ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਐਸ.ਐਸ.ਡੀ ਗਰਲਜ਼ ਕਾਲਜ ਦੇ ਪੋਸਟ ਗ੍ਰੈਜੂਏਸ਼ਨ ਪੰਜਾਬੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਿੰਡ ਨਰੂਆਣਾ ਦੀ ਸਰਪੰਚ ਸ਼੍ਰੀਮਤੀ ਕਿਰਨਜੀਤ ਕੌਰ ਅਤੇ ਉੱਥੇ ਦੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਾਂਝ ਕੇਂਦਰ ਨੰਬਰ 2 ਵਿੱਚ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ । ਡਾ. ਸਿਮਰਜੀਤ ਕੌਰ ਵੱਲੋਂ ਮਾਤ ਭਾਸ਼ਾ ਦੀ ਮਹੱਤਤਾ ਦੱਸਦੇ ਹੋਏ ਦੱਸਿਆ ਗਿਆ ਕਿ ਪੰਜਾਬੀ ਭਾਸ਼ਾ ਨੂੰ ਸਤਿਕਾਰ ਦੇਣਾ ਜਿੱਥੇ ਸਾਡਾ ਨੈਤਿਕ ਫਰਜ਼ ਹੈ ਉੱਥੇ ਇਸਦੀ ਵਰਤੋਂ ਕਰਨੀ ਵੀ ਜਰੂਰੀ ਹੈ ਕਿਉਂਕਿ ਹਰੇਕ ਵਿਅਕਤੀ ਮਾਤ ਭਾਸ਼ਾ ਰਾਹੀਂ ਹੀ ਆਪਣੇ ਮਨ ਦੇ ਹਾਵ ਭਾਵ ਦੂਸਰਿਆਂ ਅੱਗੇ ਵਿਅਕਤ ਕਰ ਸਕਦਾ ਹੈ । ਮੈਡਮ ਗੁਰਮਿੰਦਰਜੀਤ ਕੌਰ ਨੇ ਪੰਜਾਬੀ ਭਾਸ਼ਾ ਦੀਆਂ ਬਰੀਕੀਆਂ ਦੱਸਦੇ ਹੋਏ ਪਿੰਡ ਨਿਵਾਸੀਆਂ ਨੂੰ ਦੱਸਿਆ ਕਿ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਦਾ ਪ੍ਰਭਾਵ ਜਿਆਦਾ ਹੋਣ ਕਰਕੇ ਬੱਚੇ ਪੰਜਾਬੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ । ਮਨੋਵਿਗਿਆਨੀਆਂ ਦੇ ਅਨੁਸਾਰ ਬੱਚਿਆਂ ਨੂੰ ਸਭ ਤੋਂ ਪਹਿਲਾਂ ਮਾਤ ਭਾਸ਼ਾ ਦਾ ਗਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਦੂਸਰੀਆਂ ਭਾਸ਼ਾਵਾਂ ਨੂੰ ਛੇਤੀ ਅਤੇ ਚੰਗੀ ਤਰ੍ਹਾਂ ਸਿੱਖ ਸਕਣ । ਐਮ. ਐਸ. ਸੀ. ਮੈਥ ਭਾਗ ਦੂਜਾ ਦੀ ਵਿਦਿਆਰਥਣ ਸਿਮਰਨ ਨੇ ਪੰਜਾਬੀ ਭਾਸ਼ਾ ਤੋਂ ਦੂਰ ਹੋ ਰਹੇ ਪੰਜਾਬੀ ਵਸਨੀਕਾਂ ਬਾਰੇ ਆਪਣੇ ਵਿਚਾਰ ‘ਕਨੇਡਾ ਨੇ ਪੰਜਾਬ ਵਸਾ ਲਿਆ’ ਕਵਿਤਾ ਰਾਹੀਂ ਪੇਸ਼ ਕੀਤੇ । ਇਸਤੋਂ ਇਲਾਵਾ ਪੰਜਾਬੀ ਸਾਹਿਤ ਦੀਆਂ ਵਿਦਿਆਰਥਣਾਂ ਨੇ ਪਿੰਡ ਦੀਆਂ ਔਰਤਾਂ ਨੂੰ ਸ਼ੁੱਧ ਪੰਜਾਬੀ ਬੋਲਣੀ ਅਤੇ ਲਿਖਣ ਦਾ ਅਭਿਆਸ ਵੀ ਕਰਵਾਇਆ । ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ ਅਤੇ ਕਾਲਜ ਕਮੇਟੀ ਦੇ ਮੈਂਬਰਾਂ ਵੱਲੋਂ ਸਮਾਜ ਨੂੰ ਸੇਧ ਦੇਣ ਲਈ ਅਜਿਹੇ ਪ੍ਰੋਗਰਾਮ ਅਯੋਜਿਤ ਕਰਦੇ ਰਹਿਣ ਲਈ ਕਿਹਾ ।
Share the post "ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤਾ ਗਿਆ ਸਾਹਿਤਕ ਸਮਾਗਮ ਆਯੋਜਿਤ"