ਸੁਖਜਿੰਦਰ ਮਾਨ
ਢੁੱਡੀਕੇ, 01 ਜੁਲਾਈ : ਸਿਵਲ ਸਰਜਨ ਮੋਗਾ ਡਾ. ਹਿਤੇਂਦਰ ਕੌਰ ਕਲੇਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ, ਨੋਡਲ ਮੈਡੀਕਲ ਅਫਸਰ ਬਲਾਕ ਢੁੱਡੀਕੇ ਡਾ. ਸ਼ਾਕਸੀ ਬਾਂਸਲ ਅਤੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਕੈਂਥ ਵੱਲੋਂ ਸਿਹਤ ਬਲਾਕ ਢੁੱਡੀਕੇ ਦੀਆਂ ਸਮੂਹ ਹੈਲਥ ਸੁਪਰਵਾਈਜਰ ਫੀਮੇਲ ਨਾਲ ਜੁਲਾਈ ਮਹੀਨੇ ਦੌਰਾਨ ਮਨਾਏ ਜਾ ਰਹੇ ਫੈਮਿਲੀ ਪਲਾਨਿੰਗ ਅਤੇ ਤੀਬਰ ਦਸਤ ਰੋੋਕੂ ਪੰਦਰਵਾੜੇ ਨੂੰ ਸੁਚੁੱਜੇ ਢੰਗ ਨਾਲ ਨੇਪਰੇ ਚਾੜਨ ਸਬੰਧੀ ਮੀਟਿੰਗ ਕੀਤੀ ਗਈ ।ਇਸ ਮੌਕੇ ਡਾ. ਸਾਕਸ਼ੀ ਬਾਸਲ ਕਿਹਾ ਕਿ ਆਮ ਲੋਕਾਂ ਨੂੰ ਵਧੀਆ ਤੇ ਮੁਫਤ ਸਿਹਤ ਸਹੂਲਤਾਂ ਦੇਣ ਲਈ ਸਿਹਤ ਬਲਾਕ ਢੁੱਡੀਕੇ ਦੇ ਸਮੂਹ ਹੈਲਥ ਵੈਲਨੈਸ ਸੈਂਟਰਾਂ ਦਾ ਬਲਾਕ ਐਜੂਕੇਟਰ ਅਤੇ ਹੋਰ ਸੁਪਰਵਾਈਜਰਾਂ ਵੱਲੋਂ ਦੌਰਾ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਅਤੇ ਸਿਹਤ ਸਟਾਫ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ ।
ਇਸ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਮ.ੳ. ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਨੇ ਦੱਸਿਆ ਕਿ ਮਿਤੀ 4 ਜੁਲਾਈ ਤੋਂ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾਣਾ ਹੈ । ਉਹਨਾਂ ਦੱਸਿਆ ਕਿ ਗਰਮੀਆਂ ਦਾ ਮੌਸਮ ਅਤੇ ਸਾਫ ਸਫਾਈ ਦੀ ਘਾਟ ਕਾਰਣ ਵੱਡੇ ਵਿਅਕਤੀਆਂ ਅਤੇ ਆਮ ਤੌਰ ਤੇ ਛੋਟੇ ਬੱਚਿਆਂ ਨੂੰ ਉਲਟੀਆਂ ਤੇ ਦਸਤ ਲੱਗ ਜਾਂਦੇ ਹਨ । ਜੇਕਰ ਇਹਨਾਂ ਦਸਤਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦੇ ਹਨ । ਇਸ ਲਈ ਗਰਮੀਆਂ ਵਿੱਚ ਹਰ ਇੱਕ ਵਿਅਕਤੀ ਵੱਲੋਂ ਕੁਝ ਵੀ ਖਾਣ ਤੋਂ ਪਹਿਲਾਂ ਹੱਥਾਂ ਦੀ ਸਾਬੁਣ ਨਾਲ ਚੰਗੀ ਤਰਾਂ ਸਾਫ ਸਫਾਈ ਕੀਤੀ ਜਾਣੀ ਚਾਹੀਦੀ ਹੈ । ਇਸ ਪੰਦਰਵਾੜੇ ਦੌਰਾਨ ਆਰਬੀਐਸਕੇ ਟੀਮਾਂ ਅਤੇ ਸਿਹਤ ਸਟਾਫ ਵੱਲੋਂ ਸਕੂਲਾਂ ਵਿੱਚ ਹੱਥਾਂ ਨੂੰ ਸਾਫ ਰੱਖਣ ਸਬੰਧੀ ਜਾਗਰੂਕ ਕੀਤਾ ਜਾਵੇਗਾ । ਇਸ ਦੇ ਨਾਲ ਹੀ ਸਰੀਰ ਲਈ ਜਰੂਰੀ ਖਣਿਜ ਪਦਾਰਥਾਂ ਵਾਲਾ ੳਆਰਐਸ ਦਾ ਘੋਲ ਸਹੀ ਮਿਕਦਾਰ ਵਿੱਚ ਬਣਾਕੇ ਪੀਣਾ ਚਾਹੀਦਾ ਹੈ । ਸੋ ਉਹਨਾਂ ਇਸ ਪੰਦਰਵਾੜੇ ਦੌਰਾਨ ਸਿਹਤ ਬਲਾਕ ਢੁੱਡੀਕੇ ਦੇ ਸਮੂਹ ਸਿਹਤ ਕੇਂਦਰਾਂ ਤੇ ੳਆਰਐਸ ਅਤੇ ਜਿੰਕ ਕਾਰਨਰ ਬਣਾਉਣ ਦੀ ਹਦਾਇਤ ਕੀਤੀ ਗਈ । ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਸਿਹਤ ਸਟਾਫ ਵੱਲੋਂ ਪੰਜ ਸਾਲ ਤੋਂ ਛੋਟੇ ਬੱਚਿਆਂ ਲਈ ੳਆਰਐਸ ਦੇ ਪੈਕਟ ਘਰਾਂ ਵਿੱਚ ਮੁਫਤ ਵਿੱਚ ਵੰਡੇ ਜਾਣਗੇ ਅਤੇ ਇਸਨੂੰ ਸਹੀ ਮਿਕਦਾਰ ਵਿੱਚ ਬਣਾਉਣ ਦਾ ਤਰੀਕਾ ਵੀ ਦੱਸਿਆ ਜਾਵੇਗਾ ।
ਡਾ. ਸ਼ਾਕਸੀ ਬਾਂਸਲ ਅਤੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਕੈਂਥ ਨੇ ਮੀਟਿੰਗ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਫੈਮਿਲੀ ਪਲਾਨਿੰਗ ਪੰਦਰਵਾੜਾ ਮਨਾਇਆ ਜਾਣਾ ਹੈ । ਜਿਸ ਲਈ ਮਿਤੀ 10 ਜੁਲਾਈ ਤੱਕ ਸਿਹਤ ਸਟਾਫ ਨੂੰ ਯੋਗ ਜੋੜਿਆਂ ਨੂੰ ਛੋਟਾ ਪਰਿਵਾਰ ਸੁਖੀ ਪਰਿਵਾਰ ਦੇ ਫਾਇਦੇ ਦੱਸਦਿਆਂ ਨਸਬੰਦੀ ਅਤੇ ਨਲਬੰਦੀ ਲਈ ਪ੍ਰੇਰਿਤ ਕੀਤਾ ਜਾਵੇਗਾ, ਜਦਕਿ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਜਿਲਾ ਹਸਪਤਾਲ ਮੋਗਾ ਵਿਖੇ ਨਲਬੰਦੀ ਅਤੇ ਨਸਬੰਦੀ ਦੇ ਮੁਫਤ ਅਪਰੇਸ਼ਨ ਕੀਤੇ ਜਾਣਗੇ ।
ਸਰਕਾਰੀ ਹਸਪਤਾਲ ਢੁੱਡੀਕੇ ਵਿਖੇ ਫੈਮਿਲੀ ਪਲਾਨਿੰਗ ਅਤੇ ਤੀਬਰ ਦਸਤ ਰੋਕੂ ਪੰਦਰਵਾੜਾ ਸਬੰਧੀ ਮੀਟਿੰਗ
210 Views