10 Views
ਸੁਖਜਿੰਦਰ ਮਾਨ
ਬਠਿੰਡਾ ,21 ਨਵੰਬਰ :–ਪੰਜਾਬ ਨੈਸ਼ਨਲ ਬੈਂਕ ਕੋਟਫੱਤਾ ਵਲੋ ਭਾਈ ਬਖਤੌਰ ਦੇ ਕਿਸਾਨ ਗੁਰਦੇਵ ਸਿੰਘ ਪੁੱਤਰ ਕਾਕਾ ਸਿੰਘ, ਗੁਰਦੀਪ ਕੌਰ, ਹਰਜੀਤ ਕੌਰ ਪਤਨੀ ਬੋਹੜ ਸਿੰਘ ਅਤੇ ਕੋਟਭਾਰਾ ਦੇ ਕਿਸਾਨ ਪਰੀਤਮ ਸਿੰਘ ਪੁੱਤਰ ਮੇਹਰ ਸਿੰਘ ਦੀਆਂ ਬੁਢਾਪਾ ਪੈਨਸ਼ਨ ਖੇਤੀ ਲਿਮਟਾਂ ਵਿੱਚ ਕੱਟਣ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬੈਂਕ ਦਾ ਘਿਰਾਓ ਕੀਤਾ ਗਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮਾਈਸਰਖਾਨਾ ਅਤੇ ਕਲਕੱਤਾ ਸਿੰਘ ਮਾਣਕ ਖਾਨਾ ਨੇ ਕਿਹਾ ਕਿ ਸਰਕਾਰਾਂ ਦੀਆਂ ਲੋਕ ਅਤੇ ਖੇਤੀ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਸਿਰ ਕਰਜ਼ੇ ਲਗਾਤਾਰ ਵਧ ਰਹੇ ਹਨ । ਲਗਾਤਾਰ ਘਰੇਲੂ ਤੇ ਖੇਤੀ ਲਾਗਤ ਖਰਚੇ ਵਧਣ ਕਾਰਨ ਅਤੇ ਹਰ ਵਾਰ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਕਾਰਨ ਕਿਸਾਨਾਂ ਤੋਂ ਬੈਂਕਾਂ ਦੇ ਕਰਜ਼ੇ ਮੁੜ ਨਹੀਂ ਰਹੇ। ਕਰਜ਼ੇ ਅਤੇ ਆਰਥਿਕ ਤੰਗੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੀ ਆਰਥਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਬੈਂਕ ਮੈਨੇਜਰ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਮਿਲਦੀਆਂ ਗ਼ੁਜ਼ਾਰੇ ਜੋਗੀਆਂ ਬੁਢਾਪਾ ਅਤੇ ਵਿਧਵਾ ਪੈਨਸ਼ਨ ਵੀ ਕਰਜ਼ੇ ਵਿੱਚ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਕਰਕੇ ਉਹ ਆਪਣਾ ਘਰ ਦਾ ਗੁਜ਼ਾਰਾ ਅਤੇ ਮਾੜਾ ਮੋਟਾ ਇਲਾਜ ਕਰਾਉਣ ਤੋਂ ਬੇਵੱਸ ਹੋ ਗਏ ਹਨ। ਬੈਂਕ ਮੈਨੇਜਰ ਦੇ ਇਸ ਰਵਈਏ ਵਿਰੁੱਧ ਕਿਸਾਨਾਂ ਨੇ ਬੈਂਕ ਦਾ ਘਿਰਾਓ ਕਰ ਲਿਆ ਜਿਸ ਤੋਂ ਬਾਅਦ ਬੈਂਕ ਮਨੇਜਰ ਨੇ ਕੱਲ੍ਹ ਨੂੰ ਕਿਸਾਨਾਂ ਦੀਆਂ ਰੁਕੀਆਂ ਹੋਈਆਂ ਬੁਢਾਪਾ ਅਤੇ ਵਿਧਵਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ । ਇਸ ਤੋਂ ਬਾਅਦ ਕਿਸਾਨਾਂ ਆਗੂਆਂ ਨੇ ਧਰਨਾ ਮੁਲਤਵੀ ਕਰਕੇ ਐਲਾਨ ਕੀਤਾ ਕਿ ਜੇਕਰ ਕੱਲ੍ਹ ਨੂੰ ਵੀ ਕਿਸਾਨਾਂ ਨੂੰ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਨਾ ਦਿੱਤੀਆਂ ਤਾਂ ਆਉਂਦੇ ਦਿਨਾਂ ਵਿਚ ਬੈਂਕ ਦਾ ਮੁਕੰਮਲ ਤੌਰ ਤੇ ਘਿਰਾਓ ਜਾਵੇਗਾ। ਅੱਜ ਦੇ ਧਰਨੇ ਵਿੱਚ ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ, ਭੋਲਾ ਸਿੰਘ ਮਾੜੀ ,ਭਿੰਦਰ ਸਿੰਘ ਭਾਈ ਬਖਤੌਰ, ਗੁਰਜੀਤ ਸਿੰਘ ਬੰਘੇਰ ਅਤੇ ਗੁਰਦੀਪ ਸਿੰਘ ਮਾਈਸਰਖਾਨਾ ਤੋਂ ਇਲਾਵਾ ਪਿੰਡਾਂ ਦੇ ਆਗੂ ਵਰਕਰ ਸ਼ਾਮਲ ਸਨ।
Share the post "ਖੇਤੀ ਲਿਮਟਾਂ ਦੇ ਪੈਸੇ ਵਸੂਲਣ ਲਈ ਬੈਂਕ ਅਧਿਕਾਰੀਆਂ ਨੇ ਰੋਕੀਆਂ ਬੁਢਾਪਾ ਪੈਨਸ਼ਨਾਂ, ਕਿਸਾਨਾਂ ਨੇ ਬੈਂਕ ਘੇਰਿਆ"