ਸੁਖਜਿੰਦਰ ਮਾਨ
ਬਠਿੰਡਾ, 1 ਨਵੰਬਰ: ਬੀ.ਐਫ.ਜੀ.ਆਈ. ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਅਜਿਹੇ ਸਾਰਥਿਕ ਯਤਨਾਂ ਦੀ ਬਦੌਲਤ ਹਾਲ ਹੀ ਵਿੱਚ ਬੀ.ਐਫ.ਜੀ.ਆਈ. ਦੇ ਲਗਭਗ 67 ਵਿਦਿਆਰਥੀਆਂ ਦੀ ਪਲੇਸਮੈਂਟ ਬਹੁਤ ਹੀ ਸ਼ਾਨਦਾਰ ਪੈਕੇਜਾਂ ‘ਤੇ ਹੋਈ ਹੈ। ਜ਼ਿਕਰਯੋਗ ਹੈ ਕਿ ਕੁੱਝ ਵਿਦਿਆਰਥੀਆਂ ਨੇ ਇੱਕ ਤੋਂ ਵੱਧ ਕੰਪਨੀਆਂ ਵਿੱਚ ਵੀ ਪਲੇਸਮੈਂਟ ਹਾਸਲ ਕੀਤੀ ਹੈ। ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੁਆਰਾ ਆਯੋਜਿਤ ਪਲੇਸਮੈਂਟ ਡਰਾਈਵਾਂ ਦੌਰਾਨ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ 20 ਲੱਖ ਦਾ ਸਾਲਾਨਾ ਪੈਕੇਜ ਅਤੇ ਲਗਭਗ 5.2 ਲੱਖ ਦਾ ਔਸਤਨ ਸਾਲਾਨਾ ਪੈਕੇਜ ਹਾਸਲ ਕੀਤਾ।
ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈੱਸਟ, ਗਰੁੱਪ ਡਿਸਕਸ਼ਨ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਤੋਂ ਬਾਅਦ ਵਿਦਿਆਰਥੀਆਂ ਦੀ ਆਨਲਾਈਨ/ਆਫ਼ਲਾਈਨ ਪਰਸਨਲ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੀ ਇੰਡਸਟਰੀ ਅਤੇ ਕਾਰਪੋਰੇਟ ਜਗਤ ਨਾਲ ਸਬੰਧਿਤ ਸਮਝ ਅਤੇ ਜਾਣਕਾਰੀ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਵਿਦਿਆਰਥੀਆਂ ਦੀ ਵਧੀਆ ਸੰਚਾਰ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਸਿੱਖਿਆ ਤਕਨਾਲੋਜੀ ਖੇਤਰ ਦੀ ਮੋਹਰੀ ਕੰਪਨੀ ਐਕਸਟਰਾ ਮਾਰਕਸ ਨੇ ਐਮ.ਬੀ.ਏ. ਦੇ 11, ਕੰਪਿਊਟਰ ਸਾਇੰਸ ਇੰਜ. ਦੇ 7, ਬੀ.ਕਾਮ. ਦੇ 4, ਬੀ.ਬੀ.ਏ. ਦੇ 1, ਬੀ.ਸੀ.ਏ. ਦੇ 1 ਅਤੇ ਬੀ.ਐਸ.ਸੀ. (ਐਗਰੀਕਲਚਰ) ਦੇ 1 ਵਿਦਿਆਰਥੀ ਸਮੇਤ ਕੁੱਲ 25 ਵਿਦਿਆਰਥੀਆਂ ਨੂੰ 7.20 ਲੱਖ ਦੇ ਸਾਲਾਨਾ ਪੈਕੇਜ ‘ਤੇ ਬਿਜ਼ਨਸ ਡਿਵੈਲਪਰ ਐਗਜ਼ੀਕਿਊਟਿਵ ਦੇ ਅਹੁਦੇ ਲਈ ਚੁਣ ਲਿਆ। ਸੰਸਥਾ ਵਿਖੇ ਹੋਈ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਹਾਈਕ ਐਜੂਕੇਸ਼ਨ ਕੰਪਨੀ ਨੇ ਬੀ.ਬੀ.ਏ. ਦੇ 2, ਬੀ.ਸੀ.ਏ. ਦੇ 2, ਕੰਪਿਊਟਰ ਸਾਇੰਸ ਇੰਜ. ਦੇ 1 ਅਤੇ ਬੀ.ਐਸ.ਸੀ. (ਐਗਰੀਕਲਚਰ) ਦੇ 1 ਵਿਦਿਆਰਥੀ ਸਮੇਤ ਕੁੱਲ 6 ਵਿਦਿਆਰਥੀਆਂ ਨੂੰ ਬਿਜ਼ਨਸ ਡਿਵੈਲਪਰ ਐਗਜ਼ੀਕਿਊਟਿਵ ਵਜੋਂ 5.82 ਲੱਖ ਦੇ ਸਾਲਾਨਾ ਪੈਕੇਜ ‘ਤੇ ਨੌਕਰੀ ਲਈ ਚੁਣ ਲਿਆ। ਇਸੇ ਤਰ੍ਹਾਂ ਚਿਕਮਿਕ ਕੰਪਨੀ ਨੇ ਬੀ.ਟੈੱਕ.(ਕੰਪਿਊਟਰ ਸਾਇੰਸ ਇੰਜ.) ਦੇ 8 ਵਿਦਿਆਰਥੀਆਂ ਨੂੰ 5 ਲੱਖ ਦੇ ਸਾਲਾਨਾ ਪੈਕੇਜ ‘ਤੇ ਐਸੋਸੀਏਟ ਸਾਫ਼ਟਵੇਅਰ ਇੰਜੀਨੀਅਰ ਵਜੋਂ ਚੁਣਿਆ ਜਦੋਂ ਕਿ ਐਚ.ਡੀ.ਐਫ.ਸੀ. ਲਾਈਫ਼ ਨੇ ਐਮ.ਬੀ.ਏ ਦੇ 6 ਵਿਦਿਆਰਥੀਆਂ ਨੂੰ 4.75 ਲੱਖ ਦੇ ਸਾਲਾਨਾ ਪੈਕੇਜ ‘ਤੇ ਐਗਜ਼ੀਕਿਊਟਿਵ ਟਰੇਨੀ ਵਜੋਂ ਚੁਣ ਲਿਆ। ਇਸ ਤੋਂ ਇਲਾਵਾ ਅਨੈਕਟ ਈ. ਸਰਵਿਸਿਜ਼ ਪ੍ਰਾ. ਲਿਮ. ਕੰਪਨੀ ਨੇ 7, ਕਲੱਬ ਮਹਿੰਦਰਾ ਕੰਪਨੀ ਨੇ 6, ਐਮ.ਡਬਲਿਊ.ਆਈ.ਡੀ.ਐਮ. ਕੰਪਨੀ ਨੇ 4, ਲਰਨਿੰਗ ਸ਼ਾਲਾ ਕੰਪਨੀ ਨੇ 2, ਲਰਨਿੰਗ ਰੂਟਸ ਨੇ 2 ਅਤੇ ਵੋਡਾਫੋਨ ਆਈਡੀਆ ਕੰਪਨੀ ਨੇ 1 ਵਿਦਿਆਰਥੀ ਨੂੰ ਸ਼ਾਨਦਾਰ ਪੈਕੇਜ ‘ਤੇ ਨੌਕਰੀ ਲਈ ਚੁਣਿਆ ਹੈ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਦੀ ਪਲੇਸਮੈਂਟ ਦੀ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਸੰਸਥਾ ਵਿਖੇ ਪਲੇਸਮੈਂਟ ਲਈ ਲਗਾਤਾਰ ਉਪਰਾਲੇ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਬਹੁਤ ਸਾਰੀਆਂ ਬਹੁਕੌਮੀ ਕੰਪਨੀਆਂ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਆ ਰਹੀਆਂ ਹਨ। ਕਾਰਪੋਰੇਟ ਜਗਤ ਅਤੇ ਇੰਡਸਟਰੀ ਦੀ ਮੰਗ ਅਨੁਸਾਰ ਸੰਸਥਾ ਵੱਲੋਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਜਿਸ ਸਦਕਾ ਹਰ ਕੋਰਸ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਬਹੁਤ ਵਧੀਆ ਪੈਕੇਜਾਂ ‘ਤੇ ਹੋ ਰਹੀ ਹੈ। ਡਾ. ਧਾਲੀਵਾਲ ਨੇ ਕਾਲਜ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਫਲ ਹੋਏ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਦਾ ਅਜਿਹਾ ਮੌਕਾ ਪ੍ਰਦਾਨ ਕਰਨ ਲਈ ਉਨ੍ਹਾਂ ਨੇ ਉਪਰੋਕਤ ਸਾਰੀਆਂ ਕੰਪਨੀਆਂ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
ਬੀ.ਐਫ.ਜੀ.ਆਈ. ਦੇ 67 ਵਿਦਿਆਰਥੀ ਨੌਕਰੀ ਲਈ ਚੁਣੇ
11 Views