ਸੁਖਜਿੰਦਰ ਮਾਨ
ਬਠਿੰਡਾ, 4 ਨਵੰਬਰ : ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਵੱਲੋਂ ਮਨੁੱਖਤਾ ਦੀ ਸੇਵਾ ਆਸ਼ਰਮ, ਹਸਨਪੁਰ (ਲੁਧਿਆਣਾ) ਵਿਖੇ ਇੱਕ ਰੋਜ਼ਾ ਕੈਂਪ ਲਗਾਇਆ ਗਿਆ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਬੇਘਰੇ, ਬੇਸਹਾਰਾ ਬਿਰਧ ਲੋਕਾਂ ਅਤੇ ਬੱਚਿਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ ਅਤੇ ਮਨੁੱਖਤਾ ਦੀ ਸੇਵਾ ਕਰਨ ਬਾਰੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਸੀ। ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਦੇ ਇੰਚਾਰਜ ਸਿਮਰਪਾਲ ਸਿੰਘ ਅਤੇ ਸਕੂਲ ਦੇ ਅਧਿਆਪਕਾਂ ਨੇ ਸਕਾਊਟਸ ਨੂੰ ਮਨੁੱਖਤਾ ਦੀ ਸੇਵਾ ਦੇ ਕੇਂਦਰ ਵਿੱਚ ਰਹਿ ਰਹੇ ਦਿਮਾਗ਼ੀ ਤੌਰ ਤੇ ਪਰੇਸ਼ਾਨ, ਨਸ਼ਿਆਂ ਦੇ ਆਦੀ ਅਤੇ ਲੋੜਵੰਦ ਵਿਅਕਤੀਆਂ ਦੀ ਮਨੋਦਸ਼ਾ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਧ ਦਿੰਦਿਆਂ ਉਨ੍ਹਾਂ ਨੂੰ ਮਰਿਆਦਾ ਅਤੇ ਅਨੁਸ਼ਾਸਨ ਬਣਾਈ ਰੱਖਣ ਬਾਰੇ ਦਿਸ਼ਾ ਨਿਰਦੇਸ਼ ਦਿੱਤੇ। ਇਸ ਕੈਂਪ ਵਿੱਚ ਸਕੂਲ ਦੇ ਲਗਭਗ 50 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਨੇ ‘ਸੁਪਨਿਆਂ ਦੇ ਘਰ‘ ਦਾ ਦੌਰਾ ਕੀਤਾ ਅਤੇ ਉੱਥੇ ਰਹਿ ਰਹੇ ਬਜ਼ੁਰਗਾਂ ਅਤੇ ਬੱਚਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਮਨੁੱਖਤਾ ਦੀ ਸੇਵਾ ਆਸ਼ਰਮ, ਹਸਨਪੁਰ (ਲੁਧਿਆਣਾ) ਦੇ ਮੁਖੀ ਸ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਮਾਂ ਕੱਢਿਆ ਅਤੇ ਉਨ੍ਹਾਂ ਨੂੰ ਲੋੜਵੰਦਾਂ ਦੀ ਸਹਾਇਤਾ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਲਈ ਇਹ ਦੌਰਾ ਜੀਵਨ ਬਦਲਣ ਵਾਲਾ ਤਜਰਬਾ ਸੀ, ਕਿਉਂਕਿ ਇਹ ਭਾਵਨਾਵਾਂ ਨਾਲ ਭਰਪੂਰ ਸੀ। ਸਕੂਲ ਦੇ ਪਿ੍ਰੰਸੀਪਲ ਡਾ. ਬਲਜਿੰਦਰ ਸਿੰਘ ਸਿੱਧੂ ਨੇ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਦੇ ਸਾਰੇ ਸਕਾਊਟਸ ਅਤੇ ਵਲੰਟੀਅਰਾਂ ਨੂੰ ਕਿਹਾ ਕਿ ਸਾਨੂੰ ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅਤੇ ਮਨੁੱਖਤਾ ਦੀ ਸੇਵਾ ਨੂੰ ਅਪਣਾਉਣਾ ਚਾਹੀਦਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
Share the post "ਬਾਬਾ ਫ਼ਰੀਦ ਸਕੂਲ ਦੇ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਨੇ ਇੱਕ ਰੋਜ਼ਾ ਕੈਂਪ ਲਗਾਇਆ"