ਮਾਤਾ ਹੀਰਾ ਬੇਨ ਮੋਦੀ ਜੀ ਸਨ ਤਿਆਗ ਦੀ ਦੇਵੀ ਅਤੇ ਮਹਾਨ ਤਪੱਸਵੀ: ਸਰੂਪ ਸਿੰਗਲਾ
ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਹੇਠ ਮਰਹੂਮ ਮਾਤਾ ਹੀਰਾ ਬੇਨ ਮੋਦੀ ਜੀ ਨੂੰ ਸ਼ਰਧਾਂਜਲੀ ਭੇਟ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਸ਼ਹਿਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਮੀਟਿੰਗ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਮਾਤਾ ਸ੍ਰੀਮਤੀ ਹੀਰਾਬੇਨ ਮੋਦੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਮਾਤਾ ਜੀ ਨੂੰ ਸਾਹ ਦੀ ਤਕਲੀਫ਼ ਕਾਰਨ ਪਿਛਲੇ ਦਿਨੀਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ 100 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸਵਰਗੀ ਮਾਤਾ ਸ਼੍ਰੀਮਤੀ ਹੀਰਾ ਬਾ ਮੋਦੀ ਜੀ ਦੇ ਅਕਾਲ ਚਲਾਣੇ ’ਤੇ ਭਾਜਪਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਪੰਜਾਬ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਅਸ਼ੋਕ ਬਾਲਿਆਂਵਾਲੀ, ਵਰਿੰਦਰ ਸ਼ਰਮਾ, ਨੀਰਜ ਜੌੜਾ, ਰਾਜੇਸ਼ ਨੋਨੀ, ਉਮੇਸ਼ ਸ਼ਰਮਾ, ਆਸ਼ੂਤੋਸ਼ ਤਿਵਾੜੀ, ਮੈਡਮ ਪਰਮਿੰਦਰ ਕੌਰ, ਰਵੀ ਮੌਰੀਆ, ਮਨੀਸ਼ ਗੋਇਲ ਤੋਂ ਇਲਾਵਾ 50 ਵਾਰਡਾਂ ਵਿਚ ਕੌਂਸਲਰਾਂ ਦੀ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਤੋਂ ਇਲਾਵਾ ਭਾਜਪਾ ਦੇ ਹੋਰ ਆਗੂ ਹਾਜ਼ਰ ਸਨ। ਇਸ ਦੌਰਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸਵਰਗੀ ਮਾਤਾ ਹੀਰਾ ਬਾ ਜੀ ਦੇ ਅਕਾਲ ਚਲਾਣੇ ਨਾਲ ਦੇਸ਼ ਨੇ ਤਿਆਗ ਦੀ ਦੇਵੀ ਨੂੰ ਗੁਆ ਦਿੱਤਾ ਹੈ ਅਤੇ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸਵਰਗੀ ਮਾਤਾ ਹੀਰਾ ਬਾ ਮੋਦੀ ਤਿਆਗ ਦੀ ਦੇਵੀ ਹੋਣ ਦੇ ਨਾਲ-ਨਾਲ ਇੱਕ ਮਹਾਨ ਤਪੱਸਵੀ ਵੀ ਸਨ ਅਤੇ ਮਾਤਾ ਹੀਰਾਬੇਨ ਮੋਦੀ ਦੇ ਤਿਆਗ ਅਤੇ ਤਪੱਸਿਆ ਸਦਕਾ ਹੀ ਭਾਰਤ ਨੂੰ ਸ਼੍ਰੀ ਨਰੇਂਦਰ ਮੋਦੀ ਵਰਗਾ ਸਫਲ ਪ੍ਰਧਾਨ ਮੰਤਰੀ ਮਿਲਿਆ ਹੈ। ਇਸ ਦੌਰਾਨ ਭਾਜਪਾ ਵੱਲੋਂ 2 ਮਿੰਟ ਦਾ ਮੌਨ ਧਾਰਨ ਕਰਕੇ ਮਾਤਾ ਹੀਰਾਬੇਨ ਮੋਦੀ ਜੀ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ।
Share the post "ਬਠਿੰਡਾ ਦੇ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਮਾਤਾ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ"