ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 18 ਅਗਸਤ: ਵਿਜੀਲੈਂਸ ਬਿਊਰੋ ਵੱਲੋਂ ਅੱਜ ਸਥਾਨਕ ਪੁਲਿਸ ਚੌਕੀ ਵਰਧਮਾਨ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਵਿਨੋਦ ਕੁਮਾਰ (ਨੰਬਰ 1320/ਬਠਿੰਡਾ) ਨੂੰ 1,000 ਰੁਪਏ ਰਿਸਵਤ ਲੈਣ ਦੇ ਦੋਸ ਹੇਠ ਗਿ੍ਰਫਤਾਰ ਕੀਤਾ ਹੈ। ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਨੂੰ ਕੁਲਦੀਪ ਸਿੰਘ ਵਾਸੀ ਪਿੰਡ ਬੁਲਾਡੇਵਾਲਾ ਜਿਲ੍ਹਾ ਬਠਿੰਡਾ ਨੇ ਸਿਕਾਇਤ ਕੀਤੀ ਸੀ। ਉਕਤ ਹੌਲਦਾਰ ਵਲੋਂ ਸਰੇਆਮ ਰਿਸਵਤ ਲੈਣ ਦੀ ਵੀਡੀਓ ਵੀ ਅੱਜ ਸਾਰਾ ਦਿਨ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਸਿਕਾਇਤਕਰਤਾ ਮੁਤਾਬਕ ਉਕਤ ਹੌਲਦਾਰ ਨੇ ਉਸਦੇ ਦੋਸਤ ਜਗੀਰ ਸਿੰਘ ਵਾਸੀ ਨਰੂਆਣਾ ਰੋਡ ਬਠਿੰਡਾ ਨੂੰ ਵਰਧਮਾਨ ਪੁਲਿਸ ਚੌਕੀ ਦੀ ਪੁਲਿਸ ਹਿਰਾਸਤ ‘ਚੋਂ ਛੁਡਾਉਣ ਬਦਲੇ 1000 ਰੁਪਏ ਦੀ ਰਿਸਵਤ ਲਈ ਹੈ। ਵਾਈਰਲ ਵੀਡੀਓ ਵਿਚ ਵੀ ਹੌਲਦਾਰ ਪੰਜ ਹਜ਼ਾਰ ਰੁਪਏ ਮੰਗਦਾ ਸੁਣਾਈ ਦੇ ਰਿਹਾ ਹੈ ਪ੍ਰੰਤੂ ਬਾਅਦ ਵਿਚ ਸੌਦਾ ਹਜ਼ਾਰ ਰੁਪਏ ਵਿਚ ਤੈਅ ਹੋ ਗਿਆ। ਸਿਕਾਇਤ ਵਿਚਲੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਹੌਲਦਾਰ ਵਿਨੋਦ ਕੁਮਾਰ ਨੂੰ ਰਿਸਵਤਖੋਰੀ ਦੇ ਦੋਸ ਹੇਠ ਗਿ੍ਰਫਤਾਰ ਕਰ ਲਿਆ। ਇਸ ਸਬੰਧੀ ਦੋਸੀ ਪੁਲਿਸ ਮੁਲਾਜ਼ਮ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਐਫ.ਆਈ.ਆਰ ਨੰਬਰ 07 ਮਿਤੀ 18-08-2022 ਅਧੀਨ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਉਧਰ ਐਸ.ਐਸ.ਪੀ ਜੇ. ਇਲਨਚੇਲੀਅਨ ਨੇ ਦਸਿਆ ਕਿ ਹੌਲਦਾਰ ਵਿਨੋਦ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਸਦੇ ਵਿਰੁਧ ਵਿਭਾਗੀ ਜਾਂਚ ਵੀ ਕੀਤੀ ਜਾ ਰਹੀ ਹੈ।
Share the post "ਵਿਜੀਲੈਂਸ ਬਿਊਰੋ ਵੱਲੋਂ 1,000 ਰੁਪਏ ਰਿਸਵਤ ਲੈਣ ਦੇ ਦੋਸ ਹੇਠ ਬਠਿੰਡਾ ਪੁਲਿਸ ਦਾ ਹੌਲਦਾਰ ਗਿ੍ਰਫਤਾਰ"