੌਰ ਬਾਜਵਾ ਦੀ ਅਗਵਾਈ ਹੇਠ ਤੇ ਸਹਾਇਕ ਕਮਿਸਨਰ ਸ੍ਰੀ ਸੰਜੀਵ ਮਦਾਨ ਵਲੋਂ ਗਠਿਤ ਕੀਤੀਆਂ ਗਈਆਂ 3 ਟੀਮਾਂ ਵਲੋਂ ਜੀ.ਐਸ.ਟੀ ਐਕਟ 2017 ਦੀ ਧਾਰਾ 67 ਅਧੀਨ ਜ਼ਿਲ੍ਹਾ ਬਠਿੰਡਾ ਦੀਆਂ 3 ਫਰਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸਟੇਟ ਟੈਕਸ ਅਫ਼ਸਰ ਸ਼੍ਰੀ ਹੁਕਮ ਚੰਦ ਬਾਂਸਲ ਤੇ ਪੰਕਜ ਮਿੱਤਲ ਤੇ ਆਧਾਰਿਤ ਟੀਮ ਵਲੋਂ ਮੈਸ. ਸਿਵਾ ਸਟੇਸਨਰੀ 100 ਫੁੱਟੀ ਰੋਡ ਬਠਿੰਡਾ ਦੀ ਚੈਕਿੰਗ ਕੀਤੀ ਗਈ। ਇਸੇ ਤਰ੍ਹਾਂ ਸਟੇਟ ਟੈਕਸ ਅਫ਼ਸਰ ਜਸਮੀਤ ਕੌਰ ਸੰਧੂ ਅਤੇ ਜਸਪ੍ਰੀਤ ਮਾਨ ਤੇ ਅਧਾਰਤ ਟੀਮ ਵਲੋਂ ਮਹੇਸਵਰੀ ਕਲੋਨੀ ਸਥਿਤ ਮੈਸ. ਪੀ.ਜੀ. ਟ੍ਰੇਡਰਜ, ਸਟੇਟ ਟੈਕਸ ਅਫ਼ਸਰ ਸ਼ੀਨਮ ਰਾਣੀ ਅਤੇ ਸ਼੍ਰੀ ਰਾਕੇਸ਼ ਕੁਮਾਰ ਗਰਗ ਦੀ ਟੀਮ ਵਲੋਂ ਬੀਬੀ ਵਾਲਾ ਚੌਕ ਨੇੜੇ ਸਥਿਤ ਮੈਸ. ਐਸ.ਐਮ ਇੰਟਰਪ੍ਰਾਇਜਜ ਦੇ ਵਪਾਰਕ ਅਦਾਰਿਆਂ ਅਤੇ ਉਨ੍ਹਾਂ ਦੇ ਗੋਦਾਮਾ ਦੀ ਚੈਕਿੰਗ ਕੀਤੀ ਗਈ।ਜਾਂਚ ਦੌਰਾਨ ਅਧਿਕਾਰੀਆਂ ਨੂੰ ਕੁੱਝ ਅਜਿਹੇ ਦਸਤਾਵੇਜ ਮਿਲੇ ਜਿਸ ਤੋਂ ਇਹ ਪਤਾ ਲਗਾ ਕਿ ਇਹ ਫਰਮਾਂ ਇੱਕ ਦੂਜੇ ਨਾਲ ਸਬੰਧਤ ਹਨ ਅਤੇ ਜੀ.ਐਸ.ਟੀ ਕਰ ਚੋਰੀ ਵਿੱਚ ਸਾਮਲ ਹਨ। ਅਧਿਕਾਰੀਆਂ ਨੇ ਦਸਿਆ ਕਿ ਜਾਂਚ ਦੌਰਾਨ ਫੜੇ ਗਏ ਦਸਤਾਵੇਜਾਂ ਦੀ ਪੜਤਾਲ ਤੋਂ ਬਾਅਦ ਬਣਦੇ ਟੈਕਸ ਤੇ ਜੁਰਮਾਨੇ ਦੀ ਰਕਮ ਵਸੂਲ ਕੀਤੀ ਜਾਵੇਗੀ। ਉਧਰ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪਰੇ ਨੇ ਦੱਸਿਆ ਕਿ ਆਮ ਲੋਕਾਂ ਵੱਲੋਂ ਸਿਕਾਇਤ ਮਿਲਣ ’ਤੇ ਮੱਦੇਨਜ਼ਰ ਜ਼ਬਰਦਸਤੀ ਸਟੇਸ਼ਨਰੀ ਲੈਣ ਲਈ ਮਜ਼ਬੂਰ ਕਰਨ ਵਾਲੀਆਂ ਫ਼ਰਮਾਂ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Share the post "ਬਠਿੰਡਾ ’ਚ ਟੈਕਸ ਵਿਭਾਗ ਵਲੋਂ ਕਿਤਾਬਾਂ ਦੇ ਡਿੱਪੂ ਸਹਿਤ ਤਿੰਨ ਫ਼ਰਮਾਂ ’ਤੇ ਛਾਪੇਮਾਰੀ"