ਭਖਦੀਆਂ ਮੰਗਾਂ ਸੰਬੰਧੀ ਕੱਲ੍ਹ ਨੂੰ ਕੀਤਾ ਜਾਵੇਗਾ ਤਿੰਨ ਘੰਟੇ ਰੇਲਾਂ ਦਾ ਚੱਕੇ ਜਾਮ
ਭੋਲਾ ਸਿੰਘ ਮਾਨ
ਮੌੜ ਮੰਡੀ, 21 ਸਤੰਬਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਵੱਲੋਂ ਕੱਲ੍ਹ ਨੂੰ 12 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜਿਸਦੇ ਚੱਲਦੇ ਮੌੜ ਦੇ ਹਲਕਾ ਵਿਧਾਇਕ ਵੱਲੋਂ ਕਿਸਾਨਾਂ ਤੇ ਕਰਵਾਏ ਨਾਜਾਇਜ ਮਾਈਨਿੰਗ ਦੇ ਮਾਮਲੇ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਤਿੰਨ ਦਿਨਾਂ ਤੋਂ ਥਾਣਾ ਮੌੜ ਦਾ ਘਿਰਾਓ ਸਮਾਪਤ ਕਰ ਦਿੱਤਾ ਹੈ । ਮੌੜ ਥਾਣੇ ਅੱਗੇ ਚੱਲ ਰਹੀ ਸਟੇਜ ਤੋਂ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਸਬੰਧੀ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਵੀ ਵੱਧ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿਚ ਥਾਂ ਥਾਂ ਰੋਸ ਪ੍ਰਦਰਸ਼ਨ ਹੋ ਰਹੇ ਹਨ । ਕਿਸਾਨਾਂ ਨੂੰ ਆਪਣੇ ਖੇਤ ਚੋਂ ਮਿੱਟੀ ਚੁੱਕ ਕੇ ਜ਼ਮੀਨ ਨੂੰ ਪੱਧਰਾ ਕਰਨ ਲਈ ਕਿਸਾਨਾਂ ਖਿਲਾਫ ਨਾਜਾਇਜ਼ ਮਾਈਨਿੰਗ ਦੇ ਪੁਲਸ ਕੇਸ ਦਰਜ ਕਰ ਕੇ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਅਤੇ ਜ਼ਮੀਨ ਚੋਂ ਮਿੱਟੀ ਚੱਕਣ ਲਈ ਵਰਤੀ ਜਾ ਰਹੀ ਮਸ਼ੀਨਰੀ ਨੂੰ ਜ਼ਬਤ ਕੀਤਾ ਜਾ ਰਿਹਾ ਹੈ । ਭਾਰਤ ਮਾਲਾ ਸੜਕ ਪ੍ਰਾਜੈਕਟ ਅਧੀਨ ਕਿਸਾਨਾਂ ਨੂੰ ਨਿਗੂਣੀ ਰਾਸ਼ੀ ਦੇ ਕੇ ਪੁਲੀਸ ਦੇ ਜ਼ੋਰ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਧਰਤੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਖਿਲਾਫ ਸੰਘਰਸ਼ ਕਰ ਰਹੇ ਲੋਕਾਂ ਨੂੰ ਪੁਲੀਸ ਦੇ ਜੋਰ ਦਬਾਇਆ ਜਾ ਰਿਹਾ ਹੈ । ਝੋਨੇ ਦੀ ਪਰਾਲੀ ਦਾ ਕੋਈ ਠੋਸ ਪ੍ਰਬੰਧ ਕਰੇ ਬਿਨਾਂ ਮਜਬੂਰ ਵੱਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਜੰਗ ਦਾ ਐਲਾਨ ਕੀਤਾ ਜਾ ਰਿਹਾ ਹੈ । ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਕਾਰਨ ਪਿਛਲੇ ਸਾਲ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਹਾਲੇ ਤੱਕ ਮਜਦੂਰਾਂ ਕਿਸਾਨਾਂ ਚ ਪੂਰਾ ਨਹੀਂ ਵੰਡਿਆ ਗਿਆ । ਇਸ ਵਾਰ ਗੁਲਾਬੀ ਸੁੰਡੀ ਚਿੱਟਾ ਮੱਛਰ ਅਤੇ ਵਾਇਰਸ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਅਤੇ ਸੌ ਫ਼ੀਸਦੀ ਨੁਕਸਾਨੀ ਗੁਆਰੇ ਅਤੇ ਮੂੰਗੀ ਦੀ ਫਸਲ ਦੀ ਗਰਦਾਵਰੀ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਆਪਣੀਆਂ ਮੰਗਾਂ ਮਸਲਿਆਂ ਦਫ਼ਾ ਚੁਤਾਲੀ ਵਰਗੀਆਂ ਪਾਬੰਦੀਆਂ ਮੜ੍ਹ ਕੇ ਉਨ੍ਹਾਂ ਤੋਂ ਸੰਘਰਸ਼ ਕਰਨ ਦਾ ਹੱਕ ਖੋਹਿਆ ਜਾ ਰਿਹਾ ਹੈ। ਪ੍ਰੋਫੈਸਰਾਂ, ਬੇਰੁਜਗਾਰਾਂ ਅਤੇ ਹੋਰ ਤਬਕਿਆਂ ਵੱਲੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਤੇ ਜਬਰ ਢਾਹਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵਿਰੁੱਧ ਹਰ ਤਬਕੇ ਦਾ ਰੋਹ ਵਧ ਰਿਹਾ ਹੈ । ਇਨ੍ਹਾਂ ਮੰਗਾਂ ਦੇ ਹੱਲ ਲਈ ਕੱਲ੍ਹ ਨੂੰ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੇਲ ਜਾਮ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ। ਅੱਜ ਦੇ ਧਰਨੇ ਨੂੰ ਜਗਦੇਵ ਸਿੰਘ ਜੋਗੇਵਾਲਾ ਜਗਸੀਰ ਸਿੰਘ ਝੁੰਬਾ ਬਸੰਤ ਸਿੰਘ ਕੋਠਾਗੁਰੂ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ਕੁਲਵੰਤ ਰਾਏ ਸ਼ਰਮਾ ਸੁਖਦੇਵ ਸਿੰਘ ਜਵੰਧਾ ਬਾਬੂ ਸਿੰਘ ਮੰਡੀ ਖੁਰਦ ਨਛੱਤਰ ਸਿੰਘ ਢੱਡੇ ਗੁਰਮੇਲ ਸਿੰਘ ਰਾਮਗੜ੍ਹ ਭੂੰਦੜ ਨੇ ਵੀ ਸੰਬੋਧਨ ਕੀਤਾ। ਲੋਕ ਪੱਖੀ ਗਾਇਕ ਰਾਮ ਸਿੰਘ ਹਠੂਰ ਅਤੇ ਹਰਬੰਸ ਸਿੰਘ ਘਣੀਆ ਨੇ ਗੀਤ ਪੇਸ਼ ਕੀਤੇ ।
ਮਾਈਨਿੰਗ ਦੇ ਮਾਮਲੇ ਚ ਚ ਮੌੜ ਥਾਣੇ ਦਾ ਘਿਰਾਓ ਸਮਾਪਤ
12 Views