ਆਪ’ ਸੂਬੇ ’ਚ ਲਗਾਤਾਰ ਆਪਣੀ ਪਕੜ ਅਤੇ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ- ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ*
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ.ਨਗਰ 16 ਦਸੰਬਰ – ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲਤੀਫਪੁਰਾ ਵਿੱਚ ‘ਆਪ’ ਸਰਕਾਰ ਵੱਲੋਂ ਉਸਾਰੀਆਂ ਨੂੰ ਢਾਹੁਣ ਦੀ ਮੁਹਿੰਮ ਨੂੰ ਮੰਦਭਾਗਾ ਦਸਿਆ ਹੈ।ਇਹ ਮੁਹਿੰਮ ਗਰੀਬ ਅਤੇ ਹੇਠਲੇ ਮੱਧ ਵਰਗ ਦੇ ਮੁੜਵਸੇਬੇ ਦੇ ਵਿਰੁੱਧ ’ਆਪ’ ਦੀਆਂ ਨੀਤੀਆਂ ਦਾ ਪਰਦਾਫਾਸ਼ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ ਪਿਛਲੇ 8 ਮਹੀਨਿਆਂ ਤੋਂ ਆਪ ਸਰਕਾਰ ਨੇ ’ਵੱਡੀ ਮੱਛੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਪੰਚਾਇਤੀ ਸ਼ਾਮਲਾਠ ਜ਼ਮੀਨਾਂ ਦਾ ਵੱਡਾ ਹਿੱਸਾ ਬਿਨਾਂ ਲੋੜੀਂਦੀ ਮਨਜ਼ੂਰੀ ਲਏ ਜਾਂ ਆਪਣੇ ਸਿਆਸੀ ਦਬਦਬੇ ਨਾਲ ਬਹੁਤ ਘੱਟ ਕੀਮਤ ’ਤੇ ਖਰੀਦਿਆ ਹੈ।ਸਿੱਧੂ ਨੇ ਅੱਗੇ ਕਿਹਾ ਕਿ ਲਤੀਫਪੁਰਾ ਵਿੱਚ ਸਰਕਾਰ ਨੇ ਜੋ ਵੱਡੀ ਬੇਦਖਲੀ ਮੁਹਿੰਮ ਚਲਾਈ ਸੀ ਜਿਸ ਵਿਚ 50 ਤੋਂ ਵੱਧ ਪਰਿਵਾਰਾਂ ਨੂੰ ਬੇਘਰ ਹੋਣ ਤੋਂ ਪਹਿਲਾਂ ਮੁੜ ਵਸੇਬੇ ਦੀ ਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਪ੍ਰਮਾਤਮਾ ਦੀ ਇੱਛਾ ’ਤੇ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਸਰਦੀਆਂ ਦੀਆਂ ਠੰਡੀਆਂ ਸ਼ਾਮਾਂ ਵਿਚ ਸੜਕ ਦੇ ਕਿਨਾਰੇ ਬਿਤਾਉਣ ਲਈ ਮਜ਼ਬੂਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਟੁੱਟੇ ਹੋਏ ਮਕਾਨ ਮਾਲਕਾਂ ਨੂੰ ‘ਪੱਕੇ ਘਰ’ ਦੇਣ ਦਾ ਜੋ ਵਾਅਦਾ ਕੀਤਾ ਗਿਆ ਹੈ ਉਹ ਮਹਿਜ਼ ਸਰਕਾਰ ਦੀ ਇੱਜ਼ਤ ਬਚਾਉਣ ਲਈ ਸਿਆਸੀ ਵਾਅਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਹੀ ਇੱਕ ਕਹਾਣੀ ਪਿੰਡ ਕੁਰੜਾ (ਖਰੜ) ਤੋਂ ਸਾਹਮਣੇ ਆਈ ਹੈ ਜਿੱਥੇ ਪੰਚਾਇਤ ਵਿਭਾਗ ਨੇ ਪਿਛਲੀ ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤੇ 