ਸੁਖਜਿੰਦਰ ਮਾਨ
ਬਠਿੰਡਾ,27 ਦਸੰਬਰ:ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ,ਪਵਨਦੀਪ ਸਿੰਘ ਅਮ੍ਰਿਤਸਰ, ਸਿਮਰਨਜੀਤ ਸਿੰਘ ਨੀਲੋਂ, ਰਮਨਪ੍ਰੀਤ ਕੌਰ ਮਾਨ, ਜਸਪ੍ਰੀਤ ਸਿੰਘ ਗਗਨ ਅਤੇ ਸੁਰਿੰਦਰ ਕੁਮਾਰ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਦੋਖੀ ਚਾਲਾਂ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਅਗਲੇ ਸੰਘਰਸ਼ ਦਾ ਐਲਾਨ ਕੀਤਾ। ਇਸ ਸੰਘਰਸ਼ ਪ੍ਰੋਗਰਾਮ ਮੁਤਾਬਿਕ ਪੰਜਾਬ ਦੇ ਸਮੂਹ ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜ਼ਮ 30-12-22 ਵਾਲੇ ਦਿਨ ਪਹਿਲਾਂ ਡੀ ਸੀ ਹੈਡ ਕੁਆਰਟਰਾਂ ਅੱਗੇ ਵਿਸ਼ਾਲ ਇਕੱਠ ਕਰਕੇ ਰੈਲੀਆਂ ਕਰਕੇ ਸਰਕਾਰ ਦੀ ਲੋਕ ਤੇ ਮੁਲਾਜ਼ਮ ਦੋਖੀ ਖ਼ਸਲਤ ਨੂੰ ਲੋਕਾਂ ਵਿੱਚ ਨੰਗਾ ਕਰਨਗੇ, ਇਸ ਤੋਂ ਬਾਅਦ ਆਪਣੀਆਂ ਮੰਗਾਂ ਦਾ ਮੰਗ ਪੱਤਰ ਡੀਸੀ ਦਫ਼ਤਰਾਂ ਰਾਹੀਂ ਪੰਜਾਬ ਸਰਕਾਰ ਨੂੰ ਭੇਜਕੇ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਅਰਥੀ ਫੂਕ ਪ੍ਰਦਰਸ਼ਨ ਕਰਕੇ ਸਰਕਾਰ ਦੇ ਰੁਜ਼ਗਾਰ ਮਾਰੂ ਹਮਲੇ ਦਾ ਮੂੰਹ ਤੋੜ ਜਵਾਬ ਦੇਣਗੇ ਠੇਕਾ ਮੁਲਾਜ਼ਮ।
ਆਗੂਆਂ ਵੱਲੋਂ ਇਸ ਸੰਘਰਸ਼ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ, ਠੇਕਾ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ ਅਤੇ ਕੰਮ ਪੱਕਾ ਹੋਣ ਦੀ ਸ਼ਰਤ ਤੇ ਸਰਕਾਰ ਪਾਸੋਂ ਪੱਕੇ ਰੋਜ਼ਗਾਰ ਦੀ ਮੰਗ ਕਰਦੇ ਆ ਰਹੇ ਹਾਂ। ਮੋਜੂਦਾ ਸਰਕਾਰ ਜਿਹੜੀ ਇਕ ਬਦਲਾਅ ਦੇ ਧੋਖੇ ਹੇਠ ਸੱਤਾ ਦੀ ਕੁਰਸੀ ਤੇ ਵਿਰਾਜਮਾਨ ਹੋਈ ਸੀ ਜਿਸਨੇ ਚੋਣਾਂ ਸਮੇਂ ਪੰਜਾਬ ਦੇ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਵਿਭਾਗਾਂ ਵਿਚ ਸ਼ਾਮਿਲ ਕਰਨ ਦਾ ਭਰੋਸਾ ਦਿੱਤਾ ਸੀ,ਅਜ ਇਹ ਸਰਕਾਰ ਪਹਿਲੀਆਂ ਸਰਕਾਰਾਂ ਨੂੰ ਵੀ ਮਾਤ ਪਾਕੇ ਠੇਕਾ ਰੁਜ਼ਗਾਰ ਖੋਹਣ ਦੇ ਰਾਹ ਤੁਰ ਪਈ ਹੈ।। ਕਿਉਂ ਕਿ ਇਹ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਥਾਂ, ਉਨ੍ਹਾਂ ਨਾਲ ਗਲਬਾਤ ਦੇ ਬੂਹੇ ਬੰਦ ਕਰੀ ਬੈਠੀ ਹੈ ਦੂਸਰੇ ਪਾਸੇ ਬਾਹਰੋਂ ਨਵੀਂ ਤੇ ਪੱਕੀ ਭਰਤੀ ਕਰਕੇ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਦਾ ਠੇਕਾ ਰੁਜ਼ਗਾਰ ਵੀ ਖੋਹਣ ਦੇ ਰਾਹ ਤੁਰੀ ਹੋਈ ਹੈ।ਤਪੇ ਦੇ ਸਰਕਾਰੀ ਹਸਪਤਾਲ ਵਿਚ ਛਾਂਟੀ,ਐਲ ਡੀ ਸੀ ਦੀ ਭਰਤੀ ਕਰਕੇ ਕੰਪੀਊਟਰ ਉਪਰੇਟਰਾਂ ਦੀ ਛਾਂਟੀ, ਤੇ ਇਸ ਸਮੇਂ ਅਧੀਨ ਸੇਵਾਵਾਂ ਬੋਰਡ ਵਲੋਂ ਬਾਹਰੋਂ ਪੱਕੀ ਭਰਤੀ ਕਰਕੇ ਡੀਸੀ ਦਫ਼ਤਰ ਦੇ ਕਲਰਕਾਂ ਦੀ ਛਾਂਟੀ ਦਾ ਠੇਕਾ ਰੁਜ਼ਗਾਰ ਖੋਹਣ ਦਾ ਸਰਕਾਰੀ ਧਾਵਾ ਬੋਲਿਆ ਗਿਆ ਹੈ। ਭਵਿੱਖ ਵਿੱਚ ਸਹਾਇਕ ਲਾਈਨ ਮੈਨਾਂ ਦੀ ਬਾਹਰੋਂ ਪੱਕੀ ਭਰਤੀ ਕਰਕੇ, ਵੇਰਕਾ ਮਿਲਕ ਪਲਾਂਟਾਂ ਵਿੱਚ ਬਾਹਰੋਂ ਪੱਕੀ ਭਰਤੀ ਕਰਕੇ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਦੇ ਠੇਕਾ ਰੁਜ਼ਗਾਰ ਤੇ ਵੱਡਾ ਤਬਾਹਕੁੰਨ ਹਮਲਾ ਸਰਕਾਰ ਵਲੋਂ ਬੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਲਾਜ਼ਮ ਆਗੂਆਂ ਵੱਲੋਂ ਦੱਸਿਆ ਗਿਆ ਕਿ ਅਸੀਂ ਪੰਜਾਬ ਦੇ ਸਮੂਹ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮ, ਸਰਕਾਰੀ ਵਿਭਾਗਾਂ ਦੇ ਕੰਮਕਾਜ ਦੀਆਂ ਲੋੜਾਂ ਵਿਚੋਂ, ਸਰਕਾਰ ਦੀ ਮੰਗ ਤੇ ਇਸ਼ਤਿਹਾਰ ਵਾਜੀ ਰਾਹੀਂ, ਸਰਕਾਰ ਵਲੋਂ ਤਹਿ ਯੋਗਤਾ ਦੀਆਂ ਸ਼ਰਤਾਂ ਮੁਤਾਬਕ, ਭਰਤੀ ਕੀਤੇ ਗਏ ਸੀ, ਇਸ ਸਮੇਂ ਸਾਡੇ ਕੋਲ ਭਿਵਾਗੀ ਕੰਮ ਦਾ ਲੰਮਾ ਤਜ਼ਰਬਾ ਹੈ।ਇਸ ਤੋਂ ਵੀ ਅਗਾਂਹ ਸਰਕਾਰੀ ਵਿਭਾਗਾਂ ਦੀਆਂ ਹਿਦਾਇਤਾਂ ਅਨੁਸਾਰ ਸਾਡੀ ਡਾਕਟਰੀ ਫਿਟਨੈਂਸ ਅਤੇ ਕਰੈਕਟਰ ਵੇਰੀਫਿਕੇਸਨ ਵੀ ਹੋ ਚੁੱਕੀ ਹੈ।ਇਸ ਹਾਲਤ ਵਿੱਚ ਠੇਕਾ ਮੁਲਾਜ਼ਮਾਂ ਦੀ ਛਾਂਟੀ ਸਾਡੇ ਨਾਲ ਸਰਾਸਰ ਧੱਕਾ ਹੈ । ਜਿਸ ਨੂੰ ਠੇਕਾ ਮੁਲਾਜ਼ਮ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਭਰ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਕਿ ਉਹ ਸੰਘਰਸ਼ ਦੇ ਇਸ ਸੱਦੇ ਨੂੰ ਪੂਰੇ ਜੋਸ਼ ਖਰੋਸ਼ ਨਾਲ ਲਾਗੂ ਕਰਕੇ ਇਸ ਧੋਖੇ ਵਾਜ਼ ਸਰਕਾਰ ਨੂੰ ਸੁਣਾਈ ਕਰਨ ਕਿ ਠੇਕਾ ਕਾਮੇਂ ਭਵਿੱਖ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਰੋ ਜਾਂ ਮਰੋ ਦੀ ਨੀਤੀ ਲਾਗੂ ਕਰਨ ਲਈ ਮਜਬੂਰ ਹੋਣਗੇ।
Share the post "ਠੇਕਾ ਰੋਜ਼ਗਾਰ ਖੋਹਣ ਵਿਰੁੱਧ 30 ਨੂੰ ਡੀ ਸੀ ਦਫ਼ਤਰਾਂ ਅੱਗੇ ਰੈਲੀਆਂ ਅਤੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੀਆਂ ਅਰਥੀਆਂ ਸਾੜਨਗੇ ਠੇਕਾ ਮੁਲਾਜ਼ਮ"