ਸੁਖਜਿੰਦਰ ਮਾਨ
ਬਠਿੰਡਾ, 11 ਅਪੈਰਲ:-ਬਠਿੰਡਾ ਡੱਬਵਾਲੀ ਰੋਡ ਨੂੰ ਚੌੜੀ ਕਰਨ ਲਈ ਵੱਧ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰਨ ਤੋਂ ਬਾਅਦ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦੇ ਦਿੱਤੇ ਭਰੋਸੇ ਮੁਤਾਬਕ ਅਧਿਕਾਰੀ ਦੁਆਰਾ ਨਾ ਮਿਲਣ ’ਤੇ ਕਿਸਾਨ ਭੜਕ ਗਏ ਤੇ ਉਨ੍ਹਾਂ ਸਥਾਨਕ ਮਿੰਨੀ ਸਕੱਤਰੇਤ ਅੱਗੇ ਧਰਨਾ ਲਗਾਉਂਦਿਆਂ ਪ੍ਰਸ਼ਾਸਨ ਵਿਰੁਧ ਨਾਅਰੇਬਾਜ਼ੀ ਕੀਤੀ। ਜਿਸ ਤੋਂ ਬਾਅਦ ਤਹਿਸੀਲਦਾਰ ਬਠਿੰਡਾ ਨੇ ਡਿਪਟੀ ਕਮਿਸਨਰ ਨਾਲ ਮੀਟਿੰਗ ਕਰਵਾਈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਦਸਿਆ ਕਿ ਭਾਰਤ ਮਾਲਾ ਅਧੀਨ ਬਣ ਰਹੀ ਸੜਕ ਨਾਲ ਸਬੰਧਤ ਮੰਗਾਂ ਬਾਰੇ ਜਥੇਬੰਦੀ ਵੱਲੋਂ ਪਿੰਡ ਪਥਰਾਲਾ ਵਿਖੇ ਧਰਨਾ ਲਾਇਆ ਹੋਇਆ ਹੈ ਅਤੇ ਇਸ ਦੌਰਾਨ ਸੜਕ ਵੀ ਜਾਮ ਕੀਤੀ ਗਈ। ਇਸ ਮੌਕੇ ਪਹੁੰਚੇ ਤਹਿਸੀਲਦਾਰ ਬਠਿੰਡਾ ਨੇ 11 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਕਿਸਾਨਾਂ ਨੂੰ ਲਗਾਤਾਰ ਕਈ ਘੰਟੇ ਬੈਠਣ ਦੇ ਬਾਵਜੂਦ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ, ਇੱਕ ਘੰਟਾ ਬੈਠਿਆਂ ਮੀਟਿੰਗ ਦਾ ਸਮਾਂ ਨਾ ਦੇਣ ’ਤੇ ਕਿਸਾਨਾਂ ਵਿੱਚ ਰੋਸ ਵਧ ਗਿਆ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਭਾਰਤ ਮਾਲਾ ਜੋ ਨਵੀਂ ਸੜਕ ਬਣ ਰਹੀ ਹੈ ਜੋ ਕਿ ਹਰਿਆਣਾ ਤੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਲਾ ਤੋਂ ਸੁਰੂ ਹੋ ਕੇ ਕਈ ਪਿੰਡਾਂ ਵਿੱਚ ਦੀ ਲੰਘਦੀ ਹੈ । ਇਹ ਸੜਕ ਬਣਾਉਣ ਲਈ ਕਿਸਾਨਾਂ ਦੀ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਬਹੁਤ ਘੱਟ ਦਿੱਤਾ ਜਾ ਰਿਹਾ ਹੈ , ਮੁਆਵਜਾ ਕਾਬਜ਼ ਕਿਸਾਨਾਂ ਦੀ ਬਜਾਏ ਸਾਂਝੇ ਖਾਤਿਆਂ ਵਿੱਚ ਪਾਇਆ ਜਾ ਰਿਹਾ ਹੈ , ਦਰੱਖਤਾਂ, ਘਰਾਂ ਜਾਂ ਹੋਰ ਜਾਇਦਾਦ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਰਿਹਾ। ਉਪਰੋਕਤ ਮੰਗਾਂ ਬਾਰੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਜਾਣੂ ਕਰਾਉਣ ਤੋਂ ਬਾਅਦ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਦਾ ਡਿਪਟੀ ਕਮਿਸ਼ਨਰ ਵੱਲੋਂ ਕੁਝ ਦਿਨਾਂ ਵਿਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ । ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ । ਅੱਜ ਦੀ ਮੀਟਿੰਗ ਵਿਚ ਜਸਵੀਰ ਸਿੰਘ ਬੁਰਜ ਸੇਮਾ, ਜਗਸੀਰ ਸਿੰਘ ਝੁੰਬਾ ,ਕੁਲਵੰਤ ਸਿੰਘ ਰਾਏਕੇ ਕਲਾਂ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਕਿਸਾਨ ਸਾਮਲ ਸਨ ।
Share the post "ਡਿਪਟੀ ਕਮਿਸ਼ਨਰ ਵਲੋਂ ਮੀਟਿੰਗ ਲਈ ਸਮਾਂ ਨਾ ਦੇਣ ’ਤੇ ਭੜਕੇ ਕਿਸਾਨਾਂ ਨੇ ਕੀਤੀ ਨਾਅਰੇਬਾਜੀ"