ਸੁਖਜਿੰਦਰ ਮਾਨ
ਬਠਿੰਡਾ, 21 ਦਸੰਬਰ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਲਈ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਵੱਖ-ਵੱਖ ਕੰਪਨੀਆਂ ਦੀਆਂ ਪਲੇਸਮੈਂਟ ਡਰਾਈਵ ਆਯੋਜਿਤ ਕਰਵਾਈ ਗਈ ਜਿਸ ਦੌਰਾਨ ਐਮ.ਬੀ.ਏ. ਦੇ 15 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਪਲੇਸਮੈਂਟ ਡਰਾਈਵ ਦੌਰਾਨ ਕੰਪਨੀਆਂ ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈਸਟ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਦ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੀ ਮਨੁੱਖੀ ਸਰੋਤਾਂ, ਮਾਰਕੀਟਿੰਗ ਅਤੇ ਫ਼ਾਇਨਾਂਸ ਖੇਤਰ ਨਾਲ ਸਬੰਧਤ ਸਮਝ ਅਤੇ ਜਾਣਕਾਰੀ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਵਿਦਿਆਰਥੀਆਂ ਦੀ ਬੋਲ ਚਾਲ ਦੀ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਸ਼ੀਜ਼ਫਾਇਰ ਕੰਪਨੀ ਨੇ ਐਮ.ਬੀ.ਏ. ਦੇ 2 ਵਿਦਿਆਰਥੀਆਂ ਅਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੂੰ ਸ਼ੀਜ਼ਫਾਇਰ ਮੈਨੇਜਮੈਂਟ ਟਰੇਨੀ ਦੇ ਅਹੁਦੇ ਲਈ 5.1 ਲੱਖ ਦੇ ਸਾਲਾਨਾ ਪੈਕੇਜ ’ਤੇ ਨੌਕਰੀ ਲਈ ਚੁਣ ਲਿਆ ਜਦੋਂ ਕਿ ਮੋਤੀਲਾਲ ਓਸਵਾਲ ਕੰਪਨੀ ਦੇ ਅਧਿਕਾਰੀਆਂ ਨੇ ਐਮ.ਬੀ.ਏ. ਦੇ 6 ਵਿਦਿਆਰਥੀਆਂ ਸੁਖਵੰਤ ਕੌਰ, ਰੇਨੂੰ, ਗੁਰਪ੍ਰੀਤ ਕੌਰ, ਗੁਰਜੀਤ ਸਿੰਘ, ਪ੍ਰੀਤੀ ਅਤੇ ਕੋਮਲ ਨੂੰ ਸੀਨੀਅਰ ਐਗਜ਼ੀਕਿਊਟਿਵ/ਅਸਿਸਟੈਂਟ ਮੈਨੇਜਰ ਦੇ ਅਹੁਦੇ ਲਈ ਚੁਣ ਲਿਆ। ਇਸੇ ਤਰ੍ਹਾਂ ਬਰਿਸਕ ਲੌਜਿਕ ਪ੍ਰਾ. ਲਿਮ. ਕੰਪਨੀ ਵੱਲੋਂ ਵੀ ਐਮ.ਬੀ.ਏ. ਦੇ ਵਿਦਿਆਰਥੀ ਕੁਲਬੀਰ ਸਿੰਘ, ਪ੍ਰਿਅੰਕਾ, ਸਿਮਰਪ੍ਰੀਤ ਕੌਰ, ਆਰਤੀ, ਲਵਪ੍ਰੀਤ ਸਿੰਘ, ਸਵਰਾਜ ਅਤੇ ਲਾਲਜਿੰਡੀਗਾ ਸਲਿਓ ਨੂੰ 5 ਲੱਖ ਤੱਕ ਦੇ ਸਾਲਾਨਾ ਪੈਕੇਜ ’ਤੇ ਨੌਕਰੀ ਲਈ ਚੁਣ ਲਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਕਾਲਜ ਵੱਲੋਂ ਸਾਰੇ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਾਲਜ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਫਲ ਹੋਏ ਉਪਰੋਕਤ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
Share the post "ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ 15 ਵਿਦਿਆਰਥੀ ਨੌਕਰੀ ਲਈ ਚੁਣੇ"