ਮਾਮਲਾ ਇੱਕ ਵਿਅਕਤੀ ਨੂੰ ਏਡਜ਼ ਪੀੜਤ ਖੂਨ ਚੜਾਉਣ ਦਾ
ਪਹਿਲਾਂ ਵੀ ਥੈਲੇਸੀਅਮ ਪੀੜ੍ਹਤ ਬੱਚਿਆਂ ਨੂੰ ਚੜਾ ਚੁੱਕੇ ਹਨ ਐਚ.ਆਈ.ਵੀ ਪਾਜ਼ੀਟਿਵ ਖੂਨ
ਸੁਖਜਿੰਦਰ ਮਾਨ
ਬਠਿੰਡਾ, 21 ਅਪ੍ਰੈਲ: ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਸੁਰਖੀਆਂ ਵਿਚ ਚੱਲੇ ਆ ਰਹੇ ਸਥਾਨਕ ਸਿਵਲ ਹਸਪਤਾਲ ’ਚ ਸਥਿਤ ਬਲੱਡ ਬੈਂਕ ਦੇ ਦੋ ਲੈਬ ਟੈਕਨੀਸ਼ੀਅਨਾਂ ਦੇ ਵਿਰੁਧ ਪੁਲਿਸ ਨੇ ਪਰਚਾ ਦਰਜ਼ ਕੀਤਾ ਹੈ। ਇੰਨ੍ਹਾਂ ਵਿਰੁਧ ਦੋਸ਼ ਹਨ ਕਿ ਲਾਪਰਵਾਹੀ ਵਰਤਤਿਆਂ ਇੱਕ ਵਿਅਕਤੀ ਨੂੰ ਏਡਜ਼ ਪੀੜਤ ਵਿਅਕਤੀ ਦਾ ਖ਼ੂਨ ਚੜਾ ਦਿੱਤਾ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਸਤੋਂ ਪਹਿਲਾਂ ਵੀ ਇਸ ਬਲੱਡ ਬੈਂਕ ਦੇ ਕੁੱਝ ਮੁਲਾਜਮਾਂ ਨੇ ਥੈਲੇਸੀਅਮ ਪੀੜ੍ਹਤ ਬੱਚਿਆਂ ਨਾਲ ਵੀ ਅਜਿਹਾ ਕਾਰਨਾਮਾ ਕੀਤੀ ਸੀ, ਜਿਸ ਕਾਰਨ ਕਈ ਮੁਲਾਜਮਾਂ ਦੀਆਂ ਨੌਕਰੀਆਂ ਖ਼ਤਮ ਕਰਨ ਤੋਂ ਇਲਾਵਾ ਕੁੱਝ ਇੱਕ ਵਿਰੁਧ ਪਰਚੇ ਵੀ ਦਰਜ਼ ਕੀਤੇ ਗਏ ਸਨ ਪ੍ਰੰਤੂ ਇਸਦੇ ਬਾਵਜੂਦ ਬਲੱਡ ਬੈਂਕ ਦੇ ਮੁਲਾਜਮਾਂ ਦੇ ਰਵੱਈਏ ਵਿਚ ਕੋਈ ਤਬਦੀਲੀ ਨਹੀਂ ਹੋਈ। ਮਿਲੀ ਸੂਚਨਾ ਮੁਤਾਬਕ 7 ਨਵੰਬਰ 2020 ਨੂੰ ਬਲੱਡ ਬੈਂਕ ਵਿਚ ਕੰਮ ਕਰਦੇ ਲੈਬ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ ਅਤੇ ਗੁਰਭੇਜ ਸਿੰਘ ਨੇ ਲਾਪਰਵਾਹੀ ਵਰਤਦਿਆਂ ਹੋਇਆਂ ਬਿਨਾਂ ਜਾਂਚ ਕਰੇ ਇੱਕ ਏਡਜ਼ ਪੀੜ੍ਹਤ ਵਿਅਕਤੀ ਦਾ ਖੂਨ ਲੈ ਕੇ ਇੱਕ ਹੋਰ ਮਰੀਜ਼ ਦੇ ਲਗਾ ਦਿੱਤਾ ਗਿਆ। ਜਦ ਪੀੜਤ ਵਿਅਕਤੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਵਲੋਂ ਸਿਕਾਇਤ ਕੀਤੀ ਗਈ। ਜਿਸਦੇ ਆਧਾਰ ’ਤੇ ਹੋਈ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਨਾਂ ਟੈਕਨੀਸ਼ੀਅਨਾਂ ਨੇ ਲਾਪਰਵਾਹੀ ਵਰਤੀ ਸੀ। ਜਿਸਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਆਕਾਸ਼ਦੀਪ ਸਿੰਘ ਦੇ ਹੁਕਮਾਂ ਤਹਿਤ ਉਕਤ ਦੋਨਾਂ ਟੈਕਨੀਸ਼ੀਅਨਾਂ ਵਿਰੁਧ ਧਾਰਾ 269/270 ਆਈਪੀਸੀ ਤਹਿਤ ਇਹ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋ ਬੱਚਿਆਂ ਤੇ ਇਕ ਔਰਤ ਨੂੰ ਵੀ ਇਸ ਬਲੱਡ ਬੈਂਕ ਦੇ ਕਰਮਚਾਰੀਆਂ ਵੱਲੋਂ ਐਚ ਆਈ ਵੀ ਪੀੜਤਾਂ ਦਾ ਖੂਨ ਚੜ੍ਹਾਉਣ ਦੇ ਮਾਮਲੇ ਵਿੱਚ ਬਲੱਡ ਬੈਂਕ ਦੇ 4 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਇੱਕ ਮੁਲਾਜਮ ਵਿਰੁਧ ਪਰਚਾ ਦਰਜ਼ ਕੀਤਾ ਗਿਆ ਸੀ।
ਬਠਿੰਡਾ ਦਾ ਬਲੱਡ ਬੈਂਕ ਮੁੜ ਸੁਰਖੀਆਂ ’ਚ, ਦੋ ਐਲ.ਟੀਜ਼ ਵਿਰੁਧ ਪਰਚਾ ਦਰਜ਼
7 Views