ਬੀ.ਟੈੱਕ ਅਤੇ ਐਮ.ਟੈੱਕ. ਦੇ 300 ਤੋਂ ਵਧੇਰੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ
ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ : ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ (ਬੀ.ਐਫ.ਜੀ.ਆਈ.) ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਐਮ.ਟੈੱਕ ਅਤੇ ਬੀ. ਟੈੱਕ ਦੇ ਸਾਰੇ ਪਾਸ ਹੋ ਚੁੱਕੇ ਵਿਦਿਆਰਥੀਆਂ ਦੀ ਸਾਲਾਨਾ ਕਨਵੋਕੇਸ਼ਨ ਆਯੋਜਿਤ ਕੀਤੀ ਗਈ। ਇਸ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. (ਡਾ.) ਦਿਨੇਸ਼ ਕੁਮਾਰ ਸਿੰਘ ਸਨ ਜਦੋਂ ਕਿ ਇੰਟੇਲ ਇੰਡੀਆ ਦੇ ਡਾਇਰੈਕਟਰ-ਸਟਰੈਟਜੀ ਸ਼੍ਰੀ ਸੁਮੀਤ ਵਰਮਾ ਅਤੇ ਐਡਗੇਟ ਟੈਕਨਾਲੋਜੀਜ਼ ਪ੍ਰਾ. ਲਿਮ ਦੇ ਡਾਇਰੈਕਟਰ-ਬਿਜ਼ਨਸ ਓਪਰੇਸ਼ਨ ਸ. ਗੁਰਪ੍ਰੀਤ ਸਿੰਘ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਾਲਾਨਾ ਕਨਵੋਕੇਸ਼ਨ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਨੇ ਸ਼ਮਾ ਰੌਸ਼ਨ ਕਰ ਕੇ ਕੀਤੀ। ਇਹ ਇੱਕ ਇਤਿਹਾਸਕ ਪਲ ਸੀ ਜਦੋਂ ਬੀ.ਟੈੱਕ ਅਤੇ ਐਮ.ਟੈੱਕ. ਦੇ 300 ਤੋਂ ਵਧੇਰੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ । ਜ਼ਿਕਰਯੋਗ ਹੈ ਕਿ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਵਿਖੇ ਐਮ.ਟੈੱਕ. (ਕੰਪਿਊਟਰ ਸਾਇੰਸ ਇੰਜ., ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਇੰਜ.) ਅਤੇ ਬੀ.ਟੈੱਕ (ਕੰਪਿਊਟਰ ਸਾਇੰਸ ਇੰਜ., ਆਈ.ਟੀ., ਇਲੈਕਟਰੀਕਲ ਇੰਜ., ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਇੰਜ., ਸਿਵਲ ਇੰਜ. ਅਤੇ ਮਕੈਨੀਕਲ ਇੰਜ. ) ਆਦਿ ਕੋਰਸ ਕਰਵਾਏ ਜਾਂਦੇ ਹਨ। ਕਨਵੋਕੇਸ਼ਨ ਆਰੰਭ ਕਰਨ ਦੀ ਘੋਸ਼ਣਾ ਤੋਂ ਬਾਦ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਸਮੇਤ ਸਾਰੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਬੀ.ਐਫ.ਜੀ.ਆਈ. ਦੀ ਭਵਿੱਖੀ ਯੋਜਨਾ ਨੂੰ ਸਾਂਝਾਂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਆਪਣੇ ਵਿਦਿਆਰਥੀਆਂ ਨੂੰ 100% ਪਲੇਸਮੈਂਟ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਨੇ ਬੀ.ਐਫ.ਜੀ.ਆਈ. ਵਿੱਚ ਰਿਸਰਚ ਐਂਡ ਡਿਵੈਲਪਮੈਂਟ ’ਤੇ ਜ਼ੋਰ ਦਿੱਤਾ ਅਤੇ ਉਦਯੋਗਾਂ ਦੇ ਨਾਲ-ਨਾਲ ਭਾਰਤ ਸਰਕਾਰ ਦੇ ਸਹਿਯੋਗ ਬਾਰੇ ਵੀ ਚਰਚਾ ਕੀਤੀ।
