ਮੁੱਖ ਮੰਤਰੀ ਮਾਨ ਦੇ ਇਤਰਫ਼ਾ ਭਾਸ਼ਣ ਨਾਲ ਕਿਸੇ ਵੀ ਪ੍ਰਕਾਰ ਦੀ ਭੁੱਖ-ਪਿਆਸ ਸ਼ਾਂਤ ਨਹੀਂ ਹੋ ਸਕੀ – ਦਿਗਵਿਜੇਪਾਲ
ਅਧਿਆਪਕ ਵਰਗ ਦੇ ਪ੍ਰਤੀਨਿਧਾਂ ਨਾਲ ਆਪਸੀ ਸੰਵਾਦ ਦੇ ਵਿਆਪਕ ਪ੍ਰਬੰਧਾਂ ਵਿੱਚ ਹੋਣ ਮੀਟਿੰਗਾਂ: ਰੇਸ਼ਮ ਸਿੰਘ
ਸੁਖਜਿੰਦਰ ਮਾਨ
ਬਠਿੰਡਾ,18 ਮਈ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਉਸ ਪੱਤਰ ਦੀ ਕਰੜੀ ਆਲੋਚਨਾ ਕੀਤੀ ਹੈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਕੁਝ ਸਕੂਲ ਮੁਖੀਆਂ ਨੂੰ ਮੁੱਖ ਦਫਤਰ ਵਿਖੇ ਸੱਦ ਕੇ ਆਪਣੇ ਕਥਿਤ ਅਨੁਸ਼ਾਸਨਹੀਣ ਵਰਤਾਓ ਲਈ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਸਬੰਧ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਔਜਲਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਉਕਤ ਮੀਟਿੰਗ ਮੌਕੇ, ਦੂਰ-ਦੂਰਾਂਡਿਓ ਆਏ ਉਕਤ ਸਕੂਲ ਮੁਖੀਆਂ ਦੇ ਸਿਰ ਆਪਣੇ ਕੁਪ੍ਰਬੰਧਾਂ ਦਾ ਠੀਕਰਾ ਭੰਨ੍ਹਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਤੱਥ ਇਹ ਹੈ ਕਿ ਵਿਆਪਕ ਤੌਰ ਉੱਤੇ ਇਕ ‘ਇਸ਼ਤਿਹਾਰਬਾਜ਼ ਸ਼ੋਅ‘ ਸਾਬਿਤ ਹੋਈ ਉਕਤ ਮੀਟਿੰਗ ਵਿੱਚ, ਸਤਿਕਾਰਤ ਸਕੂਲ ਮੁਖੀਆਂ ਦੇ ਬੈਠਣ ਦੇ ਪ੍ਰਬੰਧਾਂ ਪ੍ਰਤੀ ਪ੍ਰਬੰਧਕਾਂ ਨੇ ਕੋਈ ਸੰਵੇਦਨਾ ਨਹੀਂ ਸੀ ਦਿਖਾਈ।
ਉਨ੍ਹਾਂ ਰੋਸ ਜਤਾਇਆ ਹੈ ਕਿ ਉੱਚ ਸਿੱਖਿਆ ਪ੍ਰਾਪਤ ਸੈਂਕੜੇ ਸਕੂਲ ਮੁਖੀਆਂ ਨੂੰ ਇਸ ਮੀਟਿੰਗ ਵਿੱਚ, ਖਾਣਾ ਤਾਂ ਇਕ ਪਾਸੇ ਰਿਹਾ, ਇਕ ਅਰਦਲੀਆਂ ਵਾਲੀ ਕੁਰਸੀ ਵੀ ਨਸੀਬ ਨਹੀਂ ਹੋਈ। ਉਹਨਾਂ ਕਿਹਾ ਇਹ ਗੱਲ ਕਿਸੇ ਸਟਿੰਗ ਅਪਰੇਸ਼ਨ ਵਿੱਚ ਨਹੀਂ ਉਭਾਰੀ ਗਈ ਕਿ ਬੈਠਣ ਲਈ ਜਗ੍ਹਾ ਦੀ ਘਾਟ ਨੂੰ ਤਾੜਦਿਆਂ, ਖੁਦ ਮੇਜ਼ਬਾਨ ਜ਼ਿਲ੍ਹੇ ਦੇ ਸਕੂਲ ਮੁਖੀਆਂ ਨੇ ਦੂਜੇ ਜ਼ਿਲ੍ਹਿਆਂ ਤੋਂ ਆਏ ਮਹਿਮਾਨਾਂ ਦੇ ਬੈਠਣ ਲਈ ਆਪਣੀਆਂ ਕੁਰਸੀਆਂ ਛੱਡੀਆਂ ਅਤੇ ਸਾਰਾ ਸਮਾਂ ਖੜ੍ਹੇ ਰਹਿ ਕੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਅੱਗੇ ਕਿਹਾ ਇਹ ਮੀਟਿੰਗ ਸਕੂਲ ਮੁਖੀਆਂ ਦੇ ਸੁਝਾਵਾਂ ਲਈ ਇਕ ਗੂਗਲ ਸ਼ੀਟ ਦੇ ਲਿੰਕ ਦਾ ਰਸਮੀ ਐਲਾਨ ਕਰਨ ਤੱਕ, ਸੀਮਤ ਹੋ ਕੇ ਰਹਿ ਗਈ। ਇਸ ਮੌਕੇ ਉੱਪਰ ਕੋਈ ਆਪਸੀ ਸੰਵਾਦ ਨਹੀਂ ਰਚਾਇਆ ਗਿਆ। ਕਿਸੇ ਸਿੱਖਿਆ ਮਾਹਰ ਨੇ ਇਸ ਮੀਟਿੰਗ ਵਿੱਚ ਸੰਬੋਧਨ ਨਹੀਂ ਕੀਤਾ; ਬਲਕਿ ਆਪਣੇ ਵਿੱਦਿਅਕ ਰਿਕਾਰਡ ਪੱਖੋਂ, ਖ਼ੁਦ ਹੀ ਕਮਜ਼ੋਰ ਦੱਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ, ਇਕ ਤਰਫ਼ਾ ਰੂਪ ਵਿੱਚ, ਆਪਣੇ ਤੋਂ ਕਿਤੇ ਜ਼ਿਆਦਾ ਪੜ੍ਹੇ ਲਿਖੇ ਸਕੂਲ ਮੁਖੀਆਂ ਨੂੰ, ਆਪਣਾ ਭਾਸ਼ਣ ਪਰੋਸਦੇ ਹੋਏ ਨਜ਼ਰ ਆਏ।
ਇਸ ਸਬੰਧੀ ਟਿੱਪਣੀ ਕਰਦਿਆਂ ਜੱਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਹੈ ਕਿ ਅਧਿਆਪਕ ਵਰਗ ਦੇ ਪ੍ਰਤੀਨਿਧਾਂ ਨਾਲ ਅਜਿਹੀਆਂ ਮੀਟਿੰਗਾਂ ਆਪਸੀ ਸੰਵਾਦ ਦੇ ਵਿਆਪਕ ਮਹੌਲ ਅਤੇ ਲੋੜੀਂਦੇ ਪ੍ਰਬੰਧਾਂ ਤਹਿਤ ਹੋਣੀਆਂ ਚਾਹੀਦੀਆਂ ਹਨ।ਆਗੂਆਂ ਨੇ ਰੋਸ ਸਹਿਤ ਕਿਹਾ ਕਿ ਸਕੂਲ ਮੁਖੀ ਦੂਰ-ਦੂਰਾਡੇ ਤੋਂ ਬੜੀ ਮੁਸ਼ਕਲ ਨਾਲ ਉਕਤ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਹਨਾਂ ਕੋਲ ਆਉਣ-ਜਾਣ ਦੇ ਥੋੜ੍ਹੇ ਸਮੇਂ ਦੌਰਾਨ, ਕਿਤੇ ਹੋਰ ਭੋਜਨ ਆਦਿ ਲੈਣ ਦੀ ਗੁੰਜਾਇਸ਼ ਨਹੀਂ ਸੀ। ਉੱਪਰ ਤੋਂ ਬੜੇ ਅਮਾਨਵੀ ਢੰਗ ਨਾਲ ਉਹਨਾ ਨੂੰ, ਖਾਣੇ ਦੀ ਮੇਜ਼ ਉੱਤੇ ਅਜਿਹੇ ਸਟਿੰਗ ਅਪਰੇਸ਼ਨ ਦਾ ਸ਼ਿਕਾਰ ਬਣਾਇਆ ਗਿਆ, ਜਿਸਦੀ ਮਾੜੀ ਆਦਤ, ਸੱਤਾਧਾਰੀ ਪਾਰਟੀ ਦੇ ਕੱਚਘਰੜ ਆਗੂਆਂ ਨੂੰ ਪਈ ਹੋਈ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਕਤ ਪੱਤਰ ਵਿੱਚ ਸੂਚੀਬੱਧ ਕੀਤੇ ਸਕੂਲ ਮੁਖੀਆਂ ਨੂੰ ਮੌਕੇ ਉੱਤੇ ਬਣੇ ਮਹੌਲ ਦਾ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਆਪਣੇ ਕੁਪ੍ਰਬੰਧਕਾਂ ਦੀ ਜਵਾਬਤਲਬੀ ਕਰੇ।
Share the post "ਖਾਣੇ ਦੇ ਮਾਮਲੇ ’ਚ ਸਕੂਲ ਮੁਖੀਆਂ ਨੂੰ ਤਲਬ ਕਰਨ ਦੀ ਡੀ.ਟੀ.ਐਫ਼. ਨੇ ਕੀਤੀ ਨਿਖੇਧੀ"