ਪੰਜਾਬ ਲੋਕ ਕਾਂਗਰਸ ਨੂੰ ਵੀ ਮਿਲਾਇਆ ਭਾਜਪਾ ’ਚ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 19 ਸਤੰਬਰ: ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨਾਲ ਭਾਜਪਾ ਦਾ ਪੱਲਾ ਫ਼ੜਣ ਵਾਲੇ ਮੁੱਖ ਆਗੂਆਂ ਵਿਚ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਐਮ.ਪੀ ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਹਰਜਿੰਦਰ ਸਿੰਘ, ਪ੍ਰੇਮ ਮਿੱਤਲ , ਹਰਚੰਦ ਕੌਰ ਤੇ ਕਮਲਦੀਪ ਸਿੰਘ ਸੈਣੀ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ, ਪੁੱਤਰੀ ਜੈਇੰਦਰ ਕੌਰ, ਦੋਹਤਾ ਨਿਰਮਾਣ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕੇਂਦਰੀ ਮੰਤਰੀ ਰਿਜੁਜੂ ਸਹਿਤ ਪੰਜਾਬ ਭਾਜਪਾ ਦੇ ਪ੍ਰਧਾਨ ਅਸਵਨੀ ਸ਼ਰਮਾ ਆਦਿ ਨੇ ਭਾਜਪਾ ਵਿਚ ਜੀ ਆਇਆ ਕਿਹਾ। ਇਸ ਦੌਰਾਨ ਕੈਪਟਨ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਤੋਂ ਅਲੱਗ ਹੋ ਕੇ ਬਣਾਈ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਵੀ ਭਾਜਪਾ ਵਿਚ ਮਰਜ਼ ਕਰ ਦਿੱਤਾ। ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੂਜੀ ਵਾਰ ਕਾਂਗਰਸ ਪਾਰਟੀ ਨੂੰ ਛੱਡਿਆ ਹੈ। ਇਸਤੋਂ ਪਹਿਲਾਂ ਉਨ੍ਹਾਂ 1984 ’ਚ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ ਰੋਸ਼ ਵਜੋਂ ਨਾ ਸਿਰਫ਼ ਲੋਕ ਸਭਾ ਮੈਂਬਰੀ ਛੱਡ ਦਿੱਤੀ ਸੀ, ਬਲਕਿ ਕਾਂਗਰਸ ਨੂੰ ਵੀ ਅਲਵਿਦਾ ਕਹਿ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਅਪਣਾ ਵੱਖਰਾ ਅਕਾਲੀ ਦਲ ਵੀ ਬਣਾਇਆ ਪ੍ਰੰਤੂ ਬਾਅਦ ਵਿਚ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਜਿਸਤੋਂ ਬਾਅਦ ਉਹ ਦੋ ਵਾਰ ਕਾਂਗਰਸ ਪਾਰਟੀ ਦੀ ਤਰਫ਼ੋਂ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਦੌਰਾਨ ਸੋਸਲ ਮੀਡੀਆ ’ਤੇ ਅਪਣੀ ਭਾਜਪਾ ਵਿਚ ਸਮੂਲੀਅਤ ਦੀਆਂ ਤਸਵੀਰਾਂ ਤੇ ਬਿਆਨ ਸਾਂਝਾ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਹਮੇਸ਼ਾ ਪੰਜਾਬ ਤੇ ਦੇਸ ਦੀ ਸੁਰੱਖਿਆ ਰਹੇਗੀ।
ਕੈਪਟਨ ਅਮਰਿੰਦਰ ਸਿੰਘ ਸਾਥੀਆਂ ਸਹਿਤ ਭਾਜਪਾ ’ਚ ਹੋਏ ਸ਼ਾਮਲ
8 Views