ਇਸ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਪ੍ਰੋ. (ਡਾ.) ਦਿਨੇਸ਼ ਕੁਮਾਰ ਸਿੰਘ, ਮਾਨਯੋਗ ਕਾਰਜਕਾਰੀ ਡਾਇਰੈਕਟਰ, ਏਮਜ਼ ਬਠਿੰਡਾ ਨੇ ਇਸ ਕਨਵੋਕੇਸ਼ਨ ਦੀ ਸਫਲਤਾ ਤੇ ਵਧਾਈ ਦਿੱਤੀ । ਉਨ੍ਹਾਂ ਨੇ ਹੈਲਥਕੇਅਰ ਅਤੇ ਸਹਾਇਕ ਹਸਪਤਾਲਾਂ ਦੇ ਨਾਲ-ਨਾਲ ਮੈਡੀਕਲ ਖੋਜ ਕੇਂਦਰਾਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਭੂਮਿਕਾ ਨੂੰ ਸ਼ਾਮਲ ਕਰਨ ਦੀ ਚਰਚਾ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਖ਼ਾਸ ਕਰ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕੰਪਿਊਟਰ ਦੀ ਭੂਮਿਕਾ ਅਤੇ ਇਸ ਦੇ ਯੋਗਦਾਨ ’ਤੇ ਕੇਂਦਰਿਤ ਆਪਣਾ ਭਾਸ਼ਣ ਦਿੱਤਾ। ਉਨ੍ਹਾਂ ਨੇ ਅਰੋਗਿਆ ਸੇਤੂ ਐਪ ਦੇ ਨਾਲ-ਨਾਲ ਆਭਾ ਐਪ ਵਰਗੀਆਂ ਐਪਲੀਕੇਸ਼ਨਾਂ ਬਾਰੇ ਚਰਚਾ ਕੀਤੀ ਜੋ ਕੋਵਿਡ-19 ਸਮੇਂ ਤੋਂ ਹੁਣ ਤੱਕ ਪ੍ਰਭਾਵੀ ਢੰਗ ਮਦਦਗਾਰ ਸਾਬਤ ਹੋ ਰਹੀਆਂ ਹਨ। ਉਨ੍ਹਾਂ ਨੇ ਹੈਲਥਕੇਅਰ ਪ੍ਰਣਾਲੀ ਵਿੱਚ ਤਰੱਕੀ ਵਜੋਂ ਨੌਕਰੀਆਂ ਪੈਦਾ ਕਰਨ ਲਈ ਅਜੋਕੀਆਂ ਤਕਨੀਕਾਂ ਬਾਰੇ ਟਿੱਪਣੀ ਕੀਤੀ। ਉਨ੍ਹਾਂ ਨੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਉਪਦੇਸ਼ ਨੂੰ ਸਮਝਣ ਅਤੇ ਉਨ੍ਹਾਂ ਦੁਆਰਾ ਦੱਸੇ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਅੰਤ ਵਿੱਚ ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ ਅਤੇ ਵਿੱਦਿਅਕ ਸੰਸਥਾਵਾਂ ਦੁਆਰਾ ਇਸ ਦੀ ਵਰਤੋਂ ਅਤੇ ਯੂ.ਜੀ.ਸੀ. ਦੁਆਰਾ ਇਸ ਦੀ ਸਹੀ ਨਿਗਰਾਨੀ ਦੁਆਰਾ ਸਮਾਜ ਉੱਤੇ ਇਸ ਦੇ ਭਵਿੱਖੀ ਪ੍ਰਭਾਵ ਬਾਰੇ ਚਰਚਾ ਕੀਤੀ । ਉਨ੍ਹਾਂ ਨੇ ਗਰੈਜੂਏਟਾਂ ਨੂੰ ਨਸ਼ਿਆਂ ਅਤੇ ਹੋਰ ਕਿਸਮ ਦੇ ਜ਼ਹਿਰੀਲੇ ਸੇਵਨ ਨਾਲ ਆਪਣੀ ਸਿਹਤ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਬੇਨਤੀ ਕੀਤੀ ਅਤੇ ਰੋਜ਼ਾਨਾ ਵਰਤੋਂ ਯੋਗ ਭੋਜਨ/ਪੇਅ ਪਦਾਰਥ ਅਤੇ ਦੂਸ਼ਿਤ ਪਾਣੀ ਅਤੇ ਦੁੱਧ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੰਚਾਰ ਹੁਨਰ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦਿਆਂ ਨਿਰਦੇਸ਼ ਦਿੱਤੇ ਅਤੇ ਇੰਜੀਨੀਅਰਾਂ ਨੂੰ ਚੰਗੇ ਭਵਿੱਖ ਲਈ ਵਧਾਈ ਦਿੱਤੀ।
