ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ ਜੱਗੂ, ਦਾਈਰ ਕੀਤੀ ਹਾਈਕੋਰਟ ’ਚ ਪਿਟੀਸ਼ਨ
ਲਾਰੇਂਸ ਬਿਸਨੋਈ ਦੀ ਪਿਟੀਸ਼ਨ ਨੂੰ ਰੱਦ ਕਰ ਚੁੱਕੀ ਹੈ ਉਚ ਅਦਾਲਤ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਜੂਨ: ਉੰਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ’ਚ ਪੁਲਿਸ ਵਲੋਂ ਗੈਂਗਸਟਰਾਂ ਨੂੰ ਪੁਛਗਿਛ ਲਈ ਜੇਲ੍ਹਾਂ ਵਿਚੋਂ ਲਿਆਉਣ ਦਾ ਅਮਲ ਜਾਰੀ ਹੈ। ਪਰ ਇਸ ਦੌਰਾਨ ਇੰਨ੍ਹਾਂ ਗੈਂਗਸਟਰਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦਾ ਡਰ ਸਤਾਉਣ ਲੱਗਾ ਹੈ। ਲਾਰੇਂਸ ਬਿਸਨੋਈ ਤੋਂ ਬਾਅਦ ਇੱਕ ਹੋਰ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਏ ਨੇ ਵੀ ਅਪਣੀ ਮਾਂ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪਟੀਸਨ ਦਾਇਰ ਕਰਕੇ ਇਹ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਪੁਲਿਸ ਉਪਰ ਝੂਠਾ ਪੁਲਿਸ ਮੁਕਾਬਲਾ ਬਣਾਉਣ ਦਾ ਸ਼ੱਕ ਜਾਹਰ ਕਰਦਿਆਂ ਬੁਲੇਟ ਪਰੂਫ ਜੈਕੇਟ ਅਤੇ ਨਾਲ ਹੀ ਜੇਲ੍ਹ ਵਿਚੋਂ ਬਾਹਰ ਲਿਜਾਣ ਲਈ ਬੁਲੇਟ ਗੱਡੀ ਦੀ ਵਰਤੋਂ ਕਰਨ ਦੀ ਮੰਗ ਕੀਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪਿਟੀਸ਼ਨ ਰਾਹੀਂ ਜੱਗੂ ਦੀ ਮਾਂ ਨੇ ਅਪਣੇ ਪੁੱਤਰ ਦੀ ਜੇਲ੍ਹ ਅੰਦਰ ਅਧਿਕਾਰੀਆਂ ਵਲੋਂ ਕੁੱਟਮਾਰ ਦੇ ਦੋਸ਼ ਵੀ ਲਗਾਏ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਹਾਈਕੋਰਟ ਇਸ ਪਿਟੀਸ਼ਨ ’ਤੇ ਕੋਈ ਫੈਸਲਾ ਲੈ ਸਕਦੀ ਹੈ। ਇੱਥੇ ਦਸਣਾ ਬਣਦਾ ਹੈ ਕਿ ਸਿੱਧੂ ਮੂੁਸੇਵਾਲਾ ਕਤਲ ਕਾਂਡ ’ਚ ਪੰਜਾਬ ਸਰਕਾਰ ਦੀ ਹੋ ਰਹੀ ਕਿਰਕਿਰੀ ਤੋਂ ਬਾਅਦ ਪੁਲਿਸ ਸਖ਼ਤੀ ਵਰਤ ਰਹੀ ਹੈ। ਇਸਦੇ ਲਈ ਉਹ ਜੇਲ੍ਹਾਂ ਅੰਦਰ ਬੰਦ ਗੈਂਗਸਟਰਾਂ ਤੋਂ ਪੁਛਗਿਛ ਕਰ ਰਹੀ ਹੈ। ਫ਼ਿਰੋਜਪੁਰ ਜੇਲ੍ਹ ਤੋਂ ਗੈਂਗਸਟਰ ਮਨਪ੍ਰੀਤ ਮੰਨਾ ਤੇ ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਸਰਾਜ ਮਿੰਟੂ ਨੂੰ ਮਾਨਸਾ ਪੁਲਿਸ ਨੇ ਰਿਮਾਂਡ ’ਤੇ ਲਿਆ ਹੈ। ਇਸੇ ਤਰ੍ਹਾਂ ਲਾਰੇਂਸ ਬਿਸਨੋਈ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਮਾਨਸਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੱਗੂ ਭਗਵਾਨਪੁਰੀਆ ਵੀ ਉਥੇ ਹੀ ਰੱਖਿਆ ਹੋਇਆ ਹੈ।ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਬਿਸਨੋਈ ਗਰੁੱਪ ਨਾਲ ਸਬੰਧਤ ਗੈਂਗਸਟਰ ਗੋਲਡੀ ਬਰਾੜ ਨੇ ਫ਼ੇਸਬੁੱਕ ’ਤੇ ਪੋਸਟ ਪਾ ਕੇ ਇਸਦੀ ਜਿੰਮੇਵਾਰੀ ਲਈ ਸੀ। ਜੱਗੂ ਭਗਵਾਨਪੁਰੀਆ ਨੂੰ ਵੀ ਬਿਸਨੋਈ ਗਰੁੱਪ ਨਾਲ ਸਬੰਧਤ ਮੰਨਿਆਂ ਜਾਂਦਾ ਹੈ।
Share the post "ਲਾਰੇਂਸ ਬਿਸਨੋਈ ਤੋਂ ਬਾਅਦ ਹੁਣ ਜੱਗੂ ਭਗਵਾਨਪੁਰੀਆਂ ਨੂੰ ‘ਐਨਕਾਉਂਟਰ’ ਦਾ ਡਰ ਸਤਾਉਣ ਲੱਗਾ"