ਸੁਖਜਿੰਦਰ ਮਾਨ
ਬਠਿੰਡਾ, 18 ਮਈ: ਪੀਲੀਏ ਦੇ ਕਹਿਰ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਚਰਚਾ ਵਿਚ ਚੱਲੇ ਆ ਰਹੇ ਬਠਿੰਡਾ ਜ਼ਿਲ੍ਹੇ ਦੇ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਆਖ਼ਰੀ ਪਿੰਡ ਗੰਗਾ ਅਬਲੂ ਕੀ ਵਿੱਚ ਅੱਜ ਪੀਲੀਏ ਕਾਰਨ ਦੂਜੀ ਮੌਤ ਹੋ ਗਈ। ਮਰਨ ਵਾਲੇ ਵਿਅਕਤੀ ਦੀ ਪਹਿਚਾਣ ਲਾਭ ਸਿੰਘ (60) ਪੁੱਤਰ ਬਸੰਤ ਸਿੰਘ ਦੇ ਤੌਰ ’ਤੇ ਹੋਈ ਹੈ। ਮਿ੍ਰਤਕ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ਵਿਚ ਦਾਖ਼ਲ ਸੀ ਜਦੋਂਕਿ ਇਸਤੋਂ ਪਹਿਲਾਂ ਉਸਦਾ ਪੀਜੀਆਈ ਚੰਡੀਗੜ੍ਹ ਵਿਖੇ ਵੀ ਇਲਾਜ਼ ਚੱਲਿਆ ਸੀ। ਇਹ ਇੱਕ ਮਹੀਨੇ ਵਿਚ ਪੀਲੀਏ ਕਾਰਨ ਹੋਈ ਦੂਜੀ ਮੌਤ ਹੈ ਜਦੋਂਕਿ ਪਿਛਲੇ ਮਹੀਨੇ ਵਿਚ ਪੀਲੀਏ ਕਾਰਨ ਪਿੰਡ ਦੇ ਨੌਜਵਾਨ ਵਾਲੀਬਾਲ ਖਿਡਾਰੀ ਜਗਜੀਤ ਸਿੰਘ ਦੀ ਮੌਤ ਹੋ ਗਈ ਸੀ। ਮਹੱਤਵਪੂਰਨ ਗੱਲ ਇਹ ਵੀ ਦਸਣੀ ਬਣਦੀ ਹੈ ਕਿ ਮੀਡੀਆ ਵਲੋਂ ਇਸ ਮੁੱਦੇ ਨੂੰ ਚੁੱਕਣ ਦੇ ਬਾਵਜੂਦ ਸਿਹਤ ਅਤੇ ਦੂਜੇ ਵਿਭਾਗਾਂ ਵਲੋਂ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਤਾਂ ਕਿ ਇਸ ਭਿਆਨਕ ਬੀਮਾਰੀ ’ਤੇ ਕਾਬੂ ਪਾਇਆ ਜਾ ਸਕੇ। ਪਿੰਡ ਦੇ ਸਰਪੰਚ ਮਨਮੋਹਨ ਸਿੰਘ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਮਾੜਾ ਹੈ ਅਤੇ ਨਹਿਰੀ ਪਾਣੀ ਦੀ ਸਪਲਾਈ ਜਿਆਦਾ ਉਪਲਬਧ ਨਹੀਂ, ਜਿਸਦੇ ਚੱਲਦੇ ਉਹ ਪ੍ਰਸ਼ਾਸਨ ਅੱਗੇ ਕਈ ਵਾਰ ਪਾਣੀ ਦੀ ਸਪਲਾਈ ਜੈਤੋ ਰਜਵਾਹੇ ਤੋਂ ਜੋੜਨ ਦੀ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ।
ਪਿੰਡ ਗੰਗਾ ਅਬਲੂ ’ਚ ਪੀਲੀਏ ਦਾ ਕਹਿਰ, ਮਹੀਨੇ ’ਚ ਹੋਈ ਦੂਜੀ ਮੌਤ
26 Views