71 ਪਲਾਟਾਂ ’ਤੇ ਉਸਾਰੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੀ ਸਰਕਾਰ ਵੇਲੇ ਪਿੰਡ ਦੀ ਪੰਚਾਇਤ ਵੱਲੋਂ ਬੇਘਰੇ ਲੋਕਾਂ ਨੂੰ ਦਿੱਤੇ ਪਲਾਟ ਮਨਜ਼ੂਰ ਕੀਤੇ ਗਏ ਸਨ ਅਤੇ ਅਲਾਟੀਆਂ ਕੋਲ ਘਰ ਬਣਾਉਣ ਲਈ ਹੋਰ ਕੋਈ ਜ਼ਮੀਨ ਨਹੀਂ ਹੈ। ਸਿੱਧੂ ਨੇ ਕਿਹਾ ਕਿ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਜਿਹੇ ਮਾਮਲਿਆਂ ਦੀ ਸੰਵੇਦਨਸ਼ੀਲਤਾ ਨਾਲ ਨਿਗਰਾਨੀ ਕਰਨੀ ਚਾਹੀਦੀ ਹੈ। ਪੰਜਾਬ ਭਰ ਵਿੱਚ ‘ਆਮ ਆਦਮੀ’ ਦਾ ਦੋਗਲਾ ਮਾਪਦੰਡ ਬਾਰੇ ਸਾਰੀਆਂ ਨੂੰ ਪਤਾ ਲੱਗ ਚੁੱਕਾ ਹੈ। ’ਆਪ’ ਸਰਕਾਰ ਸੂਬੇ ’ਚ ਲਗਾਤਾਰ ਆਪਣੀ ਪਕੜ ਅਤੇ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਕੁਰੜਾ ਵਿੱਚ ਅਲਾਟੀਆਂ ਨੂੰ ਪਲਾਟ ਅਲਾਟ ਕੀਤੇ ਗਏ ਜਿੱਥੇ ਲੋਕ ਜ਼ਮੀਨ ਦੇ ਮਾਲਕਨਾ ਹੱਕ ਰੱਖਦੇ ਹਨ, ਜਿਸ ਦੀ ਹਰੇਕ ਮਹਿਕਮੇ ਤੋਂ ਮਨਜ਼ੂਰੀ ਹੈ, ਪਰ ਸਰਕਾਰ ਨੇ ਉਸਾਰੀਆਂ ਉੱਤੇ ਰੋਕ ਲੱਗਾ ਕੇ ਆਮ ਆਦਮੀ ਦੀਆਂ ਖਾਹਿਸ਼ਾਂ ’ਤੇ ਪਾਣੀ ਫੇਰ ਦਿੱਤਾ ਹੈ। ਸਿੱਧੂ ਅਨੁਸਾਰ ਇਹ ਬਹੁਤ ਹੀ ਗਲਤ ਹੈ ਕਿ ਪੰਜਾਬ ਦੀ ’ਆਪ’ ਸਰਕਾਰ ਨੇ ਦਲਿਤਾਂ ਅਤੇ ਖੇਤ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦੇ ਬਹਾਨੇ ਸੱਤਾ ਸੰਭਾਲੀ, ਪਰ ਜਦੋਂ ਉਨ੍ਹਾਂ ਅਧਿਕਾਰਾਂ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਪਿੱਛੇ ਹਟ ਗਏ। ਸਿੱਧੂ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਕੀ ਇਹ ਡਾ. ਬੀ.ਆਰ. ਅੰਬੇਦਕਰ ਦਾ ਅਪਮਾਨ ਨਹੀਂ ਹੈ, ਜਿਸ ਦੇ ਨਾਂਅ ’ਤੇ ’ਆਪ’ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਹਾਸਲ ਕਰਨ ਲਈ ਪੰਜਾਬੀਆਂ ਨੂੰ ਧੋਖਾ ਦਿੱਤਾ ਕਿਉਂਕਿ ਉਹ ਹੁਣ ਵਾਂਝੇ ਵਰਗ ਦੀਆਂ ਜਾਇਜ਼ ਇੱਛਾਵਾਂ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ।
Share the post "ਲਤੀਫਪੁਰਾ ਕਾਂਡ ਤੋਂ ਬਾਅਦ ਆਪ ਦਾ ਦੋਗਲਾ ਮਾਪਦੰਡ ਸਾਰਿਆਂ ਦੇ ਸਾਹਮਣੇ ਆਇਆ – ਬਲਬੀਰ ਸਿੱਧੂ"