ਸੁਖਜਿੰਦਰ ਮਾਨ
ਪਟਿਆਲਾ, 15 ਮਈ: ਸਰਕਾਰ ਤੇ ਸਮਾਜ ਸੇਵੀਆਂ ਦੀਆਂ ਲੱਖ ਅਪੀਲਾਂ ਦੇ ਬਾਵਜੂਦ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਜੀਵ-ਜੰਤੂਆਂ ਤੇ ਪੌਦਿਆਂ ਦੇ ਨਾਲ-ਨਾਲ ਇਨਸਾਨਾਂ ਦਾ ਵੀ ਘਾਣ ਹੋਣ ਲੱਗਿਆ ਹੈ। ਅੱਜ ਜ਼ਿਲ੍ਹੈ ਦੇ ਡੇਰਾ ਬਸੀ ਇਲਾਕੇ ਦੇ ਨੇੜਲੇ ਪਿੰਡ ਸੁੰਡਰਾ ਵਿੱਚ ਇੱਕ ਕਿਸਾਨ ਵਲੋਂ ਕਣਕ ਦੇ ਨਾੜ ਨੂੰ ਲਗਾਈ ਅੱਗ ਕਾਰਨ ਨਜਦੀਕ ਸਥਿਤ ਝੁੱਗੀਆਂ ਨੂੰ ਵੀ ਅੱਗ ਲੱਗਣ ਕਾਰਨ ਇਸ ਵਿਚ ਮੌਜੂਦ ਛੋਟੀ ਬੱਚੀ ਦੇ ਜਿਉਂਦਿਆਂ ਸੜ ਕੇ ਸੁਆਹ ਹੋਣ ਦਾ ਦੁਖਦਈ ਮਾਮਲਾ ਸਾਹਮਣੇ ਆਇਆ ਹੈ। ਸੋਸਲ ਮੀਡੀਆ ’ਤੇ ਇਸ ਘਟਨਾ ਦੇ ਅੱਗ ਵਾਂਗ ਹੀ ਵਾਈਰਲ ਹੋਣ ਤੇ ਪੰਜਾਬ ਸਰਕਾਰ ਦੀ ਨਿੰਦਾ ਹੋਣ ਤੋਂ ਬਾਅਦ ਪੁਲਿਸ ਵਲੋਂ ਜਾਗਦਿਆਂ ਕਥਿਤ ਦੋਸ਼ੀ ਵਿਰੁਧ ਮਿ੍ਰਤਕ ਲੜਕੀ ਦੇ ਬਾਪ ਦੇ ਬਿਆਨਾਂ ਉਪਰ ਕੇਸ ਦਰਜ਼ ਕਰਨ ਦੀ ਸੂਚਨਾ ਹੈ। ਸੂਚਨਾ ਮੁਤਾਬਕ ਕਿਸਾਨ ਜੀਤ ਸਿੰਘ ਵਾਸੀ ਦਫ਼ਰਪੁਰ ਨੇ ਅੱਜ ਦੁਪਿਹਰ ਅਪਣੇ ਖੇਤ ਵਿਚ ਕਣਕ ਦੇ ਖੜੇ ਨਾੜ ਨੂੰ ਅੱਗ ਲਗਾਈ ਸੀ। ਇਸ ਦੌਰਾਨ ਇਸ ਕਿਸਾਨ ਦੇ ਨਜਦੀਕ ਹੀ ਚਾਰ ਦਰਜਨ ਦੇ ਕਰੀਬ ਸਥਿਤ ਝੁੱਗੀਆਂ ਨੂੰ ਪੈ ਗਈ, ਜਿਸ ਕਾਰਨ ਨਾ ਸਿਰਫ਼ ਗਰੀਬਾਂ ਦੀਆਂ ਝੁੱਗੀਆਂ ਰਾਖ਼ ਹੋ ਗਈ, ਬਲਕਿ ਇੱਕ ਝੁੱਗੀ ਵਿਚ ਫ਼ਸੀ ਰਹਿ ਗਈ ਨੰਨੀ ਬੱਚੀ ਵੀ ਅੱਗ ਦੀ ਚਪੇਟ ਵਿਚ ਆ ਗਈ। ਸੋਸਲ ਮੀਡੀਆ ’ਤੇ ਵਾਈਰਲ ਹੋਈਆਂ ਦੁਖਦਾਈ ਤਸਵੀਰਾਂ ਮੁਤਾਬਕ ਅੱਗ ਤੋਂ ਬਚਣ ਲਈ ਇਹ ਛੋਟੀ ਬੱਚੀ ਝੁੱਗੀ ਵਿਚ ਪਏ ਮੰਜੇ ਨੂੰ ਚਿਮਟ ਗਈ ਤੇ ਉਥੇ ਹੀ ਰਾਖ਼ ਬਣ ਗਈ। ਉਧਰ ਡੈਰਾਬੱਸੀ ਪੁਲਿਸ ਨੇ ਰਾਮਵੀਰ ਨਾਂ ਦੇ ਪ੍ਰਵਾਸੀ ਮਜਦੂਰ ਦੀ ਸਿਕਾਇਤ ’ਤੇ ਕਿਸਾਨ ਜੀਤ ਸਿੰਘ ਵਿਰੁਧ ਪਰਚਾ ਦਰਜ਼ ਕਰ ਲਿਆ ਹੈ।
ਨਾੜ ਨੂੰ ਅੱਗ ਲਗਾਉਣ ਕਾਰਨ ਝੁੱਗੀ ਵਿਚ ਬੱਚੀ ਜਿਉਂਦੀ ਸੜੀ, ਕੇਸ ਦਰਜ਼
10 Views