ਵਿਸ਼ੇਸ਼ ਮਹਿਮਾਨ ਸ਼ਰੀ ਸੁਮੀਤ ਵਰਮਾ, ਡਾਇਰੈਕਟਰ-ਸਟਰੈਟਜੀ, ਇੰਟੇਲ ਇੰਡੀਆ ਨੇ ਅੱਗ ਤੋਂ ਭਾਫ਼ ਇੰਜਣ ਤੱਕ ਦੀਆਂ ਕਾਢਾਂ ਦੇ ਨਾਲ ਨਾਲ ਮੌਜੂਦਾ ਤਕਨੀਕੀ ਤਰੱਕੀ ਨੂੰ ਯਾਦ ਕਰਵਾਇਆ। ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਇੰਜੀਨੀਅਰਾਂ ਦੀ ਭੂਮਿਕਾ ਖ਼ਾਸ ਕਰ ਕੇ ਸਾਫ਼ਟਵੇਅਰ ਇੰਜੀਨੀਅਰਾਂ ਦੇ ਰੋਲ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਆਈ.ਟੀ. ਖੇਤਰ ਵਿੱਚ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਰੋਬੋਟਿਕਸ ਦੇ ਨਾਲ ਨਾਲ ਮਸ਼ੀਨਾਂ ਦੇ ਖੇਤਰ ਵਿੱਚ ਸਟਾਰਟਅੱਪ ਅਤੇ ਨਵੀਆਂ ਕਾਢਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅਜੋਕੇ ਸਿਹਤ ਸੰਭਾਲ ਅਤੇ ਰੱਖਿਆ ਦੇ ਖੇਤਰ ਵਿੱਚ ਇਸ ਦੇ ਪ੍ਰਭਾਵ ਬਾਰੇ ਚਰਚਾ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਉਹ ਨਵੀਆਂ ਨੀਤੀਆਂ ਅਤੇ ਸਰਕਾਰਾਂ ਦੀਆਂ ਡਿਜੀਟਲ ਇੰਡੀਆ ਦੀਆਂ ਪਹਿਲਕਦਮੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਣ ਤਾਂ ਜੋ ਵਿਗਿਆਨ ਆਧਾਰਿਤ ਸਮਾਜ ਬਣਾਉਣ ਲਈ ਨੌਜਵਾਨਾਂ ਨੂੰ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਜਾ ਸਕੇ।ਐਡਗੇਟ ਟੈਕਨਾਲੋਜੀਜ਼ ਪ੍ਰਾ. ਲਿਮ ਦੇ ਡਾਇਰੈਕਟਰ-ਬਿਜ਼ਨਸ ਓਪਰੇਸ਼ਨ ਸ. ਗੁਰਪ੍ਰੀਤ ਸਿੰਘ ਨੇ ਇਸ ਸਮਾਗਮ ਲਈ ਸਤਿਕਾਰਤ ਮਹਿਮਾਨ ਵਜੋਂ ਸੱਦਾ ਦੇਣ ਲਈ ਬੀ.ਐਫ.ਜੀ.ਆਈ. ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਾਰੇ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਵਿੱਦਿਅਕ ਸਫ਼ਰ ਲਈ ਵਧਾਈ ਦਿੱਤੀ । ਬੀ.ਐਫ.ਸੀ.ਈ.ਟੀ. ਦੀ ਪ੍ਰਿੰਸੀਪਲ ਡਾ. ਜੋਤੀ ਬਾਂਸਲ ਨੇ ਸਾਰੇ ਮਹਿਮਾਨਾਂ, ਸੰਸਥਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਇਸ ਕਨਵੋਕੇਸ਼ਨ ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ ਅਤੇ ਡਿਗਰੀਆਂ ਹਾਸਲ ਕਰਨ ਵਾਲੇ ਸਾਰੇ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਇਸ ਕਨਵੋਕੇਸ਼ਨ ਦੀ ਸਫਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ।
Share the post "ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਸਾਲਾਨਾ ਕਨਵੋਕੇਸ਼ਨ ਦਾ ਸਫਲਤਾਪੂਰਵਕ ਆਯੋਜਨ"