Punjabi Khabarsaar
ਵਪਾਰ

ਮੁੱਖ ਮੰਤਰੀ ਨੇ ਚੇਨਈ ਵਿਖੇ ਪ੍ਰਮੁੱਖ ਕਾਰੋਬਾਰੀਆਂ ਨਾਲ ਚਲਾਇਆ ਮੀਟਿੰਗਾਂ ਦੀ ਦੌਰ

whtesting
0Shares

ਪੰਜਾਬ ਨੂੰ ਦੇਸ਼ ਭਰ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਕੀਤਾ ਪੇਸ਼
ਉੱਦਮੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਦਿੱਤਾ ਸੱਦਾ
ਪੰਜਾਬੀ ਖ਼ਬਰਸਾਰ ਬਿਉਰੋ
ਚੇਨਈ, 19 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਇੱਥੇ ਚੋਟੀ ਦੇ ਕਾਰੋਬਾਰੀਆਂ ਨਾਲ ਮੀਟਿੰਗਾਂ ਦਾ ਦੌਰ ਚਲਾਇਆ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ, ਜੋ ਦੇਸ਼ ਭਰ ਵਿੱਚ ਮੋਹਰੀ ਉਦਯੋਗਿਕ ਹੱਬ ਵਜੋਂ ਵਿਕਸਤ ਹੋਇਆ ਹੈ।ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਇਕ ਉੱਚ ਪੱਧਰੀ ਵਫ਼ਦ ਨੇ ਪੰਜਾਬ ਨੂੰ ਨਿਵੇਸ਼ ਦੇ ਤਰਜੀਹੀ ਸਥਾਨ ਅਤੇ ਆਰਥਿਕ ਵਿਕਾਸ ਦੇ ਗੜ੍ਹ ਵਜੋਂ ਦਰਸਾਉਣ ਲਈ ਚੇਨਈ ਵਿੱਚ ਮੀਟਿੰਗਾਂ ਦੀ ਇਕ ਲੜੀ ਸ਼ੁਰੂ ਕੀਤੀ। ਐਮਡੀ ਮੁਰੂਗੱਪਾ ਗਰੁੱਪ, ਚੇਅਰਮੈਨ ਟਿਊਬ ਇੰਡੀਆ ਇਨਵੈਸਟਮੈਂਟਸ ਅਰੁਣ ਮੁਰੂਗੱਪਾ, ਸੀਐਫਓ ਅਤੇ ਬੋਰਡ ਮੈਂਬਰ ਅਸ਼ੋਕ ਲੇਲੈਂਡ ਗੋਪਾਲ ਮਹਾਦੇਵਨ, ਟੈਫੇ ਗਰੁੱਪ ਦੇ ਸੀਈਓ ਸੰਦੀਪ ਸਿਨਹਾ, ਐਮਡੀ, ਲੁਕਾਸ-ਟੀਵੀਐਸ ਸ੍ਰੀ ਅਰਵਿੰਦ ਬਾਲਾਜੀ ਸਮੇਤ ਉੱਘੇ ਉਦਯੋਗਪਤੀਆਂ ਨਾਲ ਇਕੱਲੇ-ਇਕੱਲੇ ਗੱਲਬਾਤ ਦੌਰਾਨ ਵੱਖ-ਵੱਖ ਖੇਤਰਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਵਿਚਾਰ-ਵਟਾਂਦਰੇ ਦੌਰਾਨ ਆਟੋ ਕੰਪੋਨੈਂਟਸ, ਵਾਹਨ ਨਿਰਮਾਣ, ਸਿਹਤ ਸੰਭਾਲ, ਹੁਨਰ ਵਿਕਾਸ, ਖੇਤੀਬਾੜੀ ਉਪਕਰਨ, ਲੌਜਿਸਟਿਕਸ ਅਤੇ ਵੇਅਰਹਾਊਸਿੰਗ, ਊਰਜਾ ਦੇ ਨਵਿਆਉਣਯੋਗ ਸਰੋਤ, ਖੋਜ ਤੇ ਵਿਕਾਸ ਅਤੇ ਹੋਰ ਖੇਤਰਾਂ ਵਿੱਚ ਸੰਭਾਵੀ ਸਹਿਯੋਗ ਬਾਰੇ ਗੱਲਬਾਤ ਹੋਈ।
ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਦੀ ਸਮਰੱਥਾ ਅਤੇ ਪੰਜਾਬ ਦੇ ਵਿਦੇਸ਼ਾਂ ਦੇ ਨਾਲ-ਨਾਲ ਭਾਰਤੀ ਕੰਪਨੀਆਂ ਲਈ ਨਿਰਮਾਣ ਦਾ ਕੇਂਦਰ ਬਣਨ ਦੇ ਫਾਇਦਿਆਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਭਾਰਤ ਅਤੇ ਦੁਨੀਆ ਭਰ ਦੇ ਨਿਵੇਸ਼ਕਾਂ ਨੇ ਪੰਜਾਬ ਦੀ ਉਦਯੋਗਿਕ ਸ਼ਕਤੀ ਨੂੰ ਮਾਨਤਾ ਦਿੱਤੀ ਹੈ ਅਤੇ ਉਹ ਸੂਬੇ ਦੇ ਵਿਕਾਸ ਵਿੱਚ ਭਾਈਵਾਲ ਬਣ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਤੱਥ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ ਨੌਂ ਮਹੀਨਿਆਂ ਦੌਰਾਨ ਪੰਜਾਬ ਨੂੰ ਲਗਪਗ 27,000 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਪ੍ਰਾਪਤ ਹੋਏ ਹਨ, ਜਿਸ ਨਾਲ ਰੋਜ਼ਗਾਰ ਦੇ 1.25 ਲੱਖ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਪੰਜਾਬ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਵਾਲੇ ਨਵੇਂ ਉਦਯੋਗਾਂ ਅਤੇ ਨਿਵੇਸ਼ਕਾਂ ਨੂੰ ਅਨੁਕੂਲ ਮਾਹੌਲ ਦੇਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੰਗਲ ਵਿੰਡੋ ਪ੍ਰਣਾਲੀ ਅਤੇ ਸਮਾਂਬੱਧ ਰਿਆਇਤਾਂ ਲਈ ਪ੍ਰਕਿਰਿਆਵਾਂ ਦਾ ਸਰਲੀਕਰਨ ਉੱਦਮੀਆਂ ਅਤੇ ਕਾਰਪੋਰੇਟਾਂ ਨੂੰ ਆਕਰਸ਼ਿਤ ਕਰਨ ਲਈ ਸਭ ਤੋਂ ਮਹੱਤਵਪੂਰਨ ਹੈ। ਸੂਬੇ ਦੀ ਉਦਯੋਗਿਕ ਸਮਰੱਥਾ ਨੂੰ ਉਜਾਗਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਾਰੋਬਾਰ ਦੀ ਸਹੂਲਤ ਅਤੇ ਨਿਵੇਸ਼ਕ ਪੱਖੀ ਮਾਹੌਲ ਸਿਰਜ ਕੇ ਪੰਜਾਬ ਨੂੰ ਪ੍ਰਮੁੱਖ ਉਦਯੋਗਿਕ ਅਤੇ ਬਰਾਮਦ ਹੱਬ ਵਿੱਚ ਤਬਦੀਲ ਕਰਨ ਦੀ ਉਮੀਦ ਕਰ ਰਹੀ ਹੈ।ਮੁੱਖ ਮੰਤਰੀ ਨੇ ਸਾਰੇ ਉੱਘੇ ਉਦਯੋਗਪਤੀਆਂ ਨੂੰ 23-24 ਫਰਵਰੀ, 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਵੀ ਦਿੱਤਾ। ਉਨ੍ਹਾਂ ਨੇ ਸੂਬੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਨਿਵੇਸ਼ਕਾਂ ਨੂੰ ਆਖਿਆ ਕਿ ਉਹ ਨਿਵੇਸ਼ ਲਈ ਸੰਭਾਵੀ ਸਥਾਨ ਵਜੋਂ ਪੰਜਾਬ ਨੂੰ ਵਿਚਾਰਨ।ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਪ੍ਰਮੁੱਖ ਸਕੱਤਰ ਉਦਯੋਗ ਦਲੀਪ ਕੁਮਾਰ, ਇਨਵੈਸਟ ਪੰਜਾਬ ਦੇ ਸੀ.ਈ.ਓ. ਕਮਲ ਕਿਸ਼ੋਰ ਯਾਦਵ, ਮੁੱਖ ਮੰਤਰੀ ਦੇ ਵਧੀਕ ਵਿਸ਼ੇਸ਼ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

0Shares

Related posts

ਮਿੱਤਲ ਗਰੁੱਪ ਦੇ ਨਵੇਂ ਲਗਜ਼ਰੀ ਪ੍ਰੋਜੈਕਟ ‘ਸ਼ੀਸ਼ ਮਹਿਲ ਸਕਾਈ ਲਾਈਨ’ ਦੀ ਭੂਮੀ ਪੂਜਨ ਨਾਲ ਹੋਈ ਸ਼ੁਰੂਆਤ

punjabusernewssite

ਪੰਜਾਬ ਟਰੇਡਰ ਬੋਰਡ ਦੇ ਚੇਅਰਮੈਨ ਨੇ ਅੱਗ ਨਾਲ ਸੜੀ ਫੈਕਟਰੀ ਦਾ ਕੀਤਾ ਦੌਰਾ

punjabusernewssite

ਸ਼ੁਸਾਂਤ ਸਿਟੀ ਵੰਨ ਵਿਖੇ ਨਵੇਂ ਰੈਸਟੋਰੈਂਟ ਦੀ ਕੀਤੀ ਸ਼ੁਰੂਆਤ

punjabusernewssite

Leave a Comment