ਸੁਖਜਿੰਦਰ ਮਾਨ
ਬਠਿੰਡਾ, 3 ਜਨਵਰੀ : ਕੋਟਲਾ ਬ੍ਰਾਂਚ ਨਹਿਰ ਵਿਚੋਂ ਰਿਫਾਇਨਰੀ ਰਾਮਾ ਨੂੰ ਹੋਰ ਪਾਣੀ ਦੇਣ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਐਸਐਸਪੀ ਜੇ.ਇਲਨਚੇਲੀਅਨ ਅਤੇ ਨਹਿਰੀ ਵਿਭਾਗ ਮੰਡਲ ਜਵਾਹਰ ਕਾ ਦੇ ਐਕਸੀਅਨ ਵੀ ਸ਼ਾਮਲ ਸਨ। ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਇਸ ਨਹਿਰ ਵਿਚੋਂ ਪਾਣੀ ਪੂਰਾ ਨਹੀਂ ਮਿਲ ਰਿਹਾ। ਇੱਥੋਂ ਤੱਕ ਕੇ ਵਾਟਰ ਵਰਕਸ ਦਾ ਪੀਣ ਵਾਲਾ ਪਾਣੀ ਵੀ ਪੂਰਾ ਨਹੀ ਪਹੁੰਚ ਰਿਹਾ। ਮਜਬੂਰਨ ਇਸ ਖੇਤਰ ਦੇ ਲੋਕ ਧਰਤੀ ਹੇਠਲਾ ਪਾਣੀ ਪੀ ਰਹੇ ਹਨ, ਜਿਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ। ਇਸੇ ਤਰ੍ਹਾਂ ਟੇਲਾਂ ’ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਕਈ ਸਾਲਾਂ ਤੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਅੱਗੇ ਟੇਲਾਂ ਉਪਰ ਪਾਣੀ ਪੂਰਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਹਾਲੇ ਤੱਕ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਕਿ ਪ੍ਰਸ਼ਾਸਨ ਇਸ ਫੈਕਟਰੀ ਨੂੰ ਪਾਣੀ ਦੇਣ ਲਈ ਪੱਬਾਂ ਭਾਰ ਹੈ। ਕਿਸਾਨ ਆਗੂਆਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਿਫਾਇਨਰੀ ਨੂੰ ਪਾਣੀ ਦੇ ਨਾਲ ਕਿਸਾਨਾਂ ਨੂੰ ਖੇਤੀ ਲਈ ਪਾਣੀ ਹੋਰ ਵੀ ਘੱਟ ਜਾਵੇਗਾ ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦਾ ਪਾਣੀ ਪੂਰਾ ਹੋਣ ਦੀ ਤਸੱਲੀ ਨਹੀਂ ਹੁੰਦੀ ਓਨਾ ਚਿਰ ਰਿਫਾਇਨਰੀ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਹਾਲਤ ਵਿੱਚ ਵੀ ਰਿਫਾਇਨਰੀ ਨੂੰ ਪਾਣੀ ਦੇਣ ਲਈ ਨਵਾਂ ਮੋਘਾ ਨਹੀਂ ਲੱਗਣ ਦਿੱਤਾ ਜਾਵੇਗਾ। ਅੱਜ ਦੇ ਵਫਦ ਵਿੱਚ ਜਸਵੀਰ ਸਿੰਘ ਬੁਰਜ ਸੇਮਾ, ਕੁਲਵੰਤ ਰਾਏ ਸ਼ਰਮਾ ਰਾਇਕੇ ਕਲਾਂ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਕਿਸਾਨ ਸ਼ਾਮਲ ਸਨ।
Share the post "ਰਿਫ਼ਾਈਨਰੀ ਨੂੰ ਪਾਣੀ ਦੇਣ ਦੇ ਵਿਰੋਧ ’ਚ ਕਿਸਾਨਾਂ ਨੇ ਕੀਤੀ ਡੀਸੀ ਨਾਲ ਮੀਟਿੰਗ"