ਬਜਟ ਬਾਰੇ ਲੋਕਾਂ ਦੇ ਸੁਝਾਵਾਂ ‘ਤੇ ਅਮਲ ਕਰਕੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਉਲੀਕੀਆਂ ਜਾਣਗੀਆਂ
ਸਕੀਮਾਂ:ਵਿਤ ਮੰਤਰੀ
ਕਿਹਾ, ਸਨਅਤਕਾਰਾਂ ਦੀਆਂ ਮੁਸਕਲਾਂ ਦਾ ਹੱਲ ਕਰਕੇ ਹੀ ਪੰਜਾਬ ਮੁੜ ਤੋਂ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕੇਗਾ
ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਮੁਸਕਲਾਂ ਦੇ ਹੱਲ ਲਈ ਪੂਰੀ ਸੰਜੀਦਗੀ ਨਾਲ ਲੈ ਰਹੇ ਨੇ ਫ਼ੈਸਲੇ
ਪੰਜਾਬ ਸਰਕਾਰ ਵਲੋਂ ਜਾਰੀ ਪੋਰਟਲ ਅਤੇ ਈ ਮੇਲ ਆਈ.ਡੀ. ‘ਤੇ ਭੇਜੇ ਜਾ ਸਕਦੇ ਹਨ ਸੁਝਾਅ
ਆਪ ਸਰਕਾਰ ਨੇ 55 ਦਿਨਾਂ ‘ਚ ਲਏ ਇਤਿਹਾਸਕ ਫ਼ੈਸਲੇ
ਪੰਜਾਬ ਦੇ ਵਿੱਤ ਮੰਤਰੀ ਨੇ ਐਮਆਰਐਸਪੀਟੀਯੂ ਵਿਖੇ ਪੰਜ ਜ਼ਿਲ੍ਹਿਆਂ ਦੇ ਵਿਧਾਇਕਾਂ ਤੇ ਉਦਯੋਗਪਤੀਆਂ ਕੋਲੋਂ ਜਨਤਾ ਬਜਟ ਲਈ ਲਏ ਸੁਝਾਅ
ਸੁਖਜਿੰਦਰ ਮਾਨ
ਬਠਿੰਡਾ, 8 ਮਈ : ਸੂਬੇ ’ਚ ਆਪ ਸਰਕਾਰ ਵਲੋਂ ਕਿਸੇ ਵੀ ਕੀਮਤ ’ਤੇ ਭਿ੍ਰਸ਼ਟਾਚਾਰ ਅਤੇ ਭਾਈ-ਭਤੀਜ਼ਾਵਾਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਦਾਅਵਾ ਅੱਜ ਇੱਥੇ ਪੰਜਾਬ ਦੇ ਵਿੱਤ, ਯੋਜਨਾ, ਯੋਜਨਾ ਲਾਗੂ ਕਰਨ, ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਮਾਲਵੇ ਦੇ ਪੰਜ ਜ਼ਿਲ੍ਹਿਆਂ (ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ ਅਤੇ ਫਾਜ਼ਿਲਕਾ) ਦੇ ਵਿਧਾਇਕਾਂ, ਸਨਅਤਕਾਰਾਂ ਅਤੇ ਵਪਾਰੀ ਵਰਗ ਕੋਲੋਂ ਜਨਤਾ ਬਜਟ 2022-23 ਲਈ ਸੁਝਾਅ ਲੈਣ ਉਪਰੰਤ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਦਾ ਮੁੱਖ ਮਕਸਦ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਵਿਚ ਬਣਿਆ ਨਾਪਾਕ ਗਠਜੋੜ ਤੋੜਣਾ ਹੈ, ਜਿਸ ਵਿਚ ਉਹ ਸਫ਼ਲ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਆਮ ਜਨਤਾ ਦੀ ਹੈ, ਜਿਸਦੇ ਚੱਲਦੇ ਬਜਟ ਲਈ ਜੋ ਲੋਕਾਂ ਦੇ ਸੁਝਾਅ ਮੰਗੇ ਜਾ ਰਹੇ ਹਨ, ਇਹ ਫ਼ੈਸਲਾ ਇੱਕ ਇਤਿਹਾਸਕ ਤੇ ਮੀਲਪੱਥਰ ਸਾਬਤ ਹੋਵੇਗਾ।
ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਦਯੋਗਾਂ ਦੀਆਂ ਮੁਸਕਲਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਉਦਯੋਗਿਕ ਵਿਕਾਸ ਸਹੀ ਢੰਗ ਨਾਲ ਨਹੀਂ ਹੋਇਆ ਅਤੇ ਜੇਕਰ ਹੁਣ ਵੀ ਉਦਯੋਗਾਂ ਦੇ ਵਿਕਾਸ ਲਈ ਕੁਝ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ ਤੇ ਸੂਬਾ ਤਰੱਕੀ ਨਹੀਂ ਕਰ ਸਕੇਗਾ। ਇਸੇ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਜਨਤਾ ਬਜਟ ਲਈ ਲੋਕਾਂ ਦੇ ਸੁਝਾਅ ਲੈ ਕੇ ਲੋਕ ਹਿੱਤ ਵਿੱਚ ਹਰ ਵਰਗ ਨਾਲ ਸਬੰਧਤ ਬਜਟ ਪੇਸ ਕੀਤਾ ਜਾਵੇਗਾ। ਉਨ੍ਹਾਂ ਸੰਬੋਧਨ ਦੌਰਾਨ ਇਹ ਵੀ ਕਿਹਾ ਕਿ ਸਨਅਤਕਾਰਾਂ ਦੀਆਂ ਮੁਸਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਨਾਲ ਹੀ ਪੰਜਾਬ ਮੁੜ ਤੋਂ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕਦਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਤੋਂ ਸੁਝਾਅ ਲਏ ਜਾਣਗੇ ਤਾਂ ਲੋਕ ਆਪਣੀਆਂ ਮੁਸਕਲਾਂ ਵੀ ਦੱਸਣਗੇ ਅਤੇ ਉਸੇ ਅਨੁਸਾਰ ਉਨ੍ਹਾਂ ਦੀਆਂ ਮੁਸਕਲਾਂ ਦਾ ਹੱਲ ਵੀ ਕੀਤਾ ਜਾ ਸਕੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਨਤਾ ਬਜਟ ਲਈ ਵੱਧ ਤੋਂ ਵੱਧ ਹਾਂ ਪੱਖੀ ਸੁਝਾਅ ਦਿੱਤੇ ਜਾਣ ਤਾਂ ਜੋ ਪੰਜਾਬ ਅੰਦਰ ਪਹਿਲੀ ਵਾਰ ਲੋਕਾਂ ਦੀ ਪਸੰਦ ਦਾ ਬਜਟ ਬਣਾਇਆ ਜਾ ਸਕੇ। ਸ. ਚੀਮਾ ਨੇ ਦੱਸਿਆ ਕਿ ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਪਿਛਲੇ ਲੰਮੇਂ ਸਮੇਂ ਤੋਂ ਝਾਰਖੰਡ ਵਿੱਚ ਬੰਦ ਪਈ ਪੰਜਾਬ ਦੀ ਪਛਵਾੜਾ ਕੋਲਾ ਖਾਣ ਦਾ ਛੇਤੀ ਹੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਚਾਲੂ ਹੋਣ ਨਾਲ ਬਿਜਲੀ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ।
ਵਿੱਤ ਮੰਤਰੀ ਸ. ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਜਦੋਂ ਕਿ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਠੋਸ ਫੈਸਲੇ ਲਏ ਜਾ ਰਹੇ ਹਨ। ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਪਿਛਲੀਆਂ ਸਰਕਾਰਾਂ ਅਖੀਰਲੇ ਸਾਲ ਜਾਗਦੀਆਂ ਸਨ ਤੇ ਪਹਿਲੇ ਚਾਰ ਸਾਲ ਸੁੱਤੀਆਂ ਰਹਿੰਦੀਆਂ ਸਨ ਪਰ ਆਪ ਸਰਕਾਰ ਵਲੋਂ ਸ਼ੁਰੂਆਤੀ ਦਿਨਾਂ ਵਿੱਚ ਹੀ ਵੱਖ-ਵੱਖ ਵਿਭਾਗਾਂ ਵਿੱਚ 26454 ਸਰਕਾਰੀ ਨੌਕਰੀਆਂ ਦਾ ਇਸਤਿਹਾਰ ਦੇਣ ਸਮੇਤ ਹੋਰ ਵੀ ਕਈ ਇਤਿਹਾਸਕ ਫ਼ੈਸਲੇ ਲਏ ਹਨ। ਇੱਥੋਂ ਤੱਕ ਕਿ ਸਾਡੇ ਪਹਿਲੇ ਬਜਟ ਵਿੱਚ ਸਮਾਜ ਦੇ ਸਾਰੇ ਵਰਗਾਂ ਤੋਂ ਸੁਝਾਅ ਮੰਗਣਾ ਆਪਣੇ ਆਪ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ।”
ਵਿੱਤ ਮੰਤਰੀ ਸ. ਚੀਮਾ ਨੇ ਕਿਹਾ ਕਿ ਲੋਕਾਂ ਤੋਂ ਸੁਝਾਅ ਲੈਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਪੋਰਟਲ … ਤੇ ਹੁਣ ਈ ਮੇਲ ਆਈ.ਡੀ. @. ਵੀ ਜਾਰੀ ਕੀਤੀ ਗਈ ਹੈ ਜਿਸ ’ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਮਿਲ ਕੇ ਵੀ ਸੁਝਾਅ ਦੇ ਸਕਦੇ ਹਨ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਰੇ ਵਿਧਾਇਕਾਂ ਨੂੰ ਵੀ ਆਦੇਸ ਦਿੱਤੇ ਗਏ ਹਨ ਕਿ ਉਹ ਲੋਕਾਂ ਕੋਲ ਜਾ ਕੇ ਉਨ੍ਹਾਂ ਦੇ ਸੁਝਾਅ ਇਕੱਤਰ ਕਰਨ ਤਾਂ ਜੋ ਪੰਜਾਬ ਨੂੰ ਮੁੜ ਖੁਸਹਾਲ ਬਣਾਇਆ ਜਾ ਸਕੇ।
ਇਸ ਮੌਕੇ ਵਿੱਤ ਮੰਤਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਦਾ ਬਜਟ ਜਨਤਾ ਪੱਖੀ ਬਜਟ ਹੋਵੇਗਾ। ਇਸ ਕਰਕੇ ਸਨਅਤਕਾਰਾਂ, ਵਪਾਰੀ ਵਰਗ ਤੇ ਆਮ ਲੋਕਾਂ ਕੋਲੋਂ ਲੋੜੀਂਦੇ ਸੁਝਾਅ ਲਏ ਜਾ ਰਹੇ ਹਨ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਨਤਾ ਬਜਟ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ 100 ਫੀਸਦੀ ਆਮ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਿਸੇ ਵੀ ਕੀਮਤ ਤੇ ਭਾਈ ਭਤੀਜਾਵਾਦ, ਰਿਸ਼ਵਤਖੋਰੀ ਤੇ ਭਿ੍ਰਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪੰਜਾਬ ਅੰਦਰ ਸਰਕਾਰੀ ਜ਼ਮੀਨਾਂ ਤੇ ਕੀਤੇ ਨਜਾਇਜ਼ ਕਬਜ਼ੇ ਹਰ ਹਾਲਤ ਵਿੱਚ ਛੁਡਵਾਏ ਜਾਣਗੇ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਜਿੱਥੇ ਜਨਤਾ ਬਜਟ ਸਬੰਧੀ ਲਏ ਜਾ ਰਹੇ ਸੁਝਾਵਾਂ ਦੀ ਪ੍ਰਸੰਸਾਂ ਕੀਤੀ ਉੱਥੇ ਉਨ੍ਹਾਂ ਆਪਣੇ ਹਲਕੇ ਮਲੋਟ ਨਾਲ ਸਬੰਧ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਹੱਲ ਲਈ ਵੀ ਲੋੜੀਂਦੇ ਫ਼ੰਡ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਪਹੁੰਚੀਆਂ ਸਖਸ਼ੀਅਤਾਂ ਦਾ ਸਵਾਗਤ ਕਰਦਿਆਂ ਬਠਿੰਡਾ ਚ ਥਰਮਲ ਦੀ ਜ਼ਮੀਨ ਤੇ ਉਦਯੋਗਿਕ ਪਾਰਕ ਬਣਾਉਣ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਸਮੱਸਿਆਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਸਾਰਥਿਕ ਹੱਲ ਕਰਨ ਦੀ ਵੀ ਮੰਗ ਕੀਤੀ।
