ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ:ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਵੱਲੋਂ ਯੂਨੀਅਨ ਦੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ । ਜਥੇਬੰਦੀ ਦੀ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਅਤੇ ਮੁੱਖ ਮੰਤਰੀ ਜਥੇਬੰਦੀ ਦੀਆਂ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇਣ । ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਵਾਪਸ ਸੈਂਟਰਾਂ ਵਿਚ ਭੇਜਿਆ ਜਾਵੇ ਅਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਜਦੋਂ ਤੱਕ ਇਹ ਲਾਗੂ ਨਹੀਂ ਹੁੰਦਾ ਉਦੋਂ ਤੱਕ ਸਰਕਾਰ ਆਪਣੇ ਵਾਅਦੇ ਅਨੁਸਾਰ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਕਰੇ ।ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ 4 ਸਾਲਾਂ ਤੋਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ । ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ , ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜ਼ਾ ਦਿੱਤਾ ਜਾਵੇ । ਇਸ ਮੌਕੇ ਯੂਨੀਅਨ ਦੀਆਂ ਆਗੂ ਮਨਪ੍ਰੀਤ ਕੌਰ ਸਿਵੀਆ, ਪਰਮਜੀਤ ਕੌਰ ਸਿਵੀਆ, ਸੁਨੈਨਾ ਗੋਨੇਆਣਾ, ਸੁਮਨਦੀਪ ਗੋਨੇਆਣਾ ਖੁਰਦ, ਗੁਰਪ੍ਰੀਤ ਕੌਰ ਗੋਨੇਆਣਾ ਖੁਰਦ, ਵੀਰਪਾਲ ਕੌਰ ਨਹੀਆਂ ਵਾਲਾ,ਬਲਜੀਤ ਕੌਰ ਨਹੀਆਂ ਵਾਲਾ ਆਦਿ ਮੌਜੂਦ ਸਨ ।
Share the post "ਆਂਗਣਵਾੜੀ ਯੂਨੀਅਨ ਦੀਆਂ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ ਆਪ ਵਿਧਾਇਕ ਨੂੰ ਦਿੱਤਾ ਮੰਗ ਪੱਤਰ"