ਸੁਖਜਿੰਦਰ ਮਾਨ
ਬਠਿੰਡਾ, 28 ਅਪਰੈਲ: ਸੂਬੇ ਅੰਦਰ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਤੋਂ ਬੇਸ਼ੱਕ ਹਰ ਵਰਗ ਦੁਖੀ ਹੈ ਪ੍ਰੰਤੂ ਪਾਣੀ ਦੀ ਘਾਟ ਕਾਰਨ ਫ਼ਸਲਾਂ ਨੂੰ ਪਾਲਣ ਤੋਂ ਅਸਮਰੱਥ ਕਿਸਾਨਾਂ ਨੇ ਹੁਣ ਸਰਕਾਰ ਵਿਰੁਧ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੁੂਬਾ ਆਗੂ ਰੇਸ਼ਮ ਸਿੰਘ ਯਾਤਰੀ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਐਲਾਨ ਕੀਤਾ ਕਿ ਸ਼ੁੱਕਰਵਾਰ ਤੋਂ ਜਥੇਬੰਦੀ ਅਣਮਿਥੇ ਸਮੇਂ ਲਈ ਸੂਬੇ ਦੀਆਂ ਪ੍ਰਮੁੱਖ ਸੜਕਾਂ ’ਤੇ ਧਰਨਾ ਸ਼ੁਰੂ ਕਰਨ ਜਾ ਰਹੀ ਹੈ ਤੇ ਇਹ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤਕ ਪੰਜਾਬ ਸਰਕਾਰ ਖੇਤੀ ਖੇਤਰ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਜਾਰੀ ਨਹੀਂ ਕਰਦੀ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਅੱਗੇ ਦੱਸਿਆ ਕਿ ਮੌਜੂਦਾ ਸਮੇਂ ਆਪ ਸਰਕਾਰ ਵਲੋਂ ਮੂੰਗੀ ਤੇ ਮੱਕੀ ਦੀਆਂ ਫ਼ਸਲਾਂ ’ਤੇ ਐਮ.ਐਸ.ਪੀ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਕਿਸਾਨਾਂ ਦਾ ਝੁਕਾਅ ਇੰਨ੍ਹਾਂ ਫ਼ਸਲਾਂ ਵੱਲ ਹੋਇਆ ਹੈ ਪ੍ਰੰਤੂ ਭਿਆਨਕ ਗਰਮੀ ਕਾਰਨ ਪੁੰਗਰਨ ਸਮੇਂ ਹੀ ਇਹ ਫ਼ਸਲਾਂ ਮੱਚਣ ਲੱਗੀਆਂ ਹਨ। ਇਸੇ ਤਰ੍ਹਾਂ ਨਰਮੇ ਦੀ ਖੇਤੀ ਲਈ ਵੀ ਬਿਜਲੀ ਨਹੀਂ ਮਿਲ ਰਹੀ, ਜਿਸ ਕਾਰਨ ਬਿਜਾਈ ਪੱਛੜ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਜਦ ਹੁਣ ਹੀ ਇਹ ਹਾਲ ਹੈ ਤਾਂ ਝੋਨੇ ਦੀ ਬੀਜਾਈ ਸਮੇਂ ਤਾਂ ਕਿਸਾਨਾਂ ਦਾ ਰੱਬ ਹੀ ਰਾਖਾ ਹੋਵੇਗਾ। ਉਨ੍ਹਾਂ ਆਪ ਸਰਕਾਰ ’ਤੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਬਿਜਲੀ ਸਪਲਾਈ ਨੂੰ ਲੈ ਕੇ ਕੋਲੇ ਅਤੇ ਹੋਰ ਪ੍ਰਬੰਧ ਪਹਿਲਾਂ ਨਹੀਂ ਕੀਤੇ ਗਏ, ਜਿਸ ਕਾਰਨ ਅੱਜ ਇਹ ਹਾਲਾਤ ਇਹ ਬਣੇ ਹਨ। ਕਿਸਾਨ ਆਗੂ ਨੇ ਦੱਸਿਆ ਕਿ ਭਲਕੇ ਜਥੇਬੰਦੀ ਵਲੋਂ ਬਠਿੰਡਾ ਜ਼ਿਲ੍ਹੇ ਅੰਦਰ ਬਠਿੰਡਾ ਸ਼ਹਿਰ ’ਤੇ ਨਹਿਰਾਂ ਕੋਲ, ਤਲਵੰਡੀ ਸਾਬੋ ਵਿਚ ਨਹਿਰਾਂ, ਮੋੜ ਕੋਲ ਐਕਸੀਅਨ ਦਫ਼ਤਰ ਅਤੇ ਰਾਮਾ ਵਿਚ ਵੀ ਐਕਸੀਅਨ ਦਫਤਰ ਕੋਲ ਅਣਮਿੱਥੇ ਸਮੇਂ ਲਈ ਸੜਕੀ ਜਾਮ ਲਾਇਆ ਜਾਵੇਗਾ। ਇਸੇ ਤਰ੍ਹਾਂ ਪੰਜਾਬ ਦੇ ਬਾਕੀ ਹਿੱਸਿਆ ਵਿਚ ਵੀ ਇਹ ਸੜਕੀ ਜਾਮ ਪ੍ਰੋਗਰਾਮ ਨੂੰ ਉਤਸ਼ਾਹ ਨਾਲ ਲਾਗੂ ਕੀਤਾ ਜਾਵੇਗਾ।
Share the post "ਬਿਜਲੀ ਦੇ ਲੰਬੇ ਕੱਟ: ਕਿਸਾਨਾਂ ਵਲੋਂ ਅਣਮਿਥੇ ਸਮੇਂ ਲਈ ਸੜਕਾਂ ਦੇ ਘਿਰਾਓ ਦਾ ਐਲਾਨ"