ਇਸ ਤੋਂ ਪਹਿਲਾਂ ਮੌਜੂਦ ਵਿਧਾਇਕਾਂ ਤੋਂ ਇਲਾਵਾ ਵੱਖ-ਵੱਖ ਸਨਅਤਕਾਰਾਂ ਅਤੇ ਵਪਾਰੀ ਵਰਗ ਵਲੋਂ ਉਦਯੋਗ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਜਿੱਥੇ ਸਾਂਝੀਆਂ ਕੀਤੀ ਉੱਥੇ ਉਨ੍ਹਾਂ ਵਲੋਂ ਉਦਯੋਗ ਦੇ ਹੁਲਾਰੇ ਲਈ ਆਪਣੇ ਵਡਮੁੱਲੇ ਵਿਚਾਰ ਵੀ ਸਾਂਝੇ ਕੀਤੇ ਗਏ। ਇਸ ਮੌਕੇ ਵਿਧਾਇਕ ਬਠਿੰਡਾ (ਦਿਹਾਤੀ) ਸ਼੍ਰੀ ਅਮਿਤ ਰਤਨ, ਵਿਧਾਇਕ ਭੁੱਚੋਂ ਮਾਸਟਰ ਜਗਸੀਰ ਸਿੰਘ, ਵਿਧਾਇਕ ਤਲਵੰਡੀ ਸਾਬੋ ਸ਼੍ਰੀਮਤੀ ਬਲਜਿੰਦਰ ਕੌਰ, ਵਿਧਾਇਕ ਮੌੜ ਸੁਖਵੀਰ ਸਿੰਘ ਮਾਈਸਰਖਾਨਾ, ਵਿਧਾਇਕ ਸਰਦੂਲਗੜ੍ਹ ਸ਼੍ਰੀ ਗੁਰਪ੍ਰੀਤ ਸਿੰਘ ਬਨਾਵਾਲੀ, ਵਿਧਾਇਕ ਬੁੱਢਲਾਡਾ ਪਿ੍ਰੰਸੀਪਲ ਬੁੱਧਰਾਮ, ਵਿਧਾਇਕ ਲੰਬੀ ਸ. ਗੁਰਮੀਤ ਸਿੰਘ ਖੁੱਡੀਆ, ਵਿਧਾਇਕ ਫ਼ਿਰੋਜ਼ਪੁਰ (ਦਿਹਾਤੀ) ਸ਼੍ਰੀ ਰਜ਼ਨੀਸ਼ ਦਯੀਆ, ਵਿਧਾਇਕ ਗੁਰੂ ਹਰਸਹਾਏ ਸ਼੍ਰੀ ਫ਼ੌਜਾ ਸਿੰਘ, ਵਿਧਾਇਕ ਫਾਜ਼ਿਲਕਾ ਸ਼੍ਰੀ ਨਰਿੰਦਰ ਪਾਲ ਸਿੰਘ ਸਵਣਾ, ਵਿਧਾਇਕ ਬੱਲੂਆਣਾ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਅਤੇ ਵਿਧਾਇਕ ਜਲਾਲਾਬਾਦ ਸ਼੍ਰੀ ਜਗਦੀਪ ਕੰਬੋਜ਼ ਗੋਲਡੀ, ਡਿਪਟੀ ਕਮਿਸਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ. ਇਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਵਿੱਤ ਵਿਭਾਗ ਦੇ ਡਿਪਟੀ ਸੈਕਟਰੀ ਸ਼੍ਰੀ ਉਦੈਦੀਪ ਸਿੰਘ ਸਿੱਧੂ, ਟੈਕਟੇਸ਼ਨ ਵਿਭਾਗ ਦੇ ਵਧੀਕ ਕਮਿਸ਼ਨਰ ਸ਼੍ਰੀ ਟੀਐਸ ਵਿਰਕ, ਜੁਆਇੰਟ ਕਮਿਸ਼ਨਰ ਟੈਕਟੇਸ਼ਨ ਸ਼੍ਰੀ ਜਸਪਿੰਦਰ ਸਿੰਘ, ਸਹਾਇਕ ਕਮਿਸ਼ਨਰ ਟੈਕਟੇਸ਼ਨ ਬਠਿੰਡਾ ਸ਼੍ਰੀ ਸੰਜੀਵ ਮਦਾਨ, ਐਸਡੀਐਮ ਸ਼੍ਰੀਮਤੀ ਅਨਾਯਤ, ਜ਼ਿਲ੍ਹਾ ਉਦਯੋਗ ਦੇ ਜਨਰਲ ਮੈਨੇਜ਼ਰ ਸ਼੍ਰੀ ਪ੍ਰੀਤ ਮਹਿੰਦਰ ਬਰਾੜ ਤੋਂ ਇਲਾਵਾ ਸਨਅਤਕਾਰ ਅਤੇ ਵਪਾਰੀ ਵਰਗ ਦੇ ਨੁਮਾਇੰਦੇ ਹਾਜ਼ਰ ਸਨ।
Share the post "ਭਿ੍ਰਸ਼ਟਾਚਾਰ ਤੇ ਭਾਈ-ਭਤੀਜ਼ਾਵਾਦ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਹਰਪਾਲ ਚੀਮਾ"