ਸੁਖਜਿੰਦਰ ਮਾਨ
ਬਠਿੰਡਾ, 28 ਅਪਰੈਲ: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਬਠਿੰਡਾ ਦੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਵਿਭਾਗ ਵੱਲੋਂ ਸਿਵਲ ਹਸਪਤਾਲ ਬਾਲਿਆਂਵਾਲੀ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਸਿਹਤ ਮੇਲੇ ਦੌਰਾਨ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੀਫ ਮੈਨੇਜਰ ਸ਼੍ਰੀ ਅੰਕਿਤ ਗਰਗ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਿਹਤ ਬਲਾਕ ਬਾਲਿਆਂਵਾਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਕਰੋਨਾ ਸਮੇਂ ਦੌਰਾਨ ਸਰਕਾਰੀ ਹਸਪਤਾਲਾਂ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ ਹੈ, ਪਰ ਫਿਰ ਵੀ ਆਕਸੀਜਨ ਅਤੇ ਹੋਰ ਸਾਮਾਨ ਦੀ ਘਾਟ ਕਾਰਣ ਮਰੀਜਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਕਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਾਰਣ ਦੇਸ਼ ਭਰ ਵਿੱਚ ਲੱਖਾਂ ਵਿਅਕਤੀਆਂ ਨੂੰ ਆਪਣੀ ਜਾਨ ਗਵਾਉਣੀ ਪਈ, ਸੋ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਭਵਿੱਖ ਵਿੱਚ ਇਸ ਤਰਾਂ ਦੀ ਮਹਾਂਮਾਰੀ ਨਾਲ ਨਿਪਟਣ ਲਈ ਸਰਕਾਰੀ ਹਸਪਤਾਲ ਬਾਲਿਆਂਵਾਲੀ ਨੂੰ ਵੀ 6 ਆਕਸੀਜਨ ਕੰਨਸਟਰੇਟਰ, 10 ਆਕਸੀਜਨ ਸਿਲੰਡਰ ਅਤੇ 30 ਪਲੱਸ ਆਕਸੀਮੀਟਰ ਵੀ ਦਿੱਤੇ ਗਏ ਹਨ ਅਤੇ ਹੋਰ ਆਧੁਨਿਕ ਸਮਾਨ ਦੇਣ ਦੀ ਤਜਵੀਜ ਹੈ । ਸ਼੍ਰੀ ਅੰਕਿਤ ਗਰਗ ਚੀਫ ਮੈਨੇਜਰ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਿਹਾ ਕਿ ਪਾਈਪਲਾਈਨ ਖੇਤਰ ਦੇ ਇਲਾਕੇ ਵਿੱਚ ਸਿਹਤ ਤੇ ਸਿੱਖਿਆ ਖੇਤਰ ਦੀ ਬੇਹਤਰੀ ਲਈ ਇੰਡੀਅਨ ਆਇਲ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਇੱਕ ਸਮਾਰਟ ਰੂਮ ਪਰੋਜੈਕਟਰ ਅਤੇ 50 ਡਿਊਲ ਬੈਂਚ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਾਲਿਆਂਵਾਲੀ ਨੂੰ ਅਤੇ ਇੱਕ ਸਮਾਰਟ ਰੂਮ ਪ੍ਰੋਜੈਕਟਰ ਅਤੇ 25 ਡਿਊਲ ਬੈਂਚ ਸਰਕਾਰੀ ਮਿਡਲ ਸਕੂਲ ਚਾਉਕੇ ਨੂੰ ਦਿੱਤੇ ਗਏ ਹਨ । ਸਿਵਲ ਹਸਪਤਾਲ ਬਾਲਿਆਂਵਾਲੀ ਵਿਖੇ ਮਰੀਜਾਂ ਦੇ ਹੋਰ ਬੇਹਤਰ ਇਲਾਜ ਲਈ ਹੋਰ ਆਧੁਨਿਕ ਸੁਵਿਧਾਵਾਂ ਦੇਣ ਲਈ ਲੱਖਾਂ ਰੁਪਏ ਦਾ ਹੋਰ ਸਾਮਾਨ ਦੇਣ ਦੀ ਤਜਵੀਜ ਹੈ । ਇਸ ਦੇ ਨਾਲ ਹੀ ਪਾਈਪਲਾਈਨ ਖੇਤਰ ਦੇ ਸਬ ਸੈਂਟਰਾਂ ਤੇ ਮਿਲਣ ਵਾਲੀਆਂ ਸਿਹਤ ਸੇਵਾਵਾਂ ਨੂੰ ਹੋਰ ਬੇਹਤਰ ਕਰਨ ਲਈ ਵੀ ਸਿਹਤ ਵਿਭਾਗ ਬਾਲਿਆਂਵਾਲੀ ਦੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਅਤੇ ਜਗਤਾਰ ਸਿੰਘ ਨਾਲ ਰਾਬਤਾ ਕਰਕੇ ਤਜਵੀਜ ਬਣਾਈ ਜਾ ਰਹੀ ਹੈ । ਸ਼੍ਰੀ ਅੰਕਿਤ ਗਰਗ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਡਾ. ਅਸ਼ਵਨੀ ਕੁਮਾਰ ਅਤੇ ਉਹਨਾਂ ਦੀ ਟੀਮ ਵੱਲੋਂ ਇਲਾਕੇ ਦੇ ਲੋਕਾਂ ਨੂੰ ਮੁਫਤ ਅਤੇ ਵਧੀਆ ਸਿਹਤ ਸਹੂਲਤਾਂ ਦੇਣ ਲਈ ਦਿਨ ਰਾਤ ਕੀਤੇ ਜਾ ਰਹੇ ਉਪਰਾਲਿਆਂ ਨਾਲ ਇਸ ਇਲਾਕੇ ਵਿੱਚ ਸਿਹਤ ਸਹੂਲਤਾਂ ਦਾ ਮਿਆਰ ਉਪਰ ਉੱਠ ਰਿਹਾ ਹੈ । ਉਹਨਾਂ ਸਿਹਤ ਮੇਲੇ ਦੌਰਾਨ ਸਨਮਾਨ ਦੇਣ ਲਈ ਸਿਹਤ ਵਿਭਾਗ ਬਾਲਿਆਂਵਾਲੀ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ । ਇਸ ਸਮੇਂ ਉਹਨਾਂ ਦੇ ਨਾਲ ਇੰਡੀਅਨ ਆਇਲ ਦੇ ਅਧਿਕਾਰੀ ਸ਼੍ਰੀ ਅਮਿਤ ਕੁਮਾਰ ਅਤੇ ਪੰਕਜ ਕੁਮਾਰ ਵੀ ਮੌਜੂਦ ਸਨ ।
ਇੰਡੀਅਨ ਆਇਲ ਦੇ ਚੀਫ ਮੈਨੇਜਰ ਅੰਕਿਤ ਗਰਗ ਨੂੰ ਸਿਹਤ ਮੇਲੇ ਤੇ ਕੀਤਾ ਸਨਮਾਨਿਤ
9 Views